ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਪ੍ਰੀਖਿਆਵਾਂ ਕਰਾਉਣ ਸਬੰਧੀ ਯੂਨੀਵਰਸਿਟੀਆਂ/ਕਾਲਜਾਂ ਲਈ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ

675
Share

ਸਾਰੀਆਂ ਯੂਨੀਵਰਸਿਟੀਆਂ ਨੂੰ ਆਪਣੇ ਕੈਂਪਸਾਂ ਅਤੇ ਸਬੰਧਤ ਕਾਲਜਾਂ ਵਿੱਚ ਪ੍ਰੀਖਿਆਵਾਂ ਕਰਵਾਉਣ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਹਦਾਇਤ
ਚੰਡੀਗੜ੍ਹ, 5 ਜੁਲਾਈ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਸਾਰੇ ਉਪ ਕੁਲਪਤੀਆਂ ਨੂੰ ਸਰਕਾਰੀ / ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪ੍ਰੀਖਿਆਵਾਂ ਕਰਾਉਣ ਸੰਬੰਧੀ ਵਿਸਥਾਰਤ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇੱਕ ਸਰਕਾਰੀ ਬੁਲਾਰੇ ਅਨੁਸਾਰ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਆਪਣੇ ਕੈਂਪਸਾਂ ਅਤੇ ਸਬੰਧਤ ਕਾਲਜਾਂ ਵਿਖੇ ਪ੍ਰੀਖਿਆਵਾਂ ਕਰਾਉਣ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ।
ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਆਖਰੀ ਸਾਲ ਜਾਂ ਸਮੈਸਟਰ ਵਾਲੇ ਵਿਦਿਆਰਥੀਆਂ ਨੂੰ ਪਿਛਲੇ ਇਮਤਿਹਾਨਾਂ ਜਾਂ ਸਮੈਸਟਰਾਂ ਦੇ ਅੰਕਾਂ/ਗਰੇਡ/ਸੀ.ਜੀ.ਪੀ.ਏ ਦੇ ਆਧਾਰ `ਤੇ ਡਿਗਰੀਆਂ/ਡਿਪਲੋਮੇ ਪ੍ਰਦਾਨ ਕੀਤੇ ਜਾਣਗੇ ਬਸ਼ਰਤੇ ਵਿਦਿਆਰਥੀਆਂ ਦੇ ਪਿਛਲੇ ਇਮਤਿਹਾਨਾਂ ਜਾਂ ਸਮੈਸਟਰਾਂ ਦੇ ਔਸਤ ਗਰੇਡ/ਅੰਕ/ਸੀ.ਜੀ.ਪੀ.ਏ. ਘੱਟੋ ਘੱਟੋ ਪਾਸ ਅੰਕਾਂ/ਗਰੇਡ/ਸੀ.ਜੀ.ਪੀ.ਏ. ਤੋਂ ਵੱਧ ਹੋਣ।
ਬੁਲਾਰੇ ਨੇ ਦੱਸਿਆ ਕਿ ਵਿਚਕਾਰਲੀਆਂ ਕਲਾਸਾਂ ਦੇ ਸਾਰੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਜਾਂ ਸਮੈਸਟਰ ਜਾਂ ਸਾਲ ਵਿੱਚ ਪ੍ਰਮੋਟ ਕੀਤਾ ਜਾਵੇਗਾ। ਪਰ ਜਿਨ੍ਹਾਂ ਵਿਦਿਆਰਥੀਆਂ ਦੇ ਔਸਤ ਗਰੇਡ/ਅੰਕ/ਸੀ.ਜੀ.ਪੀ.ਏ. ਘੱਟੋ ਘੱਟ ਪਾਸ ਅੰਕਾਂ/ਗਰੇਡ/ਸੀ.ਜੀ.ਪੀ.ਏ ਤੋਂ ਘੱਟ ਹਨ, ਨੂੰ ਉਸ ਸਮੈਸਟਰ ਦੀ ਪ੍ਰੀਖਿਆ ਦੇਣੀ ਪਵੇਗੀ ਅਤੇ ਫਿਰ ਉਨ੍ਹਾਂ ਨੂੰ ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਖਰੀ ਸਾਲ/ਵਿਚਕਾਰਲੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਆਪਣੀ ਇੱਛਾ ਅਨੁਸਾਰ ਆਪਣੇ ਗਰੇਡ/ਅੰਕਾਂ ਵਿੱਚ ਸੁਧਾਰ ਲਈ ਇਮਤਿਹਾਨ ਦੇਣ ਦਾ ਵਿਕਲਪ ਵੀ ਦਿੱਤਾ ਜਾਵੇਗਾ।
ਬੁਲਾਰੇ ਨੇ ਅੱਗੇ ਕਿਹਾ ਕਿ ਹਰੇਕ ਯੂਨੀਵਰਸਿਟੀ ਉਕਤ ਦਿਸ਼ਾ ਨਿਰਦੇਸ਼ਾਂ ਅਤੇ ਆਪਣੇ ਨਿਯਮਾਂ ਤੇ ਸ਼ਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥੀਆਂ ਨੂੰ ਡਿਗਰੀ/ਪ੍ਰਮੋਟ ਕਰਨ ਸਬੰਧੀ ਨਿਯਮ-ਸ਼ਰਤਾਂ / ਨੀਤੀ `ਤੇ ਆਪਣੇ ਪੱਧਰ `ਤੇ ਕੰਮ ਕਰੇਗੀ। ਜਿਹੜੀਆਂ ਯੂਨੀਵਰਸਿਟੀਆਂ ਆਨਲਾਈਨ ਪ੍ਰੀਖਿਆਵਾਂ ਕਰਵਾਉਣ ਦੀ ਪ੍ਰਕਿਰਿਆ ਅਧੀਨ ