ਮਾਲਵਾ ਖਿੱਤੇ ‘ਚ ਅਕਾਲੀ ਦਲ ਨੂੰ ਮਿਲ ਸਕਦੈ ਵੱਡਾ ਝੱਟਕਾ

745
Share

ਮੋਗਾ, 14 ਜੂਨ (ਪੰਜਾਬ ਮੇਲ)- ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿਆਸੀ ਤੌਰ ‘ਤੇ ਵੱਡੀ ਸੰਨ੍ਹ ਲਾ ਰਹੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਸਿਆਸੀ ਝਟਕਾ ਦੇਣ ਦੇ ਪੱਕੇ ਸੰਕੇਤ ਮਿਲੇ ਹਨ। ਭਰੋਸੇਯੋਗ ਸੂਤਰਾਂ ਦੀ ਇਤਲਾਹ ਮੁਤਾਬਕ ਵਿਦਿਆਰਥੀ ਜੀਵਨ ਅਕਾਲੀ ਦਲ ਦੀ ਮਜ਼ਬੂਤੀ ਲਈ ਝੰਡਾ ਬੁਲੰਦ ਕਰਨ ਵਾਲੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਵੱਡੇ ਕੱਦ ਦੇ ਅਕਾਲੀ ਨੇਤਾ ਨਿਧੜਕ ਸਿੰਘ ਬਰਾੜ ਵੱਲੋਂ ਵੀ ਸਾਥੀਆਂ ਸਮੇਤ ਢੀਂਡਸਾ ਦਾ ਸਾਥ ਦੇਣ ਦਾ ਪੱਕਾ ਮਨ ਬਣਾ ਲਿਆ ਹੈ, ਪਤਾ ਲੱਗਾ ਹੈ ਕਿ ਬਰਾੜ ਇਸ ਸਬੰਧੀ ਜਲਦੀ ਹੀ ਕੋਈ ਵੱਡਾ ਫੈਸਲਾ ਲੈ ਸਕਦੇ ਹਨ।
ਚੋਣ ਰਣਨੀਤੀਘਾੜੇ ਵੱਜੋਂ ਜਾਣ ਜਾਂਦੇ ਨਿਧੜਕ ਸਿੰਘ ਬਰਾੜ ਜੇਕਰ ਅਕਾਲੀ ਦਲ ਦਾ ਸਾਥ ਛੱਡਦੇ ਹਨ, ਤਾਂ ਉਨ੍ਹਾਂ ਦਾ ਅਕਾਲੀ ਦਲ ਨੂੰ ਵੱਡਾ ਝਟਕਾ ਲੱਗੇਗਾ, ਭਾਵੇਂ ਚੋਣਾਂ ਵਿਚ ਹਾਲੇ ਡੇਢ ਸਾਲ ਤੋਂ ਵੱਧ ਦਾ ਸਮਾਂ ਪਿਆ ਹੈ ਪਰ ਉਨ੍ਹਾਂ ਦੇ ਆਉਣ ਵਾਲੇ ਦਿਨਾਂ ਕਿਸੇ ਹਲਕੇ ਤੋਂ ਚੋਣ ਸਰਗਰਮੀਆਂ ਸ਼ੁਰੂ ਕਰਨ ਦੇ ਵੀ ਸੰਕੇਤ ਹਨ। ਇਸ ਮਾਮਲੇ ਸਬੰਧੀ ਸੰਪਰਕ ਕਰਨ ‘ਤੇ ਨਿਧੜਕ ਸਿੰਘ ਬਰਾੜ ਨੇ ਕੋਈ ਪੁਸ਼ਟੀ ਤਾਂ ਨਹੀਂ ਕੀਤੀ ਪਰ ਇੰਨਾ ਜ਼ਰੂਰ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਇਸ ਸਬੰਧੀ ਸਥਿਤੀ ਸਪੱਸ਼ਟ ਹੋ ਜਾਵੇਗੀ।


Share