ਸੈਕਰਾਮੈਂਟੋ, 4 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਜਾਰਜੀਆ ਰਾਜ ਵਿਚ ਐਟਲਾਂਟਾ ਵਿਖੇ ਇਸਰਾਈਲ ਕੌਂਸਲੇਟ ਦੇ ਬਾਹਰਵਾਰ ਇਕ ਵਿਅਕਤੀ ਵੱਲੋਂ ਆਪਣੇ ਆਪ ਨੂੰ ਅੱਗ ਲਾ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਵਿਚ ਉਹ ਗੰਭੀਰ ਜ਼ਖਮੀ ਹੋ ਗਿਆ। ਐਟਲਾਂਟਾ ਪੁਲਿਸ ਮੁਖੀ ਡਰੇਨ ਸ਼ੀਰਬੌਮ ਨੇ ਇਸ ਘਟਨਾ ਨੂੰ ਸਿਰੇ ਦਾ ਰਾਜਸੀ ਕਦਮ ਕਰਾਰ ਦਿੱਤਾ ਹੈ। ਪੁਲਿਸ ਮੁਖੀ ਅਨੁਸਾਰ ਇਹ ਘਟਨਾ ਕੌਂਸਲੇਟ ਜਨਰਲ ਆਫ ਇਸਰਾਈਲ ਦਫਤਰ ਦੇ ਬਾਹਰਵਾਰ ਦੁਪਹਿਰ ਵੇਲੇ ਵਾਪਰੀ। ਉਨ੍ਹਾਂ ਕਿਹਾ ਜਾਂਚਕਾਰਾਂ ਦਾ ਵਿਸ਼ਵਾਸ ਹੈ ਕਿ ਇਸ ਘਟਨਾ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਹੈ। ਕੌਂਸਲੇਟ ਵਿਖੇ ਤਾਇਨਾਤ ਸੁਰੱਖਿਆ ਗਾਰਡਾਂ ਨੇ ਪ੍ਰਦਰਸ਼ਨਕਾਰੀ ਨੂੰ ਅੱਗ ਲਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਇਕ ਸੁਰੱਖਿਆ ਗਾਰਡ ਵੀ ਜ਼ਖਮੀ ਹੋ ਗਿਆ। ਮੌਕੇ ਤੋਂ ਇਕ ਫਸਲਤੀਨੀ ਝੰਡਾ ਵੀ ਬਰਾਮਦ ਹੋਇਆ ਹੈ।