ਨਿਊਯਾਰਕ, 10 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਇਕ ਭਾਰਤੀ ਮੂਲ ਦੇ ਚਾਰ ਲੋਕਾਂ ਦੇ ਗਰੁੱਪ ਵੱਲੋ ਅਮਰੀਕਾ ਦੇ ਟੈਕਸਾਸ ਰਾਜ ਵਿਚ ਮਨੁੱਖੀ ਤਸਕਰੀ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਪ੍ਰਿੰਸਟਨ ਸ਼ਹਿਰ ਦੇ ਵਿਚ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਇੱਕ ਔਰਤ ਸਮੇਤ ਭਾਰਤੀ ਮੂਲ ਦੇ ਚਾਰ ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਹੀ ਘਰ ਵਿਚ 15 ਔਰਤਾਂ ਦੇ ਮਿਲਣ ਤੋਂ ਬਾਅਦ ਚਾਰ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪ੍ਰਿੰਸਟਨ ਪੁਲਿਸ ਨੇ ਗ੍ਰਿਫਤਾਰੀਆਂ ਉਦੋਂ ਕੀਤੀਆਂ, ਜਦੋਂ ਇੱਕੋ ਘਰ ਵਿਚ ਰਹਿੰਦੀਆਂ ਲਗਭਗ 15 ਔਰਤਾਂ ਫਰਸ਼ ‘ਤੇ ਸੌਂ ਰਹੀਆਂ ਸਨ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸੰਭਾਵਿਤ ਮਨੁੱਖੀ ਤਸਕਰੀ ਰੈਕੇਟ ਬਾਰੇ ਮਾਰਚ ਵਿਚ ਪੈਸਟ ਕੰਟਰੋਲ ਵਿਭਾਗ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਕੋਲਿਨ ਕਾਉਂਟੀ ਵਿਚ ਗਿਨਸਬਰਗ ਲੇਨ ਉੱਤੇ ਉਸ ਘਰ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਨੇ 24 ਸਾਲਾ ਚੰਦਨ ਦਾਸੀਰੈੱਡੀ, 31 ਸਾਲਾ ਸੰਤੋਸ਼ ਕਟਕੁਰੀ, 31 ਸਾਲਾ ਦਵਾਰਕਾ ਗੁੰਡਾ ਅਤੇ 37 ਸਾਲਾ ਅਨਿਲ ਨਰ ਸਾਰੇ ਤੇਲਗੂ ਭਾਰਤੀਆ ਨੂੰ ‘ਜ਼ਬਰਦਸਤੀ ਮਜ਼ਦੂਰੀ’ ਸਕੀਮ ਚਲਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੈਸਟ ਕੰਟਰੋਲ ਵਿਭਾਗ ਨੂੰ ਮਾਰਚ ‘ਚ ਘਰ ਬੁਲਾਇਆ ਗਿਆ ਸੀ। ਪਰ ਜਦੋਂ ਇੰਸਪੈਕਟਰ ਅੰਦਰ ਗਿਆ, ਤਾਂ ਉਸ ਨੇ ਹਰ ਕਮਰੇ ਦੇ ਫਰਸ਼ ‘ਤੇ 15 ਦੇ ਕਰੀਬ ਔਰਤਾਂ ਸੁੱਤੀਆਂ ਹੋਈਆਂ ਦੇਖੀਆਂ। ਨਾਲੇ ਹੋਰ ਉੱਥੇ ਕਾਫੀ ਸੂਟਕੇਸ ਸਨ। ਪੁਲਿਸ ਨੇ ਦੱਸਿਆ ਕਿ ਜਿਸ ਘਰ ਵਿਚ ਮਨੁੱਖੀ ਤਸਕਰੀ ਹੋ ਰਹੀ ਸੀ, ਉਸ ਦੇ ਅੰਦਰ ਕਈ ਕੰਪਿਊਟਰ, ਇਲੈਕਟ੍ਰੋਨਿਕਸ ਅਤੇ ਕੰਬਲ ਸੀ। ਘਰ ਵਿਚ ਕੋਈ ਵੀ ਫਰਨੀਚਰ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਉਸ ਘਰੋਂ ਛੁਡਵਾਈਆਂ ਗਈਆਂ 15 ਔਰਤਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਕਟਕੁਰੀ ਅਤੇ ਉਸਦੀ ਪਤਨੀ ਦਵਾਰਕਾ ਗੁੰਡਾ ਦੀ ਮਾਲਕੀ ਵਾਲੀਆਂ ਕੁਝ ਫਰਜ਼ੀ ਕੰਪਨੀਆਂ ਵਿਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ। ਪੁਲਿਸ ਨੇ ਘਰ ਵਿਚੋਂ ਕਈ ਲੈਪਟਾਪ ਅਤੇ ਮੋਬਾਈਲ ਵੀ ਜ਼ਬਤ ਕੀਤੇ ਗਏ ਹਨ।