ਬਰਤਾਨੀਆ ਵੱਲੋਂ ਵਿਦੇਸ਼ੀ ਸਿਹਤ ਕਾਮਿਆਂ ਦੀ ਵੀਜ਼ਾ ਮਿਆਦ ‘ਚ ਇਕ ਸਾਲ ਲਈ ਵਾਧਾ

903
Share

ਲੰਡਨ, 3 ਮਈ (ਪੰਜਾਬ ਮੇਲ)- ਬਰਤਾਨੀਆ ‘ਚ ਕੰਮ ਕਰਦੇ ਅਜਿਹੇ ਡਾਕਟਰ ਤੇ ਸਿਹਤ ਕਾਮੇ ਜਿਨ੍ਹਾਂ ਦਾ ਵੀਜ਼ਾ ਪਹਿਲੀ ਅਕਤੂਬਰ ਜਾਂ ਇਸ ਤੋਂ ਪਹਿਲਾਂ ਖ਼ਤਮ ਹੋ ਰਿਹਾ ਸੀ, ਸਰਕਾਰ ਨੇ ਉਸ ਨੂੰ ਬਿਨਾਂ ਕਿਸੇ ਫੀਸ ਦੇ ਵਧਾਉਣ ਦਾ ਐਲਾਨ ਕੀਤਾ ਹੈ। ਵੀਜ਼ਾ ਮਿਆਦ ਵਿਚ ਇਹ ਵਾਧਾ ਇੱਕ ਸਾਲ ਲਈ ਹੋਵੇਗਾ।
ਸਰਕਾਰ ਦੇ ਇਸ ਫ਼ੈਸਲੇ ਦਾ ਲਾਭ ਬਰਤਾਨੀਆਂ ਵਿਚ ਵੱਡੀ ਗਿਣਤੀ ਵਿਚ ਕੰਮ ਕਰਦੇ ਭਾਰਤੀਆਂ ਤੇ ਹੋਰ ਦੇਸ਼ਾਂ ਦੇ ਸਿਹਤ ਕਾਮਿਆਂ ਨੂੰ ਹੋਵੇਗਾ। ਕੋਰੋਨਾਵਾਇਰਸ ਵਰਗੀ ਮਹਾਮਾਰੀ ਕਰਾਨ ਬਰਤਾਨੀਆ ਨੂੰ ਇਸ ਸਮੇਂ ਵੱਡੀ ਗਿਣਤੀ ਵਿਚ ਡਾਕਟਰਾਂ ਤੇ ਹੋਰ ਸਿਹਤ ਕਾਮਿਆਂ ਦੀ ਲੋੜ ਹੈ। ਜਿਹੜੇ ਵਿਦੇਸ਼ੀ ਸਿਹਤ ਕਾਮੇ ਉਥੇ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਕੰਮ ਵਿਚ ਲੱਗੇ ਰਹਿਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਵੀਜ਼ਾ ਨਵੀਨੀਕਰਨ ਦੀ ਲੰਬੀ ਰਸਮੀ ਕਾਰਵਾਈ ਤੋਂ ਮੁਕਤ ਰੱਖਿਆ ਜਾਵੇ। ਇਸੇ ਲਈ ਸਰਕਾਰ ਨੇ ਪਹਿਲੀ ਅਕਤੂਬਰ ਜਾਂ ਇਸ ਤੋਂ ਪਹਿਲਾਂ ਵੀਜ਼ਾ ਮਿਆਦ ਪੂਰੀ ਕਰਨ ਵਾਲੇ ਸਿਹਤ ਕਾਮਿਆਂ ਦਾ ਖ਼ੁਦ ਵੀਜ਼ਾ ਵਧਾਉਣ ਦਾ ਐਲਾਨ ਕੀਤਾ ਹੈ। ਇਹ ਵਿਵਸਥਾ ਸਰਕਾਰੀ ਖੇਤਰ ਅਤੇ ਨਿੱਜੀ ਖੇਤਰ ਦੋਵਾਂ ਦੇ ਸਿਹਤ ਕਾਮਿਆਂ ‘ਤੇ ਲਾਗੂ ਹੋਵੇਗੀ। ਇਸ ਦਾ ਲਾਭ ਸਿਹਤ ਕਾਮਿਆਂ ਦੇ ਪਰਵਾਰਕ ਮੈਂਬਰਾਂ ਨੂੰ ਵੀ ਮਿਲੇਗਾ। ਇਸ ਦਾ ਐਲਾਨ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕੀਤਾ। ਸਰਕਾਰ ਨੇ ਇਸ ਫ਼ੈਸਲੇ ਦੇ ਸੰਕੇਤ ਕਰੀਬ ਇੱਕ ਮਹੀਨੇ ਪਹਿਲਾਂ ਹੀ ਦੇ ਦਿੱਤੇ ਸਨ। ਪਟੇਲ ਨੇ ਕਿਹਾ ਕਿ ਸੰਕਟ ਦੇ ਸਮੇਂ ਜਿਸ ਤਰ੍ਹਾਂ ਨਾਲ ਵਿਦੇਸ਼ੀ ਸਿਹਤ ਕਾਮੇ ਸਾਡੇ ਦੇਸ਼ ਦੀ ਸੇਵਾ ਵਿਚ ਲੱਗੇ ਹੋਏ ਹਨ, ਉਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।


Share