#AMERICA

ਅਮਰੀਕਾ ‘ਚ ਗੈਰ-ਕਾਨੂੰਨੀ ਪ੍ਰਵਾਸੀ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਦੇ ਦੋਸ਼ ਹੇਠ ਮਹਿਲਾ ਜੱਜ ਗ੍ਰਿਫ਼ਤਾਰ

ਵਾਸ਼ਿੰਗਟਨ, 28 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਇਮੀਗ੍ਰੇਸ਼ਨ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਅਤੇ ਨਿਆਂਪਾਲਿਕਾ ਵਿਚਕਾਰ ਚੱਲ ਰਿਹਾ ਟਕਰਾਅ ਫਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਅਮਰੀਕਾ ਵਿਚ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਵਿਸਕਾਨਸਿਨ ਰਾਜ ਦੇ ਮਿਲਵਾਕੀ ਵਿਚ ਇੱਕ ਮਹਿਲਾ ਜੱਜ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਇੱਕ ਗੈਰ-ਕਾਨੂੰਨੀ ਪ੍ਰਵਾਸੀ ਨੂੰ ਗ੍ਰਿਫ਼ਤਾਰੀ ਤੋਂ ਬਚਣ ਵਿਚ ਮਦਦ ਕਰਨ ਲਈ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਗ੍ਰਿਫ਼ਤਾਰੀ ਤੋਂ ਬਾਅਦ ਹੰਗਾਮਾ ਮਚਿਆ ਹੋਇਆ ਹੈ। ਕਿਉਂਕਿ ਜੱਜਾਂ ਦੀਆਂ ਗ੍ਰਿਫ਼ਤਾਰੀਆਂ ਬਹੁਤ ਘੱਟ ਹੁੰਦੀਆਂ ਹਨ, ਇਸ ਲਈ ਇਹ ਘਟਨਾ ਵਿਆਪਕ ਬਹਿਸ ਦਾ ਵਿਸ਼ਾ ਬਣ ਗਈ ਹੈ।
ਡੈਮੋਕ੍ਰੇਟਸ ਪਾਰਟੀ ਨੇ ਇਸ ਦੀ ਸਖ਼ਤ ਆਲੋਚਨਾ ਕੀਤੀ ਹੈ, ਇਸ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ‘ਤੇ ਹਮਲਾ ਦੱਸਿਆ ਹੈ। ਐੱਫ.ਬੀ.ਆਈ. ਨੇ ਮਿਲਵਾਕੀ ਕਾਉਂਟੀ ਸਰਕਟ ਦੀ ਮਹਿਲਾ ਜੱਜ ਹੰਨਾਹ ਡੂਗਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਤੇ ਉਸ ‘ਤੇ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਵਿਚ ਰੁਕਾਵਟ ਪਾਉਣ ਅਤੇ ਇੱਕ ਗੈਰ-ਕਾਨੂੰਨੀ ਪ੍ਰਵਾਸੀ ਨੂੰ ਗ੍ਰਿਫ਼ਤਾਰੀ ਤੋਂ ਬਚਣ ਵਿਚ ਮਦਦ ਕਰਨ ਦਾ ਦੋਸ਼ ਹੈ। ਐੱਫ.ਬੀ.ਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕਾਰਵਾਈ ਦਾ ਐਲਾਨ ਕੀਤਾ। ਇਸ ਘਟਨਾ ਨੇ ਟਰੰਪ ਪ੍ਰਸ਼ਾਸਨ ਅਤੇ ਨਿਆਂਪਾਲਿਕਾ ਵਿਚਕਾਰ ਤਣਾਅ ਵਧਾ ਦਿੱਤਾ ਹੈ। ਗੌਰਤਲਬ ਹੈ ਕਿ ਟਰੰਪ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਕਰੈਕਡਾਊਨ ਵਿਚ ਨਿਆਂਪਾਲਿਕਾ ਪ੍ਰਵਾਸੀਆਂ ਦੇ ਬਚਾਅ ਵਿਚ ਆ ਗਈ ਹੈ ਅਤੇ ਟਰੰਪ ਪ੍ਰਸ਼ਾਸਨ ਖ਼ਿਲਾਫ਼ ਇੱਕ ਤੋਂ ਬਾਅਦ ਇੱਕ ਫੈਸਲੇ ਜਾਰੀ ਕਰ ਰਹੀ ਹੈ।
18 ਅਪ੍ਰੈਲ ਨੂੰ ਜੱਜ ਡੂਗਨ ਨੇ ਇੱਕ ਮੈਕਸੀਕਨ ਨਾਗਰਿਕ ਐਡੁਆਰਡੋ ਫਲੋਰੈਂਸ ਰੁਇਜ਼ ਨੂੰ ਆਪਣੀ ਅਦਾਲਤ ਦੇ ਕਮਰੇ ਵਿਚ ਆਈ.ਸੀ.ਈ. ਏਜੰਟਾਂ ਦੁਆਰਾ ਫੜੇ ਜਾਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਫਲੋਰੈਂਸ ਰੂਇਜ਼ ਉਸ ਸਮੇਂ ਘਰੇਲੂ ਹਿੰਸਾ ਦੇ ਮਾਮਲੇ ਵਿਚ ਡੂਗਨ ਦੀ ਅਦਾਲਤ ਵਿਚ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਡੂਗਨ ਨੇ ਆਈ.ਸੀ.ਈ. ਏਜੰਟਾਂ ਨੂੰ ਅਦਾਲਤ ਦੇ ਕਮਰੇ ਦੇ ਬਾਹਰ ਉਡੀਕ ਕਰਨ ਲਈ ਕਿਹਾ ਅਤੇ ਮੁੱਖ ਜੱਜ ਨਾਲ ਗੱਲ ਕਰਨ ਦਾ ਇਸ਼ਾਰਾ ਕੀਤਾ। ਫਿਰ ਉਹ ਫਲੋਰੈਂਸ ਰੂਇਜ਼ ਅਤੇ ਉਸ ਦੇ ਵਕੀਲ ਨੂੰ ਜਿਊਰੀ ਦੇ ਦਰਵਾਜ਼ੇ ਰਾਹੀਂ ਅਦਾਲਤ ਦੇ ਕਮਰੇ ਤੋਂ ਬਾਹਰ ਲੈ ਗਏ। ਇਸ ਨਾਲ ਏਜੰਟਾਂ ਨੂੰ ਗ੍ਰਿਫ਼ਤਾਰੀ ਕਰਨ ਵਿਚ ਦੇਰੀ ਹੋਈ। ਜਦੋਂ ਉਸ ਨੂੰ ਪਤਾ ਲੱਗਾ ਕਿ ਆਈ.ਸੀ.ਈ. ਏਜੰਟ ਫਲੋਰੈਂਸ ਰੂਇਜ਼ ਨੂੰ ਗ੍ਰਿਫ਼ਤਾਰ ਕਰਨ ਲਈ ਅਦਾਲਤ ਦੇ ਕਮਰੇ ਤੋਂ ਬਾਹਰ ਗਏ ਸਨ ਅਤੇ ਉਨ੍ਹਾਂ ਦੀ ਮੌਜੂਦਗੀ ਨੂੰ ਅਣਉਚਿਤ ਅਤੇ ਅਣਚਾਹੇ ਕਿਹਾ।
ਡੂਗਨ ਫਲੋਰੈਂਸ ਨੂੰ ਜਿਊਰੀ ਦੇ ਦਰਵਾਜ਼ੇ ਰਾਹੀਂ ਬਾਹਰ ਲੈ ਗਈ, ਉਸਨੂੰ ਆਮ ਦਰਵਾਜ਼ੇ ਰਾਹੀਂ ਬਾਹਰ ਨਹੀਂ ਜਾਣ ਦਿੱਤਾ। ਹਾਲਾਂਕਿ ਆਈ.ਸੀ.ਈ. ਏਜੰਟਾਂ ਨੇ ਉਸਨੂੰ ਅਦਾਲਤ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ। ਦਸਤਾਵੇਜ਼ਾਂ ਅਨੁਸਾਰ ਫਲੋਰੈਂਸ ਰੁਇਜ਼ ਨੂੰ ਪਹਿਲਾਂ 2013 ਵਿਚ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਜੱਜ ਡੂਗਨ ‘ਤੇ ਦੋ ਦੋਸ਼ ਹਨ। ਇੱਕ ਕਿਸੇ ਵਿਅਕਤੀ ਨੂੰ ਛੁਪਾਉਣ ਅਤੇ ਫੜੇ ਜਾਣ ਤੋਂ ਬਚਾਉਣ ਦਾ ਦੋਸ਼ ਹੈ ਅਤੇ ਦੂਜਾ ਸੰਘੀ ਵਿਭਾਗ ਦੀ ਕਾਰਵਾਈ ਵਿਚ ਰੁਕਾਵਟ ਪਾਉਣ ਦਾ ਦੋਸ਼ ਹੈ। ਮਹਿਲਾ ਜੱਜ ਡੂਗਨ ਨੂੰ ਬੀਤੇ ਦਿਨੀਂ ਸਵੇਰੇ 8:30 ਵਜੇ ਮਿਲਵਾਕੀ ਕਾਉਂਟੀ ਕੋਰਟ ਹਾਊਸ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਦੁਪਹਿਰ ਬਾਅਦ ਸੰਘੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਦੇ ਵਕੀਲ ਨੇ ਕਿਹਾ ਕਿ ਜੱਜ ਡੂਗਨ ਦੀ ਗ੍ਰਿਫ਼ਤਾਰੀ ਦਾ ਉਹ ਵਿਰੋਧ ਕਰਦਾ ਹੈ ਅਤੇ ਮੰਨਦਾ ਹੈ ਕਿ ਗ੍ਰਿਫ਼ਤਾਰੀ ਜਨਤਕ ਸੁਰੱਖਿਆ ਦੇ ਹਿੱਤ ਵਿਚ ਨਹੀਂ ਹੈ। ਜੱਜ ਡੂਗਨ ਇਸ ਸਮੇਂ ਜ਼ਮਾਨਤ ‘ਤੇ ਬਾਹਰ ਹੈ ਅਤੇ ਉਸ ਦੀ ਅਗਲੀ ਸੁਣਵਾਈ ਆਉਣ ਵਾਲੀ 15 ਮਈ ਨੂੰ ਹੋਵੇਗੀ।