ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਡਾ. ਮਨੋਹਰ ਸਿੰਘ ਵੱਲੋਂ ਬਸੀ ਪਠਾਣਾਂ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ

156
Share

ਬਸੀ ਪਠਾਣਾਂ, 16 ਜਨਵਰੀ (ਪੰਜਾਬ ਮੇਲ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਡਾ. ਮਨੋਹਰ ਸਿੰਘ ਨੇ ਅੱਜ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਣ ਦਾ ਐਲਾਨ ਕਰਦੇ ਹੋਏ ਸੰਯੁਕਤ ਸਮਾਜ ਮੋਰਚੇ ਦਾ ਟਿਕਟ ਹਾਸਲ ਕਰਨ ਦਾ ਇਸ਼ਾਰਾ ਵੀ ਕੀਤਾ। ਬਸੀ ਪਠਾਣਾਂ ਵਿਖੇ ਆਪਣੇ ਚੋਣ ਦਫ਼ਤਰ ਵਿਖੇ ਭਾਰੀ ਗਿਣਤੀ ਵਿੱਚ ਹਾਜ਼ਰ ਹਲਕੇ ਦੇ ਵੋਟਰਾਂ ਦੀ ਮੌਜੂਦਗੀ ’ਚ ਡਾ. ਮਨੋਹਰ ਸਿੰਘ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਬਸੀ ਪਠਾਣਾਂ ਹਲਕੇ ਨੂੰ ਕਮਜ਼ੋਰ ਵਿਧਾਇਕ ਨਹੀ ਸਗੋਂ ਤਾਕਤਵਰ, ਪੜ੍ਹਿਆ-ਲਿਖਿਆ ਅਤੇ ਲੋਕਾਂ ਦੀ ਅਵਾਜ਼ ਬਣਕੇ ਕੰਮ ਕਰਨ ਵਾਲੇ ਸੇਵਾਦਾਰ ਦੀ ਲੋੜ ਹੈ। ਉਨ੍ਹਾਂ ਮੌਜੂਦਾ ਵਿਧਾਇਕ ’ਤੇ ਸਿਆਸੀ ਹਮਲੇ ਕਰਦੇ ਹੋਏ ਕਿਹਾ ਕਿ ਪਿਛਲੇ ਪੰਜ ਸਾਲ ਵਿੱਚ ਬਸੀ ਪਠਾਣਾਂ ਹਲਕੇ ਵਿੱਚ ਸਿਰਫ ਐਲਾਨ ਹੋਏ ਹਨ ਵਿਕਾਸ ਨਹੀ ਹੋਇਆ। ਉਨ੍ਹਾਂ ਕਿਹਾ,‘ਹਲਕੇ ਦੇ ਲੋਕ ਮੇਰੇ ਨਾਲ ਹਨ ਪਰ ਜਿਨ੍ਹਾਂ ਕਾਂਗਰਸੀ ਆਗੂਆਂ ਨੇ ਮੇਰੀ ਟਿਕਟ ਕਟਵਾਈ ਹੈ, ਉਨ੍ਹਾਂ ਨੂੰ ਚਿਤਾਵਨੀ ਦਿੰਦਾ ਹਾਂ ਕਿ ਜੇ ਉਨ੍ਹਾਂ ਨੇ ਮੇਰੇ ਬਸੀ ਪਠਾਣਾਂ ਹਲਕੇ ’ਚ ਮੇਰੀ ਖ਼ਿਲਾਫ਼ਤ ਕੀਤੀ ਤਾਂ ਮੈਂ ਉਨ੍ਹਾਂ ਦੇ ਹਲਕਿਆ ਵਿੱਚ ਜਾ ਕੇ ਉਹਨਾਂ ਦਾ ਸਖਤ ਵਿਰੋਧ ਕਰਾਂਗਾ।’ ਸਾਬਕਾ ਡੀਪੀਆਰਓ ਜੈ ਕ੍ਰਿਸ਼ਨ ਕਸ਼ਿਅਪ, ਜਸਵੀਰ ਸਿੰਘ ਕੱਜਲ ਮਾਜਰਾ, ਲੱਕੀ ਧੀਮਾਨ, ਕਾਂਗਰਸ ਦੀ ਜ਼ਿਲ੍ਹਾ ਮੀਤ ਪ੍ਰਧਾਨ ਜਸਪਾਲ ਕੌਰ, ਜਗਤਾਰ ਸਿੰਘ ਮੈਰਾਂ ਅਤੇ ਬਲਵੀਰ ਸਿੰਘ ਦੀ ਮੌਜੂਦਗੀ ’ਚ ਡਾ. ਮਨੋਹਰ ਸਿੰਘ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਹ ਸੰਯੁਕਤ ਸਮਾਜ ਮੋਰਚੇ ਵੱਲੋਂ ਚੋਣ ਮੈਦਾਨ ਵਿੱਚ ਉਤਰਣ। ਅੱਜ ਦੀ ਮੀਟਿੰਗ ਵਿੱਚ ਬਸੀ ਪਠਾਣਾਂ ਸ਼ਹਿਰ ਦੇ ਕੁੱਝ ਟਕਸਾਲੀ ਕਾਂਗਰਸੀ ਪਰਿਵਾਰਾਂ ਦੇ ਲੋਕ ਵੀ ਮੌਜੂਦ ਸਨ।


Share