ਮਿਸ ਪੂਜਾ ਨੇ ਪੰਜਾਬੀ ਗਾਇਕੀ ‘ਚ ਸਭ ਤੋਂ ਵਧੇਰੇ ਗੀਤ ਗਾਉਣ ਦਾ ਰਿਕਾਰਡ ਕੀਤਾ ਕਾਇਮ

1419
ਸਭ ਤੋਂ ਵਧੇਰੇ ਪੰਜਾਬੀ ਗੀਤ ਗਾਉਂਣ, ਐਲਬਮ ਅਤੇ ਵੀਡੀਓ ਬਣਾਏ ਜਾਣ ਦੇ ਸਰਟੀਫਿਕੇਟ ਨਾਲ ਗਾਇਕਾ ਮਿਸ ਪੂਜਾ।
Share

ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ‘ਚ ਨਾਮ ਸ਼ੁਮਾਰ
ਜਲੰਧਰ, 6 ਜੁਲਾਈ (ਮੇਜਰ ਸਿੰਘ/ਪੰਜਾਬ ਮੇਲ)-ਪਿਛਲੇ ਕਰੀਬ ਡੇਢ ਦਹਾਕੇ ਤੋਂ ਪੰਜਾਬੀ ਗਾਇਕੀ ‘ਚ ਛਾਈ ਆ ਰਹੀ ਗਾਇਕਾ ਮਿਸ ਪੂਜਾ ਨੇ ਥੋੜ੍ਹੇ ਸਮੇਂ ਵਿਚ ਪੰਜਾਬੀ ਗਾਇਕੀ ‘ਚ ਝੰਡੇ ਗੱਡੇ ਹਨ। ਉਹ ਹੁਣ ਤੱਕ ਪੰਜਾਬੀ ਗਾਇਕੀ ਦੇ ਖੇਤਰ ‘ਚ ਸਭ ਤੋਂ ਵਧੇਰੇ ਗੀਤ ਗਾਉਣ, ਐਲਬਮਾਂ ਕੱਢਣ ਤੇ ਵੀਡੀਓ ਬਣਾਉਣ ਦਾ ਰਿਕਾਰਡ ਕਾਇਮ ਕੀਤਾ ਹੈ। ਇਸ ਨਾਮਵਰ ਪ੍ਰਾਪਤੀ ਬਦਲੇ ਉਨ੍ਹਾਂ ਦਾ ਨਾਂਅ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ‘ਚ ਸ਼ੁਮਾਰ ਕੀਤਾ ਗਿਆ ਹੈ। ਮਿਸ ਪੂਜਾ ਨੇ ਆਪਣੇ ਗਾਇਕੀ ਸਫ਼ਰ ਦੌਰਾਨ 4500 ਪੰਜਾਬੀ ਗੀਤ ਗਾਏ ਹਨ। 300 ਸੰਗੀਤਕ ਐਲਬਮ ਰਿਲੀਜ਼ ਕੀਤੀਆਂ ਹਨ ਅਤੇ 850 ਗੀਤਾਂ ਉੱਪਰ ਵੀਡੀਓਜ਼ ਬਣੀਆਂ ਹਨ। ਪੰਜਾਬੀ ਗਾਇਕੀ ਦੇ ਇਤਿਹਾਸ ਵਿਚ ਇਹ ਮਾਣ ਹਾਸਲ ਕਰਨ ਵਾਲੀ ਮਿਸ ਪੂਜਾ ਪਹਿਲੀ ਗਾਇਕਾ ਹੈ। ਮਿਸ ਪੂਜਾ ਨੂੰ ਸੰਸਥਾ ਵਲੋਂ ਇਹ ਮਾਣ ਪਿਛਲੇ ਦਿਨੀਂ ਇਕ ਸਾਦੇ ਸਮਾਗਮ ‘ਚ ਦਿੱਤਾ ਗਿਆ। ‘ਸੀਟੀ ਮਾਰ ਕੇ ਬੁਲਾਉਣੋਂ ਹਟ ਜਾ’, ‘ਸੋਹਣਿਆ’ ਤੇ ‘ਮਿਰਜ਼ਾ’ ਆਦਿ ਗਾਏ ਗਾਣੇ ਲੋਕਾਂ ਦੀ ਜ਼ੁਬਾਨ ਉੱਪਰ ਚੜ੍ਹੇ ਹੋਏ ਹਨ। ਅੱਜਕੱਲ੍ਹ ਰਿਲੀਜ਼ ਹੋਇਆ ਗੀਤ ‘ਡੀਜੇ ਵੱਜਦਾ’ ਖੂਬ ਚਰਚਾ ‘ਚ ਹੈ। ਮਿਸ ਪੂਜਾ ਦਾ ਗਾਇਕੀ ਦਾ ਕੋਈ ਪਰਿਵਾਰਕ ਪਿਛੋਕੜ ਨਹੀਂ। ਇਹ ਪ੍ਰਾਪਤੀਆਂ ਉਨ੍ਹਾਂ ਆਪਣੇ ਬਲਬੂਤੇ ਉੱਪਰ ਹੀ ਕੀਤੀਆਂ ਹਨ ਪਰ ਵਿਆਹ ਤੋਂ ਬਾਅਦ ਉਨ੍ਹਾਂ ਦੇ ਸਹੁਰਾ ਬਣੇ ਸ਼ਾਇਰ ਤੇ ਲੇਖਕ ਹਰਬਖ਼ਸ਼ ਸਿੰਘ ਟਾਹਲੀ ਉਨ੍ਹਾਂ ਲਈ ਬੇਹੱਦ ਸਹਾਈ ਹੋਏ ਹਨ। ਉਨ੍ਹਾਂ ਦੇ ਪਤੀ ਰੋਮੀ ਟਾਹਲੀ ਵੀ ਅਦਾਕਾਰੀ ‘ਚ ਕੰਮ ਕਰਦੇ ਹਨ। ਮਿਸ ਪੂਜਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਸਨਮਾਨ ਮਿਲਣ ਨਾਲ ਬੜਾ ਉਤਸ਼ਾਹ ਮਿਲਿਆ ਹੈ ਤੇ ਉਹ ਪਹਿਲਾਂ ਵਾਂਗ ਹੀ ਸਾਫ਼-ਸੁਥਰੀ ਗਾਇਕੀ ਨੂੰ ਹੋਰ ਵਧੇਰੇ ਚੰਗੇ ਢੰਗ ਨਾਲ ਅੱਗੇ ਵਧਾਉਣ ਲਈ ਕੰਮ ਕਰਨਗੇ।


Share