#AMERICA

ਅਮਰੀਕਾ ‘ਚ 2 ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ

-ਦਰੱਖਤ ਨਾਲ ਟਕਰਾਉਣ ਮਗਰੋਂ ਪੁਲ ਤੋਂ ਹੇਠਾਂ ਡਿੱਗੀ ਕਾਰ
ਨਿਊਯਾਰਕ, 13 ਮਈ (ਪੰਜਾਬ ਮੇਲ)- ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਇੱਕ ਕਾਰ ਦੇ ਦਰੱਖਤ ਨਾਲ ਟਕਰਾਉਣ ਮਗਰੋਂ ਪੁਲ ਤੋਂ ਹੇਠਾਂ ਡਿੱਗਣ ਕਾਰਨ ਉਸ ਵਿਚ ਸਵਾਰ ਭਾਰਤੀ ਮੂਲ ਦੇ 2 ਵਿਦਿਆਰਥੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਵਾਪਰੇ ਇਸ ਹਾਦਸੇ ਵਿਚ ਕਾਰ ਦੀ ਅਗਲੀ ਸੀਟ ‘ਤੇ ਬੈਠਾ ਇੱਕ ਹੋਰ ਵਿਅਕਤੀ ਵੀ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ। ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ, ”ਇਸ ਮੰਦਭਾਗੇ ਸੜਕ ਹਾਦਸੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਇਸ ਹਾਦਸੇ ਵਿਚ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿਚ ਪੜ੍ਹ ਰਹੇ ਭਾਰਤੀ ਮੂਲ ਦੇ ਵਿਦਿਆਰਥੀ ਮਾਨਵ ਪਟੇਲ (20) ਅਤੇ ਸੌਰਵ ਪ੍ਰਭਾਕਰ (23) ਦੀ ਜਾਨ ਚਲੀ ਗਈ।”
ਕੌਂਸਲੇਟ ਨੇ ਕਿਹਾ, ‘ਇਸ ਮੁਸ਼ਕਲ ਸਮੇਂ ਦੌਰਾਨ ਸਾਡੀ ਹਮਦਰਦੀ ਅਤੇ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ। ਕੌਂਸਲੇਟ ਮ੍ਰਿਤਕਾਂ ਦੇ ਪਰਿਵਾਰਾਂ ਦੇ ਸੰਪਰਕ ਵਿਚ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।’ ਮੀਡੀਆ ਰਿਪੋਰਟਾਂ ਅਨੁਸਾਰ, ਵਿਦਿਆਰਥੀਆਂ ਦੀ ਮੌਤ ਸ਼ਨੀਵਾਰ ਸਵੇਰੇ 7 ਵਜੇ ਦੇ ਕਰੀਬ ਬ੍ਰੈਕਨੌਕ ਟਾਊਨਸ਼ਿਪ ਦੇ ਪੈਨਸਿਲਵੇਨੀਆ ਟਰਨਪਾਈਕ ‘ਤੇ ਵਾਪਰੇ ਹਾਦਸੇ ਵਿਚ ਹੋਈ। ਲੈਂਕੈਸਟਰ ਕਾਉਂਟੀ ਕੋਰੋਨਰ ਦੇ ਦਫ਼ਤਰ ਅਤੇ ਪੈਨਸਿਲਵੇਨੀਆ ਸਟੇਟ ਪੁਲਿਸ ਦੇ ਅਨੁਸਾਰ, ਹਾਦਸੇ ਦੇ ਸਮੇਂ ਪ੍ਰਭਾਕਰ ਵਾਹਨ ਚਲਾ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਗੰਭੀਰ ਸੱਟਾਂ ਕਾਰਨ ਦੋਵਾਂ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।