#AMERICA

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਗ੍ਰੀਨ ਕਾਰਡ ਲਈ ਭਾਰਤੀ ਬਿਨੈਕਾਰਾਂ ਨੂੰ ਪਹਿਲ ਦੇਣ ਦੀ ਅਪੀਲ

ਵਾਸ਼ਿੰਗਟਨ, 2 ਅਗਸਤ (ਪੰਜਾਬ ਮੇਲ)- ਅਮਰੀਕੀ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਜੋਅ ਬਾਇਡਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਗ੍ਰੀਨ ਕਾਰਡ ਲਈ ਭਾਰਤੀ ਬਿਨੈਕਾਰਾਂ ਨੂੰ ਪਹਿਲ ਦੇਣ ਲਈ ਕਦਮ ਚੁੱਕੇ, ਤਾਂ ਜੋ ਇਨ੍ਹਾਂ ਬਿਨੈਕਾਰਾਂ ਲਈ ਉਡੀਕ ਸਮਾਂ ਘਟਾਇਆ ਜਾ ਸਕੇ। ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਅਤੇ ਲੈਰੀ ਬੁਕਸ਼ਨ ਦੀ ਅਗਵਾਈ ਵਾਲੇ 56 ਸੰਸਦ ਮੈਂਬਰਾਂ ਦੇ ਇੱਕ ਦੋ-ਪੱਖੀ ਸਮੂਹ ਨੇ ਇਸ ਸਬੰਧ ਵਿਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਇੱਕ ਪੱਤਰ ਭੇਜਿਆ ਹੈ। ਪੱਤਰ ਵਿਚ ਅਮਰੀਕੀ ਸੰਸਦ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਬਿਊਰੋ ਆਫ ਕੌਂਸਲਰ ਅਫੇਅਰਜ਼ ਦੁਆਰਾ ਪ੍ਰਕਾਸ਼ਿਤ ਰੁਜ਼ਗਾਰ-ਆਧਾਰਿਤ ਵੀਜ਼ਾ ਬੁਲੇਟਿਨ ਵਿਚ ਰੁਜ਼ਗਾਰ-ਆਧਾਰਿਤ ਵੀਜ਼ਾ ਅਰਜ਼ੀਆਂ ਫਾਈਲ ਕਰਨ ਦੀਆਂ ਸਾਰੀਆਂ ਤਾਰੀਖਾਂ ਨੂੰ ”ਮੌਜੂਦ” ਵਜੋਂ ਚਿੰਨ੍ਹਿਤ ਕਰਨ ਦੀ ਵੀ ਅਪੀਲ ਕੀਤੀ।
ਗ੍ਰੀਨ ਕਾਰਡ ਨੂੰ ਅਧਿਕਾਰਤ ਤੌਰ ‘ਤੇ ਅਮਰੀਕਾ ‘ਚ ਸਥਾਈ ਨਿਵਾਸ ਦੇ ਅਧਿਕਾਰ ਵਜੋਂ ਮਾਨਤਾ ਪ੍ਰਾਪਤ ਹੈ। ਫਿਲਹਾਲ ਗ੍ਰੀਨ ਕਾਰਡਾਂ ਦੀ ਵੰਡ ਨੂੰ ਲੈ ਕੇ ਹਰੇਕ ਦੇਸ਼ ਲਈ 7 ਫੀਸਦੀ ਦੀ ਸੀਮਾ ਤੈਅ ਕੀਤੀ ਗਈ ਹੈ। ਇਸ ਨਾਲ ਭਾਰਤ ਵਰਗੇ ਦੇਸ਼ਾਂ ਲਈ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ, ਜਿੱਥੇ ਜ਼ਿਆਦਾ ਬਿਨੈਕਾਰ ਹਨ। ਹਾਲਾਤ ਇਹ ਬਣ ਗਏ ਹਨ ਕਿ ਬੈਕਲਾਗ ਲਈ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਹੈ।

Leave a comment