ਬਰਨਾਲਾ ਤੇ ਪੱਟੀ ਜੇਲ੍ਹ ਨੂੰ ਏਕਾਂਤਵਾਸ ਵਜੋਂ ਐਲਾਨਿਆ, 412 ਕੈਦੀ ਹੋਰਨਾਂ ਜੇਲ੍ਹਾਂ ਵਿੱਚ ਤਬਦੀਲ ਕੀਤੇ: ਰੰਧਾਵਾ

802
Share

-ਕੋਵਿਡ-19 ਸੰਕਟ ਦੇ ਮੱਦੇਨਜ਼ਰ ਨਵੇਂ ਕੈਦੀ ਸਿਰਫ ਬਰਨਾਲਾ ਤੇ ਪੱਟੀ ਜੇਲ੍ਹ ਹੀ ਭੇਜੇ ਜਾਣਗੇ: ਸੁਖਜਿੰਦਰ ਸਿਘ ਰੰਧਾਵਾ
-ਬਰਨਾਲਾ ਜੇਲ੍ਹ ਦੇ 100 ਕੈਦੀ ਨਵੀਂ ਜੇਲ੍ਹ ਨਾਭਾ ਤੇ 202 ਕੈਦੀ ਜ਼ਿਲਾ ਜੇਲ੍ਹ ਬਠਿੰਡਾ ਭੇਜੇ
-ਪੱਟੀ ਸਬ ਜੇਲ੍ਹ ਦੇ110 ਕੈਦੀ ਜ਼ਿਲਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਤਬਦੀਲ ਕੀਤੇ
ਚੰਡੀਗੜ੍ਹ, 16 ਅਪ੍ਰੈਲ (ਪੰਜਾਬ ਮੇਲ)- ਕੋਵਿਡ-19 ਸੰਕਟ ਦੇ ਮੱਦੇਨਜ਼ਰ ਸੂਬੇ ਦੀਆਂ ਜੇਲ੍ਹਾਂ ਵਿੱਚ ਇਹਤਿਆਤ ਵਰਤਣ ਲਈ ਪੰਜਾਬ ਸਰਕਾਰ ਨੇ ਅਹਿਮ ਕਦਮ ਚੁੱਕਦਿਆਂ ਬਰਨਾਲਾ ਤੇ ਪੱਟੀ ਜੇਲ੍ਹਾਂ ਨੂੰ ਏਕਾਂਤਵਾਸ ਵਜੋਂ ਐਲਾਨ ਦਿੱਤਾ ਹੈ। ਇਹ ਖੁਲਾਸਾ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।
ਸ.ਰੰਧਾਵਾ ਨੇ ਦੱਸਿਆ ਕਿ ਬਰਨਾਲਾ ਤੇ ਪੱਟੀ ਜੇਲ੍ਹਾਂ ਵਿੱਚ ਬੰਦ 412 ਕੈਦੀਆਂ ਨੂੰ ਸੂਬੇ ਦੀਆਂ ਹੋਰਨਾਂ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਹੈ। ਕੋਈ ਵੀ ਨਵਾਂ ਕੈਦੀ ਏਕਾਂਤਵਾਸ ਐਲਾਨੀਆਂ ਇਨ੍ਹਾਂ ਦੋਵਾਂ ਜੇਲ੍ਹਾਂ ਵਿੱਚ ਹੀ ਪੂਰੀ ਮੈਡੀਕਲ ਜਾਂਚ ਤੋਂ ਬਾਅਦ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਸੂਬੇ ਦੀਆਂ ਜੇਲ੍ਹਾਂ ਨੂੰ ਕੋਰੋਨਾਵਾਇਰਸ ਦੇ ਕਿਸੇ ਵੀ ਸੰਭਾਵੀ ਖਤਰੇ ਤੋਂ ਬਚਣ ਲਈ ਇਹਤਿਆਤ ਵਜੋਂ ਚੁੱਕਿਆ ਗਿਆ ਹੈ।
ਜੇਲ੍ਹ ਮੰਤਰੀ ਸ. ਰੰਧਾਵਾ ਨੇ ਹੋਰ ਖੁਲਾਸਾ ਕਰਦਿਆਂ ਦੱਸਿਆ ਕਿ ਬਰਨਾਲਾ ਜੇਲ੍ਹ ਦੇ 100 ਕੈਦੀ ਨਵੀਂ ਜੇਲ੍ਹ ਨਾਭਾ ਤੇ 202 ਕੈਦੀ ਜ਼ਿਲਾ ਜੇਲ੍ਹ ਬਠਿੰਡਾ ਅਤੇ ਪੱਟੀ ਸਬ ਜੇਲ੍ਹ ਦੇ 110 ਕੈਦੀ ਜ਼ਿਲਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਤਬਦੀਲ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 412 ਕੈਦੀਆਂ ਨੂੰ ਚੈਕਅੱਪ ਕਰ ਕੇ ਤਬਦੀਲ ਕੀਤਾ ਗਿਆ। ਹੁਣ ਕੋਈ ਵੀ ਨਵਾਂ ਕੈਦੀ ਦੋਵੇਂ ਜੇਲ੍ਹਾਂ ਨੂੰ ਛੱਡ ਕੇ ਕਿਸੇ ਹੋਰ ਜੇਲ੍ਹ ਵਿੱਚ ਨਹੀਂ ਭੇਜਿਆ ਜਾਵੇਗਾ। ਏਕਾਂਤਵਾਸ ਐਲਾਨੀਆਂ ਬਰਨਾਲਾ ਤੇ ਪੱਟੀ ਜੇਲ੍ਹ ਵਿੱਚ ਆਉਣ ਵਾਲੇ ਨਵੇਂ ਕੈਦੀ ਨੂੰ ਕੋਵਿਡ-19 ਪ੍ਰੋਟੋਕਾਲ ਤੇ ਸਿਹਤ ਸਲਾਹਕਾਰੀਆਂ ਅਨੁਸਾਰ ਪੂਰੀ ਤਰ੍ਹਾਂ ਜਾਂਚ ਕਰ ਕੇ ਭੇਜਿਆ ਜਾਵੇਗਾ।


Share