#INDIA

ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋਣ ‘ਤੇ ਕਾਂਗਰਸ ਨੇ ਚੁੱਕੇ ਸਵਾਲ

ਨਵੀਂ ਦਿੱਲੀ, 19 ਅਪ੍ਰੈਲ (ਪੰਜਾਬ ਮੇਲ)- ਕਾਂਗਰਸ ਨੇ ਸ਼ੁੱਕਰਵਾਰ ਨੂੰ ਅਮਰੀਕੀ ਇਮੀਗ੍ਰੇਸ਼ਨ ਵਕੀਲ ਐਸੋਸੀਏਸ਼ਨ ਦੇ ਇਸ ਦਾਅਵੇ ‘ਤੇ ਚਿੰਤਾ ਜ਼ਾਹਰ ਕੀਤੀ ਕਿ ਐਸੋਸੀਏਸ਼ਨ ਵੱਲੋਂ ਹੁਣ ਤੱਕ ਇਕੱਤਰ ਕੀਤੇ ਗਏ ਕੌਮਾਂਤਰੀ ਵਿਦਿਆਰਥੀਆਂ ਦੇ 327 ਵੀਜ਼ੇ ਰੱਦ ਹੋਣ ਦੇ ਮਾਮਲਿਆਂ ਵਿਚੋਂ ਅੱਧੇ ਭਾਵ 50 ਫ਼ੀਸਦੀ ਭਾਰਤੀ ਵਿਦਿਆਰਥੀਆਂ ਨਾਲ ਸਬੰਧਤ ਹਨ। ਵਿਰੋਧੀ ਪਾਰਟੀ ਨੇ ਸਵਾਲ ਕੀਤਾ ਹੈ ਕਿ ਕੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਇਸ ਮੁੱਦੇ ਨੂੰ ਆਪਣੇ ਅਮਰੀਕੀ ਹਮਰੁਤਬਾ ਕੋਲ ਉਠਾਉਣਗੇ।
ਕਾਂਗਰਸ ਦੇ ਜਨਰਲ ਸਕੱਤਰ ਤੇ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਵੀਰਵਾਰ ਨੂੰ ਅਮਰੀਕੀ ਇਮੀਗ੍ਰੇਸ਼ਨ ਵਕੀਲ ਐਸੋਸੀਏਸ਼ਨ ਵੱਲੋਂ ਜਾਰੀ ਇੱਕ ਪ੍ਰੈੱਸ ਬਿਆਨ ਨੂੰ ਸਾਂਝਾ ਕੀਤਾ ਹੈ ਅਤੇ ਕਿਹਾ ਕਿ ਇਹ ”ਭਾਰਤ ਵਿਚ ਸਾਡੇ ਲਈ ਚਿੰਤਾ ਦਾ ਕਾਰਨ ਹੈ”।
ਉਨ੍ਹਾਂ ਐਕਸ ਉਤੇ ਪਾਈ ਪੋਸਟ ਵਿਚ ਕਿਹਾ, ”ਸੰਗਠਨ ਵੱਲੋਂ ਹੁਣ ਤੱਕ ਇਕੱਠੇ ਕੀਤੇ ਗਏ ਕੌਮਾਂਤਰੀ ਵਿਦਿਆਰਥੀਆਂ ਦੇ 327 ਵੀਜ਼ੇ ਰੱਦ ਹੋਣ ਦੇ ਮਾਮਲਿਆਂ ਵਿਚੋਂ, 50% ਭਾਰਤੀਆਂ ਦੇ ਹਨ। ਵੀਜ਼ੇ ਰੱਦ ਕਰਨ ਦੇ ਕਾਰਨ ਬੇਤਰਤੀਬ ਅਤੇ ਅਸਪੱਸ਼ਟ ਹਨ। ਡਰ ਅਤੇ ਖਦਸ਼ਾ ਵਧ ਰਿਹਾ ਹੈ।” ਉਨ੍ਹਾਂ ਸਵਾਲ ਕੀਤਾ, ”ਕੀ ਵਿਦੇਸ਼ ਮੰਤਰੀ ਇਸ ਚਿੰਤਾ ਦਾ ਨੋਟਿਸ ਲੈਣਗੇ ਅਤੇ ਆਪਣੇ ਅਮਰੀਕੀ ਹਮਰੁਤਬਾ ਕੋਲ ਇਹ ਮਾਮਲਾ ਉਠਾਉਣਗੇ?” ਰਮੇਸ਼ ਨੇ ਆਪਣੀ ਟਵੀਨ ਵਿਚ ਜੈਸ਼ੰਕਰ ਨੂੰ ਟੈਗ ਵੀ ਕੀਤਾ।
ਏ.ਆਈ.ਐੱਲ.ਏ. ਨੇ ਵਕੀਲਾਂ, ਵਿਦਿਆਰਥੀਆਂ ਅਤੇ ਯੂਨੀਵਰਸਿਟੀ ਕਰਮਚਾਰੀਆਂ ਤੋਂ ਵੀਜ਼ਾ ਰੱਦ ਹੋਣ ਅਤੇ ਵਿਦਿਆਰਥੀ ਤੇ ਐਕਸਚੇਂਜ ਵਿਜ਼ਿਟਰ ਇਨਫਰਮੇਸ਼ਨ ਸਿਸਟਮ (ਸੇਵਿਸ) ਦੀ ਬਰਖਾਸਤਗੀ ਦੀਆਂ 327 ਰਿਪੋਰਟਾਂ ਇਕੱਠੀਆਂ ਕੀਤੀਆਂ। ਬਿਆਨ ਮੁਤਾਬਕ, ”ਇਨ੍ਹਾਂ ਰਿਪੋਰਟਾਂ ਅਨੁਸਾਰ ਇਨ੍ਹਾਂ ਵਿਚੋਂ 50 ਫ਼ੀਸਦੀ ਵਿਦਿਆਰਥੀ ਭਾਰਤ ਤੋਂ ਸਨ, ਉਸ ਤੋਂ ਬਾਅਦ 14 ਫ਼ੀਸਦੀ ਚੀਨ ਤੋਂ ਸਨ। ਇਸ ਡੇਟਾ ਵਿਚ ਦਰਸਾਏ ਗਏ ਹੋਰ ਮਹੱਤਵਪੂਰਨ ਦੇਸ਼ਾਂ ਵਿਚ ਦੱਖਣੀ ਕੋਰੀਆ, ਨੇਪਾਲ ਅਤੇ ਬੰਗਲਾਦੇਸ਼ ਸ਼ਾਮਲ ਹਨ।”