#AMERICA

ਅਮਰੀਕਾ-ਇਰਾਨ ਵਿਚਾਲੇ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਲਈ 14 ਨੁਕਾਤੀ ਸ਼ਾਂਤੀ ਸਮਝੌਤੇ ‘ਤੇ ਦਸਤਖਤ

-ਇਕ ਦਿਨ ਪਹਿਲਾਂ ਹੀ ਹੋ ਗਿਆ ਸਮਝੌਤਾ
ਵਾਸ਼ਿੰਗਟਨ, 18 ਜੂਨ (ਪੰਜਾਬ ਮੇਲ)- ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਲਈ 14 ਨੁਕਾਤੀ ਸ਼ਾਂਤੀ ਸਮਝੌਤੇ ‘ਤੇ ਦਸਤਖਤ ਹੋ ਗਏ ਸਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਾਂਸ ਦੇ ਵਰਸੇਲਜ਼ ਪੈਲੇਸ ਵਿਚ ਇਸ ਸਮਝੌਤੇ ਨਾਲ ਸਬੰਧਿਤ ਸਮਝੌਤਾ ਪੱਤਰ (ਐੱਮ.ਓ.ਯੂ.) ‘ਤੇ ਦਸਤਖਤ ਕੀਤੇ। ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀ ਮੌਜੂਦ ਸਨ।
ਸਮਝੌਤੇ ‘ਤੇ ਦਸਤਖਤ ਕਰਨ ਤੋਂ ਬਾਅਦ ਟਰੰਪ ਵਰਸੇਲਜ਼ ਪੈਲੇਸ ਤੋਂ ਬਾਹਰ ਆਏ। ਇਸ ਦੌਰਾਨ ਇੱਕ ਪੱਤਰਕਾਰ ਨੇ ਉਨ੍ਹਾਂ ਤੋਂ ਸ਼ਾਂਤੀ ਸਮਝੌਤੇ ਬਾਰੇ ਸਵਾਲ ਪੁੱਛਿਆ, ਤਾਂ ਟਰੰਪ ਨੇ ਉੱਚੀ ਆਵਾਜ਼ ਵਿਚ ਕਿਹਾ, ”ਡੀਲ ਸਾਈਨ ਹੋ ਗਈ ਹੈ।”
ਟਰੰਪ ਤੋਂ ਬਾਅਦ ਇਰਾਨੀ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਨ ਨੇ ਵੀ ਇਰਾਨ ਤੋਂ ਹੀ ਇਲੈਕਟ੍ਰਾਨਿਕ ਤਰੀਕੇ ਨਾਲ ਇਸ ਸਮਝੌਤੇ ‘ਤੇ ਦਸਤਖਤ ਕੀਤੇ। ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ 5:30 ਵਜੇ ਇਸ ਸਮਝੌਤੇ ਦਾ ਅਧਿਕਾਰਕ ਐਲਾਨ ਕੀਤਾ ਗਿਆ। ਐਲਾਨ ਦੇ ਨਾਲ ਹੀ ਇਹ ਸਮਝੌਤਾ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਹੋ ਗਿਆ।
ਇਸ ਸਮਝੌਤੇ ਤਹਿਤ ਇਰਾਨ ਅਤੇ ਲਿਬਨਾਨ ਵਿਚ ਚੱਲ ਰਹੀਆਂ ਫੌਜੀ ਕਾਰਵਾਈਆਂ ਨੂੰ ਖਤਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੁਨੀਆਂ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਰੂਟਾਂ ਵਿਚੋਂ ਇੱਕ ਹਰਮੁਜ਼ ਜਲ ਮਾਰਗ ਨੂੰ ਮੁੜ ਖੋਲ੍ਹਿਆ ਜਾਵੇਗਾ। ਇਸ ਦੇ ਨਾਲ ਹੀ ਅਮਰੀਕਾ ਵੱਲੋਂ ਲਗਾਈ ਗਈ ਸਮੁੰਦਰੀ ਨਾਕਾਬੰਦੀ ਵੀ ਖਤਮ ਕਰ ਦਿੱਤੀ ਜਾਵੇਗੀ।
