ਭਾਰਤ ਸਰਕਾਰ ਵੱਲੋਂ ਲੌਕਡਾਊਨ ਤੱਕ ਸਾਰੇ ਵੀਜ਼ੇ ਮੁਅੱਤਲ

799
Share

-ਓ.ਸੀ.ਆਈ. ਕਾਰਡ ਧਾਰਕਾਂ ਦੀ ਯਾਤਰਾ ‘ਤੇ ਵੀ ਪਾਬੰਦੀ
-ਭਾਰਤ ‘ਚ ਫਸੇ ਵਿਦੇਸ਼ੀਆਂ ਦਾ ਵੀਜ਼ਾ ਮੁਫ਼ਤ ਦੇ ਆਧਾਰ ‘ਤੇ ਵਧਾਇਆ
ਨਵੀਂ ਦਿੱਲੀ, 6 ਮਈ (ਪੰਜਾਬ ਮੇਲ)-ਭਾਰਤ ਸਰਕਾਰ ਨੇ ਮੰਗਲਵਾਰ ਨੂੰ ਵਿਦੇਸ਼ੀ ਨਾਗਰਿਕਾਂ ਨੂੰ ਦਿੱਤੇ ਮੌਜੂਦਾ ਸਾਰੇ ਵੀਜ਼ੇ, ਕੁੱਝ ਸ਼੍ਰੇਣੀਆਂ ਨੂੰ ਛੱਡ ਕੇ, ਤਾਲਾਬੰਦੀ ਕਾਰਨ ਭਾਰਤ ਤੋਂ ਅਤੇ ਭਾਰਤ ਆਉਣ ਵਾਲੇ ਯਾਤਰੀਆਂ ਦੀ ਅੰਤਰਰਾਸ਼ਟਰੀ ਹਵਾਈ ਯਾਤਰਾ ‘ਤੇ ਲਾਈ ਪਾਬੰਦੀ ਹਟਾਏ ਜਾਣ ਤੱਕ ਮੁਅੱਤਲ ਕਰ ਦਿੱਤੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਵੱਖਰੇ ਆਦੇਸ਼ ‘ਚ ਕਿਹਾ ਕਿ ਤਾਲਾਬੰਦੀ ਕਾਰਨ ਭਾਰਤ ‘ਚ ਫਸੇ ਵਿਦੇਸ਼ੀਆਂ ਦੇ ਵੀਜ਼ਾ ਮੁਫ਼ਤ ਦੇ ਆਧਾਰ ‘ਤੇ ਵਧਾ ਦਿੱਤਾ ਗਿਆ ਹੈ। ਇਹ ਵਾਧਾ ਅੰਤਰਰਾਸ਼ਟਰੀ ਹਵਾਈ ਯਾਤਰਾ ਸ਼ੁਰੂ ਹੋਣ ਤੋਂ ਬਾਅਦ 30 ਦਿਨਾਂ ਦੇ ਸਮੇਂ ਲਈ ਹੋਵੇਗਾ। ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ ਕਿ ਉਸ ਨੇ ਅੰਤਰਰਾਸ਼ਟਰੀ ਉਡਾਣਾਂ ਮੁਅੱਤਲ ਰਹਿਣ ਤੱਕ ਓ.ਸੀ.ਆਈ. ਕਾਰਡ ਧਾਰਕਾਂ ਨੂੰ ਦਿੱਤੇ ਉਮਰ ਭਰ ਦੇ ਕਈ ਵਾਰ ਦਾਖ਼ਲੇ ਵਾਲੇ ਵੀਜ਼ਿਆਂ ‘ਤੇ ਯਾਤਰਾ ਵੀ ਮੁਅੱਤਲ ‘ਤੇ ਰੱਖੀ ਹੈ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਓ.ਸੀ.ਆਈ. ਕਾਰਡ ਧਾਰਕ ਜਿਹੜੇ ਪਹਿਲਾਂ ਹੀ ਭਾਰਤ ਵਿਚ ਹਨ, ਉਹ ਬਿਨਾਂ ਕਿਸੇ ਮਿਆਦ ਦੇ ਦੇਸ਼ ‘ਚ ਰਹਿ ਸਕਦੇ ਹਨ। ਆਦੇਸ਼ ‘ਚ ਕਿਹਾ ਗਿਆ ਹੈ ਕਿ ਕੂਟਨੀਤਕਾਂ, ਅਧਿਕਾਰੀਆਂ, ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਸੰਗਠਨਾਂ, ਰੁਜ਼ਗਾਰ ਅਤੇ ਪ੍ਰਾਜੈਕਟ ਸ਼੍ਰੇਣੀ ਨੂੰ ਛੱਡ ਕੇ ਭਾਰਤ ਤੋਂ ਅਤੇ ਭਾਰਤ ਆਉਣ ਵਾਲੇ ਯਾਤਰੀਆਂ ਦੀ ਅੰਤਰਰਾਸ਼ਟਰੀ ਹਵਾਈ ਯਾਤਰਾ ‘ਤੇ ਸਰਕਾਰ ਵਲੋਂ ਲਾਈ ਪਾਬੰਦੀ ਨੂੰ ਹਟਾਏ ਜਾਣ ਤੱਕ ਵਿਦੇਸ਼ੀਆਂ ਨੂੰ ਜਾਰੀ ਕੀਤੇ ਮੌਜੂਦਾ ਸਾਰੇ ਵੀਜ਼ੇ ਮੁਅੱਤਲ ਰਹਿਣਗੇ।


Share