ਸੈਕਰਾਮੈਂਟੋ, 9 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਰਫਸਾਈਡ, ਫਲੋਰਿਡਾ ’ਚ ਇਕ ਬਹੁਮੰਜਿਲੀ ਇਮਾਰਤ ਡਿੱਗਣ ਦੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ 64 ਹੋ ਗਈ ਹੈ। ਮਿਆਮੀ ਡੇਡ ਕਾਊਂਟੀ ਦੇ ਮੇਅਰ ਡੈਨੀਲਾ ਲੈਵਾਈਨ ਕਾਵਾ ਨੇ ਇਹ ਜਾਣਕਾਰੀ ਦਿੱਤੀ ਹੈ। ਇਮਾਰਤ ਡਿੱਗਣ ਦੇ ਦੋ ਹਫਤੇ ਬਾਅਦ ਅਧਿਕਾਰੀਆਂ ਵੱਲੋਂ ਬਚਾਅ ਕਾਰਜ ਰੋਕ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਨੇ ਕਿਹਾ ਕਿ ਅਜੇ ਵੀ 76 ਲੋਕ ਲਾਪਤਾ ਹਨ। ਅਧਿਕਾਰੀਆਂ ਅਨੁਸਾਰ ਹੁਣ ਕਿਸੇ ਦੇ ਬਚੇ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਪਿਛਲੇ ਦਿਨ 4 ਹੋਰ ਲਾਸ਼ਾਂ ਬਰਾਮਦ ਹੋਈਆਂ ਹਨ, ਜਦਕਿ ਮਿਆਮੀ ਡੇਟ ਪੁਲਿਸ ਵਿਭਾਗ ਨੇ ਬਰਾਮਦ ਹੋਈਆਂ 5 ਹੋਰ ਲਾਸ਼ਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਵਿਚ ਜੁਆਨ ਐਲਬਰਟੋ ਮੋਰਾ ਜੂਨੀਅਰ (32), ਐਂਡਰੀਆ ਕੈਟਰੋਸੀ (56), ਰਸਲਨ ਮਾਨਾਸ਼ਿਰੋਵ (36), ਹਰੋਲਡ ਰੋਸਬਰਗ (52) ਕੇ ਗਲੋਰੀਆ ਮੈਚਾਡੋ (71) ਸ਼ਾਮਿਲ ਹਨ।