ਹਫਤਾਵਾਰੀ ਲੌਕਡਾਊਨ ਦੌਰਾਨ ਪੰਜਾਬ ‘ਚ ਪਸਰੀ ਸੁੰਨ

686
Share

ਚੰਡੀਗੜ੍ਹ, 14 ਜੁਨ (ਪੰਜਾਬ ਮੇਲ)- ਪੰਜਾਬ ਸਰਕਾਰ ਦੀ ਸਖ਼ਤੀ ਮਗਰੋਂ ਪੰਜਾਬ ‘ਚ ਅੱਜ ਹਫ਼ਤਾਵਾਰੀ ਲੌਕਡਾਊਨ ਦੌਰਾਨ ਕਰਫਿਊ ਵਰਗਾ ਮਾਹੌਲ ਰਿਹਾ। ਸ਼ਨਿੱਚਰਵਾਰ ਦੀ ਸ਼ਾਮ ਤੋਂ ਸੜਕਾਂ ‘ਤੇ ਸੁੰਨ ਪਸਰ ਗਈ ਅਤੇ ਪੁਲਿਸ ਨੇ ਅੰਤਰ ਜ਼ਿਲ੍ਹਾ ਨਾਕਿਆਂ ‘ਤੇ ਸਖ਼ਤੀ ਵਧਾ ਦਿੱਤੀ। ਅੱਜ ਪੰਜਾਬ ਭਰ ‘ਚ ਲੋਕਾਂ ਨੇ ਲੌਕਡਾਊਨ ਦੇ ਹੁਕਮਾਂ ‘ਤੇ ਫੁੱਲ ਚੜ੍ਹਾਏ। ਅੰਤਰ ਜ਼ਿਲ੍ਹਾ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ। ਸਿਰਫ ਮੈਡੀਕਲ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਖੁੱਲ੍ਹੇ ਰਹੇ। ਗੈਰਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਸ਼ਨਿੱਚਰਵਾਰ ਸ਼ਾਮ ਨੂੰ ਹੀ ਤਾਲੇ ਲੱਗ ਗਏ ਸਨ। ਪੰਜਾਬ-ਹਰਿਆਣਾ ਸੀਮਾ ਵਾਲੇ ਜ਼ਿਲ੍ਹਾ ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਤੇ ਮੁਹਾਲੀ ‘ਚ ਅੰਤਰਰਾਜੀ ਨਾਕਾਬੰਦੀ ਸਖ਼ਤ ਕਰ ਦਿੱਤੀ ਗਈ ਹੈ।
ਪੁਲਿਸ ਨੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ। ਈ-ਪਾਸ ਤੋਂ ਬਿਨਾਂ ਕਿਸੇ ਨੂੰ ਵੀ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬਾਹਰੀ ਸੂਬਿਆਂ ਤੋਂ ਆਉਣ ਵਾਲਿਆਂ ਦੀ ਚੈਕਿੰਗ ਵਧਾ ਦਿੱਤੀ ਗਈ ਹੈ। ਸੰਗਰੂਰ-ਦਿੱਲੀ ਮੁੱਖ ਸੜਕ ਮਾਰਗ ‘ਤੇ ਅੰਤਰਰਾਜੀ ਨਾਕੇ ‘ਤੇ ਪੁਲਿਸ ਦੀ ਸਖ਼ਤੀ ਵੇਖਣ ਨੂੰ ਮਿਲੀ। ਪਟਿਆਲਾ ਜ਼ਿਲ੍ਹੇ ‘ਚ ਅੱਜ ਨਿਵੇਕਲੇ ਉਦਮ ਵਜੋਂ ਜ਼ਿਲ੍ਹਾ ਪੁਲਿਸ ਨੇ ਚਾਰ ਮੁੱਖ ਪੁਲਿਸ ਨਾਕਿਆਂ ‘ਤੇ ਹਜ਼ਾਰਾਂ ਮਾਸਕ ਰੱਖੇ ਹੋਏ ਸਨ। ਜ਼ਿਲ੍ਹਾ ਪੁਲਿਸ ਕਪਤਾਨ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਅਤੇ ਨਾਲ ਹੀ ਪੁਲਿਸ ਤਰਫੋਂ ਮਾਸਕ ਵੀ ਨਾਕਿਆਂ ‘ਤੇ ਵੰਡੇ ਗਏ।


Share