ਬ੍ਰਾਜ਼ੀਲ ਨੇ ਵਿਸ਼ਵ ਸਿਹਤ ਸੰਗਠਨ ਨਾਲ ਸੰਬੰਧ ਤੋੜਨ ਦੀ ਦਿੱਤੀ ਧਮਕੀ

751
Share

ਸੰਯੁਕਤ ਰਾਸ਼ਟਰ , 8 ਜੂਨ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਦੁਨੀਆ ਭਰ ਵਿਚ ਫੈਲਣ ਕਾਰਨ ਚੀਨ ਅਤੇ ਵਿਸ਼ਵ ਸਿਹਤ ਸੰਗਠਨ ਵਿਰੁੱਧ ਹੁਣ ਅਮਰੀਕਾ ਦੇ ਬਾਅਦ ਦੂਜੇ ਦੇਸ਼ਾਂ ਦਾ ਵੀ ਗੁੱਸਾ ਵੱਧਦਾ ਜਾ ਰਿਹਾ ਹੈ। ਅਮਰੀਕਾ ਦੇ ਬਾਅਦ ਬ੍ਰਾਜ਼ੀਲ ਨੇ ਵਿਸ਼ਵ ਸਿਹਤ ਸੰਗਠਨ ਨਾਲ ਸੰਬੰਧ ਤੋੜਨ ਦੀ ਧਮਕੀ ਦਿੱਤੀ ਹੈ। ਬ੍ਰਾਜ਼ੀਲ ਨੇ ਵਿਸ਼ਵ ਸਿਹਤ ਸੰਗਠਨ ‘ਤੇ ਪੱਖਪਾਤ ਅਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਬ੍ਰਾਜ਼ੀਲ ਨੇ ਵਿਸ਼ਵ ਸਿਹਤ ਸੰਗਠਨ ਛੱਡਣ ਦੀ ਧਮਕੀ ਦਿੱਤੀ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੇ ਦੋਸ਼ ਲਗਾਇਆ ਹੈ ਕਿ ਵਿਸ਼ਵ ਸਿਹਤ ਸੰਗਠਨ ਨਿਰਪੱਖ ਨਹੀਂ ਹੈ ਜਿਵੇਂ ਹੀ ਅਮਰੀਕਾ ਨੇ ਉਸ ਨੂੰ ਫੰਡ ਦੇਣਾ ਬੰਦ ਕੀਤਾ ਉਹ ਆਪਣੇ ਸਾਰੇ ਵਾਅਦਿਆਂ ਤੋਂ ਪਲਟ ਗਿਆ।

ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਮਈ ਦੇ ਅਖੀਰ ਵਿਚ ਕਿਹਾ ਸੀ ਕਿ ਅਮਰੀਕਾ ਵਿਸ਼ਵ ਸਿਹਤ ਸੰਗਠਨ ਨਾਲੋਂ ਸੰਬੰਧ ਤੋੜ ਦੇਵੇਗਾ। ਟਰੰਪ ਨੇ ਦੋਸ਼ ਲਗਾਇਆ ਸੀ ਕਿ ਉਸ ਨੇ ਮਹਾਮਾਰੀ ਨੂੰ ਲੈ ਕੇ ਚੀਨ ‘ਤੇ ਲੋੜ ਤੋਂ ਵੱਧ ਭਰੋਸਾ ਕੀਤਾ। ਅਮਰੀਕਾ ਜਿੱਥੇ ਵਿਸ਼ਵ ਸਿਹਤ ਸੰਗਠਨ ਨੂੰ ਸਭ ਤੋਂ ਜ਼ਿਆਦਾ ਫੰਡ ਦੇ ਰਿਹਾ ਸੀ ਉੱਥੇ ਬ੍ਰਾਜ਼ੀਲ ਨੇ 2019 ਵਿਚ ਹੀ ਫੰਡ ਦੇਣਾ ਬੰਦ ਕਰ ਦਿੱਤਾ ਸੀ। ਬ੍ਰਾਜ਼ੀਲ ਦੇ ਇਕ ਅਖਬਾਰ ਦੇ ਮੁਤਾਬਕ ਵਿਸ਼ਵ ਸਿਹਤ ਸੰਗਠਨ ਦਾ ਬ੍ਰਾਜ਼ੀਲ ‘ਤੇ 33 ਮਿਲੀਅਨ ਡਾਲਰ ਬਕਾਇਆ ਹੈ।