ਇਹ ਸਮਝੌਤਾ ਅਸਲ ਵਿਚ 19 ਜੂਨ ਨੂੰ ਸਵਿਟਜ਼ਰਲੈਂਡ ਦੇ ਜਨੇਵਾ ਨੇੜੇ ਸਥਿਤ ਲੂਸਰਨ ਸ਼ਹਿਰ ਵਿਚ ਸਾਈਨ ਕੀਤਾ ਜਾਣਾ ਸੀ। ਹਾਲਾਂਕਿ ਦੋਵੇਂ ਧਿਰਾਂ ਵਿਚਾਲੇ ਸਹਿਮਤੀ ਬਣ ਜਾਣ ਕਾਰਨ ਨਿਰਧਾਰਿਤ ਕਾਰਜਕ੍ਰਮ ਤੋਂ ਇੱਕ ਦਿਨ ਪਹਿਲਾਂ ਹੀ ਇਸ ‘ਤੇ ਦਸਤਖਤ ਕਰ ਦਿੱਤੇ ਗਏ।
ਇਸ ਕਦਮ ਨੂੰ ਖੇਤਰ ਵਿਚ ਤਣਾਅ ਘਟਾਉਣ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਵੱਲ ਇੱਕ ਮਹੱਤਵਪੂਰਨ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਖ਼ਿਲਾਫ਼ ਜੰਗ ਸ਼ੁਰੂ ਤਾਂ ਕਰ ਦਿੱਤੀ ਪਰ ਖਤਮ ਬਹੁਤ ਔਖੀ ਹੋਈ। ਇਸ ਜੰਗ ਨੂੰ ਸ਼ੁਰੂ ਕਰਨ ਵੇਲੇ ਟਰੰਪ ਨੇ ਚਾਰ ਵੱਡੇ ਟੀਚੇ ਰੱਖੇ ਸਨ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦੇ ਹੋਏ ਜੰਗ ਅਤੇ ਫੌਜੀ ਦਬਾਅ ਦੀ ਨੀਤੀ ਨੂੰ ਚਾਰ ਮੁੱਖ ਟੀਚਿਆਂ ਨਾਲ ਜੋੜਿਆ ਸੀ। ਪਹਿਲਾ ਟੀਚਾ ਇਰਾਨ ਵਿਚ ਮੌਜੂਦਾ ਇਸਲਾਮਿਕ ਸੱਤਾ ਪ੍ਰਣਾਲੀ ਨੂੰ ਕਮਜ਼ੋਰ ਕਰਨਾ ਜਾਂ ਬਦਲਣਾ ਸੀ। ਦੂਜਾ ਟੀਚਾ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸੀ। ਤੀਜਾ ਟੀਚਾ ਇਰਾਨ ਸਮਰਥਿਤ ਪ੍ਰਾਕਸੀ ਸੰਗਠਨਾਂ ਦੀ ਤਾਕਤ ਨੂੰ ਖਤਮ ਕਰਨਾ ਸੀ, ਜਦਕਿ ਚੌਥਾ ਟੀਚਾ ਇਰਾਨ ਦੇ ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮ ਨੂੰ ਤਬਾਹ ਕਰਨਾ ਸੀ।
ਇਸ ਟਕਰਾਅ ਦੌਰਾਨ ਦੋਵਾਂ ਪੱਖਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਅੰਕੜਿਆਂ ਮੁਤਾਬਕ ਇਸ ਜੰਗ ਵਿਚ 7 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ, ਜਦਕਿ 40 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ। ਇਸ ਤੋਂ ਇਲਾਵਾ ਅਮਰੀਕਾ ਨੂੰ ਜੰਗੀ ਕਾਰਵਾਈਆਂ, ਹਥਿਆਰਾਂ, ਫੌਜੀ ਤਾਇਨਾਤੀ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਲਗਭਗ 10 ਲੱਖ ਕਰੋੜ ਰੁਪਏ ਖਰਚ ਕਰਨ ਪਏ।