ਪੰਜਾਬ ਸਰਕਾਰ ਹੋਰ ਸੂਬਿਆਂ ਦੇ ਮੁਕਾਬਲੇ ਕਰੋਨਾ ਦਾ ਜਨਤਕ ਫੈਲਾਅ ਰੋਕਣ ਵਿਚ ਕਿਤੇ ਬਿਹਤਰ-ਬਲਬੀਰ ਸਿੱਧੂ

686
Share

ਹਰਪਾਲ ਚੀਮਾ ਆਪਣੀ ਸਲਾਹ ਆਪਣੇ ਕੋਲ ਰੱਖੇ, ਪੰਜਾਬ ਦੇ ਹਾਲਾਤ ਦਿੱਲੀ ਨਾਲੋਂ ਕਾਫੀ ਸੁਰੱਖਿਅਤ
ਸਿਹਤ ਵਿਭਾਗ ਦੇ ਮਜਬੂਤੀਕਰਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ ਕੀਤੀ ਜਾ ਰਹੀ
ਚੰਡੀਗੜ, 8 ਅਗਸਤ (ਪੰਜਾਬ ਮੇਲ)- ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਹੋਰ ਸੂਬਿਆਂ ਦੇ ਮੁਕਾਬਲੇ ਕਰੋਨਾ ਦੇ ਫੈਲਾਅ ਨੂੰ ਇੱਕ ਹੱਦ ਤੱਕ ਰੋਕਣ ਵਿਚ ਕਾਮਯਾਬ ਰਹੀ ਹੈ ਜਿਸ ਕਾਰਣ ਹੀ ਦੂਜੇ ਸੂਬਿਆਂ ਦੇ ਮੁਕਾਬਲੇ ਇਥੇ ਘੱਟ ਜਾਨੀ ਨੁਕਸਾਨ ਹੋਇਆ ਹੈ।
ਸ. ਸਿੱਧੂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਵਿਚ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਲੋਂ ਇੱਕਜੁਟ ਹੋ ਕੇ ਕਰੋਨਾ ਵਿਰੁੱਧ ਲੜੀ ਜਾ ਰਹੀ ਜੰਗ ਸਦਕਾ ਹੀ ਮੁਲਕ ਭਰ ਵਿਚੋਂ ਪੰਜਾਬ ਵਿਚ ਕਰੋਨਾ ਦੀ ਸੰਕਰਮਣ ਦਰ ਮਹਿਜ਼ 3.10 ਫੀਸਦੀ ਹੈ ਜੋ ਮੁਲਕ ਵਿਚ ਸਭ ਤੋਂ ਘੱਟ ਹੈ। ਉਹਨਾਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵਲੋਂ ਕਰੋਨਾ ਦੇ ਫੈਲਾਅ ਨੂੰ ਮਾਪਣ ਲਈ ਮਿੱਥੇ ਗਏ ਮਾਪਦੰਡਾਂ ਵਿਚੋਂ ਸੰਕਰਮਣ ਦਰ ਸਭ ਤੋਂ ਅਹਿਮ ਹੈ।
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵਲੋਂ ਪੰਜਾਬ ਸਰਕਾਰ ਨੂੰ ਦਿੱਲ਼ੀ ਦਾ ਮਾਡਲ ਅਪਣਾਉਣ ਦੀ ਮੱਤ ਦੇਣ ਨੂੰ ਬਚਗਾਨਾ ਤੇ ਹਲਕੀ ਬਿਆਨਬਾਜ਼ੀ ਦਸਦਿਆਂ, ਸ. ਸਿੱੱਧੂ ਨੇ ਕਿਹਾ ਕਿ ਵਿਰੋਧੀ ਧਿਰ ਦਾ ਨੇਤਾ ਆਪਣੀ ਸਲਾਹ ਆਪਣੇ ਕੋਲ ਹੀ ਰੱਖੇ ਕਿਉਂਕਿ ਪੰਜਾਬ ਦੀ ਸਥਿਤੀ ਦਿੱਲੀ ਨਾਲੋਂ ਕਿਸੇ ਬਿਹਤਰ ਹੈ। ਉਹਨਾਂ ਕਿਹਾ ਕਿ ਸ. ਚੀਮਾ ਨੂੰ ਇਹ ਬਿਆਨ ਦੇਣ ਤੋਂ ਪਹਿਲਾਂ ਇਹ ਪਤਾ ਕਰ ਲੈਣਾ ਚਾਹੀਦਾ ਸੀ ਕਿ ਕੇਜਰੀਵਾਲ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਣ ਹੀ ਦੇਸ਼ ਵਿਚ ਕਰੋਨਾ ਨਾਲ ਹੁਣ ਤੱਕ ਹੋਈਆਂ ਮੌਤਾਂ ਵਿੱਚੋਂ 10 ਫੀਸਦ ਭਾਵ 4082 ਮੌਤਾਂ ਕੇਵਲ ਦਿੱਲੀ ਵਿੱਚ ਹੋਇਆਂ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਮੌਤਾਂ ਦੀ ਗਿਣਤੀ 539 ਹੈ ਜੋ ਦੇਸ਼ ਦੇ ਮੌਤਾਂ ਦੇ ਅੰਕੜਿਆਂ ਅਨੁਸਾਰ ਕੇਵਲ 1 ਫੀਸਦੀ ਹੀ ਹੈ। ਇਹਨਾਂ ਵਿਚੋਂ ਵੀ ਜਿਆਦਾਤਰ ਸਹਿਰੋਗ ਵਾਲੇ ਮਰੀਜ਼ ਹਨ।
ਸ. ਸਿੱਧੂ ਨੇ ਕਿਹਾ ਕਿ ਸੂਬੇ ਵਿਚ ਕਰੋਨਾ ਨੂੰ ਛੇਤੀ ਤੋਂ ਛੇਤੀ ਹਰਾਉਣ ਲਈ ਵਿੱਢੀ ਗਈ ਜੰਗ ਨੂੰ ਹੋਰ ਤੇਜ਼ ਕਰਨ ਲਈ ਮੱੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਹਜ਼ਾਰਾਂ ਦੀ ਗਿਣਤੀ ਵਿੱਚ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ ਵੀ ਕੀਤੀ ਜਾ ਰਹੀ ਹੈ।
ਉਨਾਂ ਅੱਗੇ ਕਿਹਾ ਹਰਪਾਲ ਚੀਮਾ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕੇਜਰੀਵਾਲ ਸਰਕਾਰ ਵਲੋਂ ਦਿੱਲੀ ਤੋਂ ਬਾਹਰ ਦੇ ਲੋਕਾਂ ਦਾ ਇਲਾਜ ਨਾ ਕਰਨ ਦਾ ਐਲਾਨ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਸਾਬਿਤ ਹੋਇਆ ਜਦਕਿ ਪੰਜਾਬ ਸਰਕਾਰ ਵਲੋਂ ਦਿੱਲੀ ਤੋਂ ਆਏ ਸੈਂਕੜਿਆਂ ਮਰੀਜ਼ਾਂ ਦਾ ਇਲਾਜ਼ ਕੀਤਾ ਗਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਦਿੱਲੀ ਦੀਆਂ ਅਜਿਹੀਆਂ ਘਟਨਾਵਾਂ ਦੀਆਂ ਸੈਂਕੜੇ ਵੀਡਿਓਜ ਵਾਇਰਲ ਹੋਈਆਂ ਹਨ ਜਿਹੜੀਆਂ ਸਪੱਸ਼ਟ ਤੌਰ ਤੇ ਕੋਵਿਡ-19 ਦੇ ਮਰੀਜ਼ਾਂ ਦੇ ਪ੍ਰਬੰਧਨ ਲਈ ਦਿੱਲੀ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਗਵਾਹੀ ਭਰਦੀਆਂ ਹਨ। ਉਨਾਂ ਕਿਹਾ ਕਿ ਦਿੱਲੀ ਦੀ ਮੌਜੂਦਾ ਗੰਭੀਰ ਸਥਿਤੀ ਦੀ ਕਲਪਨਾ ਕਰਨਾ ਵੀ ਹੈਰਾਨ ਕਰਨ ਵਾਲਾ ਹੈ ਜਿਥੇ ਆਮ ਲੋਕ ਮਦਦ ਦੀ ਗੁਹਾਰ ਲਾ ਰਹੇ ਹਨ ਅਤੇ ਕੋਰੋਨਾ ਟੈਸਟ ਲਈ ਸਿਰਫ਼ ਨਮੂਨੇ ਲੈਣ ਲਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਜਾ ਰਹੇ ਹਨ ਪਰ ਉਨਾਂ ਦੀਆਂ ਮੁਸ਼ਕਿਲਾਂ ਅਤੇ ਸ਼ਿਕਾਇਤਾਂ ਦਾ ਹੱਲ ਕਰਨ ਲਈ ਸਰਕਾਰ ਤਰਫੋਂ ਕੋਈ ਨਹੀਂ ਹੈ।
ਸ. ਸਿੱਧੂ ਨੇ ਵਿਰੋਧੀ ਧਿਰ ਦੇ ਨੇਤਾ ਵਲੋਂ ਉਠਾਏ ਗਏ ਦੋ ਘਟਨਾਵਾਂ ਦਾ ਜੁਆਬ ਦਿੰਦਿਆਂ ਕਿਹਾ ਕਿ ਇੱਕ ਹਿੰਦੀ ਅਖਬਾਰ ਵੱਲੋਂ ਦੋ ਤਸਵੀਰਾਂ ਛਾਪ ਕੇ, ਇੱਕ ਦੀ ਲਾਸ਼ ਨੂੰ 12 ਘੰਟੇ ਤੋਂ ਫ਼ਰਸ਼ ‘ਤੇ ਪਈ ਹੋਣ ਅਤੇ ਦੂਸਰੇ ਵਿਅਕਤੀ ਦੇ ਘੰਟਿਆਂਬੱਧੀ ਤੜਫ਼ਦੇ ਰਹਿਣ ਬਾਰੇ ਲਾਈ ਖ਼ਬਰ ਭਰਮ ਪੂਰਣ, ਨਿਰ-ਆਧਾਰ ਤੇ ਗ਼ੈਰਸੰਜੀਦਾ ਅਤੇ ਤੱਥਾਂ ਤੋਂ ਰਹਿਤ ਹੈ ਜਿਸ ਦਾ ਗੰਭੀਰ ਨੋਟਿਸ ਲੈਣ ਉਪਰੰਤ ਅਖਬਾਰ ਵਲੋਂ ਆਪਣਾ ਸਪਸ਼ਟੀਕਟਣ ਵੀ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਦੂਜੇ ਮਾਮਲੇ ਵਿਚ ਹਸਪਤਾਲ ਨੂੰ ਕਾਰਣ ਦੱਸੋ ਨੋਟਿਸ ਕੱਢਿਆ ਗਿਆ ਹੈ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਵੀ ਦੇ ਦਿੱਤੇ ਗਏ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਦੇ ਇਸ ਸਮੇਂ ਵਿਚ ਲੋਕ ਪਹਿਲਾਂ ਹੀ ਬੇਚੈਨੀ ਅਤੇ ਦਬਾਅ ਤੋਂ ਪੀੜਤ ਹਨ ਅਤੇ ਘਟਨਾਵਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਨਾਲ ਸੂਬੇ ਦੇ ਮਾਹੋਲ ਖਰਾਬ ਹੋ ਰਿਹਾ ਹੈ ਜਿਸ ਲਈ ਸ. ਹਰਪਾਲ ਚੀਮਾ ਨੂੰ ਸੋਸ਼ਲ ਮੀਡੀਆ ਦੀ ਦੁਨਿਆ ਤੋਂ ਬਾਹਰ ਆ ਕੇ ਪਹਿਲਾਂ ਤੱਥਾਂ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਜਿੰਮੇਵਾਰ ਵਿਰੋਧੀ ਧਿਰ ਨੇਤਾ ਦਾ ਰੋਲ ਅਦਾ ਕਰਕੇ ਇਸ ਔਖੀ ਘੜੀ ਵਿਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।

Share