ਗੌਰਤਲਬ ਹੈ ਕਿ ਬ੍ਰਾਜ਼ੀਲ ਦੁਨੀਆ ਦੇ ਕੋਰੋਨਾ ਮਹਾਮਾਰੀ ਨਾਲ ਪੀੜਤ ਦੇਸ਼ਾਂ ਵਿਚੋਂ ਇਕ ਹੈ। ਬ੍ਰਾਜ਼ੀਲ ਵਿਚ 6 ਲੱਖ 46 ਹਜ਼ਾਰ ਤੋਂ ਵਧੇਰੇ ਲੋਕ ਪੀੜਤ ਹਨ ਜਦਕਿ 35 ਹਜ਼ਾਰ ਤੋਂ ਵਧੇਰੇ ਲੋਕ ਹੁਣ ਤੱਕ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਹਾਲੇ ਇਸ ਗੱਲ ਦੀ ਜਾਂਚ ਚੱਲ ਰਹੀ ਹੈ ਕਿ ਕੋਰੋਨਾ ਦੀ ਉਤਪੱਤੀ ਕਿੱਥੋਂ ਹੋਈ ਹੈ ਪਰ ਅਮਰੀਕਾ ਦਾ ਮਿਸੌਰੀ ਪਹਿਲਾ ਅਜਿਹਾ ਰਾਜ ਬਣ ਗਿਆ ਜਿੱਥੇ ਚੀਨ ਵਿਰੁੱਧ ਮੁਕੱਦਮਾ ਦਾਇਰ ਕਰਵਾਇਆ ਗਿਆ ਹੈ। ਦੋਸ਼ ਹੈ ਕਿ ਚੀਨ ਨੇ ਕੋਰੋਨਾਵਾਇਸ ਸੰਬੰਧੀ ਸੂਚਨਾ ਦਬਾਈ, ਜਿਹੜੇ ਲੋਕਾਂ ਨੇ ਇਸ ਦਾ ਖੁਲਾਸਾ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਕੋਰੋਨਾਵਾਇਰਸ ਦੀ ਉਤਪੱਤੀ ਕਿੱਥੋਂ ਹੋਈ ਇਸ ਦੀ ਨਿਰਪੱਖ ਜਾਂਚ ਦਾ ਡਰਾਫਟ ਪ੍ਰਸਤਾਵ 73ਵੀਂ ਵਰਲਡ ਹੈਲਥ ਅਸੈਂਬਲੀ ਵਿਚ ਪੇਸ਼ ਕੀਤਾ ਗਿਆ। ਪ੍ਰਸਤਾਵ ਨੂੰ ਪੇਸ਼ ਕਰਨ ਵਾਲਿਆਂ ਵਿਚ ਭਾਰਤ ਸਮੇਤ 100 ਤੋਂ ਵਧੇਰੇ ਦੇਸ਼ ਸ਼ਾਮਲ ਹਨ। ਆਸਟ੍ਰੇਲੀਆ, ਬੰਗਲਾਦੇਸ਼, ਸਾਊਦੀ ਅਰਬ, ਅਫਰੀਕੀ ਸਮੂਹ ਅਤੇ ਯੂਰਪੀ ਸੰਘ ਵੀ ਜਾਣਨਾ ਚਾਹੁੰਦਾ ਹੈ ਕਿ ਵਾਇਰਸ ਕਿੱਥੋਂ ਦੀ ਅਤੇ ਕਿਵੇਂ ਫੈਲਿਆ। ਪ੍ਰਸਤਾਵ ਵਿਚ ਕਿਸੇ ਦੇਸ਼ ਨੂੰ ਦੋਸ਼ੀ ਨਹੀਂ ਬਣਾਇਆ ਗਿਆ ਹੈ ਪਰ ਜਿਨਪਿੰਗ ਨੇ ਚੀਨ ਦਾ ਬਚਾਅ ਕਰਦਿਆਂ ਕਿਹਾ ਕਿ ਅਸੀਂ ਵਿਸ਼ਵ ਸਿਹਤ ਸੰਗਠਨ ਅਤੇ ਹੋਰ ਦੇਸ਼ਾਂ ਨੂੰ ਸਮੇਂ ‘ਤੇ ਸਭ ਕੁਝ ਦੱਸ ਦਿੱਤਾ ਸੀ। ਇਸ ਦੇ ਬਾਵਜੂਦ ਚੀਨ ਕਿਸੇ ਵੀ ਜਾਂਚ ਦਾ ਸਮਰਥਨ ਕਰਦਾ ਹੈ।


Share