#AMERICA

ਅਮਰੀਕਾ ਨੇ ਇਰਾਕੀ ਵਪਾਰਕ ਏਅਰਾਲਾਈਨ ਤੋਂ ਹਟਾਈ ਪਾਬੰਦੀ

ਵਾਸ਼ਿੰਗਟਨ, 6 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਵਿੱਤ ਵਿਭਾਗ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਇਰਾਕੀ ਵਪਾਰਕ ਏਅਰਲਾਈਨ -‘ਫਲਾਈ ਬਗਦਾਦ’ ਅਤੇ ਉਸ ਦੇ ਦੋ ਜਹਾਜ਼ਾਂ ਨੂੰ ਆਪਣੀ ਪਾਬੰਦੀਆਂ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਹੈ। ਇਹ ਏਅਰਲਾਈਨ ਪਹਿਲਾਂ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਨਾਲ ਸਬੰਧਾਂ ਦੇ ਦੋਸ਼ਾਂ ਹੇਠ ਪਾਬੰਦੀਸ਼ੁਦਾ ਸੀ।
ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਦੇ ਨਿਯੰਤਰਣ ਦਫਤਰ ਦੇ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਫਲਾਈ ਬਗਦਾਦ ਏਅਰਲਾਈਨਜ਼, ਜਿਸਨੂੰ ਇਰਾਕ ਐਕਸਪ੍ਰੈੱਸ ਵੀ ਕਿਹਾ ਜਾਂਦਾ ਹੈ, ਅਤੇ ਇਸਦੇ ਦੋ ਬੋਇੰਗ 737 ਜਹਾਜ਼ਾਂ ਨੂੰ ਵਿਸ਼ੇਸ਼ ਤੌਰ ‘ਤੇ ਮਨੋਨੀਤ ਨਾਗਰਿਕਾਂ (ਐੱਸ.ਡੀ.ਐੱਨ.) ਸੂਚੀ ਵਿਚੋਂ ਹਟਾ ਦਿੱਤਾ ਗਿਆ ਹੈ। ‘ਫਲਾਈ ਬਗਦਾਦ’ਅਤੇ ਇਸ ਦੇ ਦੋ ਬੋਇੰਗ 737 ਜਹਾਜ਼ਾਂ ‘ਤੇ ਜਨਵਰੀ 2024 ਵਿਚ ਪਾਬੰਦੀਆਂ ਲਗਾਈਆਂ ਗਈਆਂ ਸਨ। ਉਦੋਂ ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਇਹ ਏਅਰਲਾਈਨ ਇਰਾਕ, ਸੀਰੀਆ ਅਤੇ ਲੇਬਨਾਨ ਵਿਚ ਕੰਮ ਕਰ ਰਹੀਆਂ ਆਈ.ਆਰ.ਜੀ.ਸੀ. ਦੀਆਂ ਕੁਦਸ ਫੋਰਸਾਂ ਅਤੇ ਉਨ੍ਹਾਂ ਦੀਆਂ ਸਹਾਇਕ ਮਿਲੀਸ਼ੀਆ ਨੂੰ ਸਹਾਇਤਾ ਪ੍ਰਦਾਨ ਕਰ ਰਹੀ ਸੀ।
ਵਿਭਾਗ ਦੇ ਇੱਕ ਅਧਿਕਾਰੀ ਅਨੁਸਾਰ ਅੰਦਰੂਨੀ ਪੁਨਰ-ਵਿਚਾਰ ਪ੍ਰਕਿਰਿਆ ਤੋਂ ਬਾਅਦ ਹੁਣ ਇਹ ਬਦਲਾਅ ਕੀਤਾ ਗਿਆ ਹੈ। ਹਾਲਾਂਕਿ ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਇਸ ਦਾ ਮਤਲਬ ਈਰਾਨ ਜਾਂ ਅੱਤਵਾਦੀ ਸੰਗਠਨਾਂ ਪ੍ਰਤੀ ਉਸ ਦੀ ਨੀਤੀ ਵਿਚ ਕੋਈ ਬਦਲਾਅ ਨਹੀਂ ਹੈ। ਇਹ ਈਰਾਨ ਸਰਕਾਰ, ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ-ਕੁਦਸ ਫੋਰਸ, ਕਿਸੇ ਵੀ ਨਾਮਜ਼ਦ ਅੱਤਵਾਦੀ ਸੰਗਠਨ, ਜਾਂ ਇਨ੍ਹਾਂ ਵਿਚੋਂ ਕਿਸੇ ਦਾ ਸਮਰਥਨ ਕਰਨ ਵਾਲੇ ਜਾਂ ਉਨ੍ਹਾਂ ਵੱਲੋਂ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਪ੍ਰਤੀ ਅਮਰੀਕੀ ਨੀਤੀ ਵਿਚ ਕਿਸੇ ਬਦਲਾਅ ਦਾ ਸੰਕੇਤ ਨਹੀਂ ਹੈ।
ਇਸ ਦੇ ਨਾਲ ਹੀ ਮੱਧ ਪੂਰਬ ਵਿਚ ਵਪਾਰਕ ਰਾਹਤ ਦੀ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਨੇ ਦੱਸਿਆ ਕਿ ‘ਹੋਰਮੁਜ਼ ਸਟ੍ਰੇਟ’ ਨੂੰ ਮੁੜ ਖੋਲ੍ਹਣ ਲਈ ਈਰਾਨ ਨਾਲ ਅਗਲੇ ਕੁਝ ਦਿਨਾਂ ਵਿਚ ਸਮਝੌਤਾ ਹੋ ਸਕਦਾ ਹੈ। ਪਿਛਲੇ ਵੀਕੈਂਡ ਦੌਰਾਨ ਦੋਵਾਂ ਪਾਸਿਆਂ ਤੋਂ ਹਮਲਿਆਂ ਦੇ ਰੁਕਣ ਤੋਂ ਬਾਅਦ ਹੁਣ ਇਸ ਅਹਿਮ ਸਮੁੰਦਰੀ ਰਸਤੇ ਨੂੰ ਖੋਲ੍ਹਣ ਲਈ ਗੱਲਬਾਤ ਜਾਰੀ ਹੈ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਵੀ ਪੁਸ਼ਟੀ ਕੀਤੀ ਹੈ ਕਿ ਈਰਾਨ ਅਤੇ ਓਮਾਨ ਵਿਚਕਾਰ ਹੋਰਮੁਜ਼ ਰਾਹੀਂ ਇੱਕ ਸੁਰੱਖਿਅਤ ਵਪਾਰਕ ਸ਼ਿਪਿੰਗ ਰੂਟ ਸਥਾਪਤ ਕਰਨ ਲਈ ਗੱਲਬਾਤ ਵਿਚ ਤਰੱਕੀ ਹੋਈ ਹੈ। ਇਸ ਰਸਤੇ ਦੇ ਖੁੱਲ੍ਹਣ ਨਾਲ ਖੇਤਰ ਵਿਚ ਵਪਾਰਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ।