#AMERICA

ਅਮਰੀਕਾ ‘ਚ ਖਤਰੇ ਦੇ ਮੱਦੇਨਜ਼ਰ ਕਈ ਯਹੂਦੀ ਹਥਿਆਰ ਖਰੀਦਣ ਤੇ ਹਥਿਆਰ ਚਲਾਉਣ ਦੀ ਸਿਖਲਾਈ ਲੈਣ ਲੱਗੇ

ਸੈਕਰਾਮੈਂਟੋ, 8 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਗਾਜ਼ਾ ਪੱਟੀ ਵਿਚ ਇਜ਼ਰਾਈਲ ਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦੇ ਮੱਦੇਨਜ਼ਰ ਅਮਰੀਕਾ ਵਿਚ ਯਹੂਦੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ, ਜਿਸ ਕਾਰਨ ਯਹੂਦੀ ਆਪਣੀ ਜਾਨ ਨੂੰ ਖਤਰਾ ਮਹਿਸੂਸ ਕਰ ਰਹੇ ਹਨ। ਐਂਟੀ ਡੈਫਾਮੇਸ਼ਨ ਲੀਗ ਅਨੁਸਾਰ ਇਜ਼ਰਾਈਲ ਤੇ ਫਲਸਤੀਨੀ ਅੱਤਵਾਦੀ ਗਰੁੱਪ ਹਮਾਸ ਵਿਚਾਲੇ ਜੰਗ ਦੇ ਪਹਿਲੇ 3 ਹਫਤਿਆਂ ਦੌਰਾਨ ਸਮੁੱਚੇ ਅਮਰੀਕਾ ‘ਚ ਯਹੂਦੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਸਮੇਤ ਹਮਲਿਆਂ ਦੀਆਂ 312 ਘਟਨਾਵਾਂ ਵਾਪਰੀਆਂ ਹਨ, ਜਿਸ ਕਾਰਨ ਯਹੂਦੀਆਂ ਵਿਚ ਅਸੁਰੱਖਿਆ ਦੀ ਭਾਵਨਾ ਵਧੀ ਹੈ। ਹਾਲ ਹੀ ਵਿਚ ਗੰਨ ਰੇਂਜ ਆਪਰੇਟਰਜ, ਫਾਇਰ ਆਰਮਜ ਇੰਸਟਰਕਟਰਜ਼ ਤੇ ਯਹੂਦੀਆਂ ਨਾਲ ਇਕ ਚੈਨਲ ਵੱਲੋਂ ਕੀਤੀ ਇੰਟਰਵਿਊ ਵਿਚ ਖੁਲਾਸਾ ਹੋਇਆ ਹੈ ਕਿ ਯਹੂਦੀਆਂ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਬਹੁਤ ਸਾਰੇ ਯਹੂਦੀ ਨੌਜਵਾਨ ਹਥਿਆਰ ਖਰੀਦਣ ਤੇ ਹਥਿਆਰ ਚਲਾਉਣ ਦੀ ਸਿਖਲਾਈ ਲੈਣ ‘ਚ ਦਿਲਚਸਪੀ ਲੈਣ ਲੱਗੇ ਹਨ, ਤਾਂ ਜੋ ਉਹ ਆਪਣੇ ਪਰਿਵਾਰ ਤੇ ਭਾਈਚਾਰੇ ਦੀ ਰਾਖੀ ਕਰ ਸਕਣ।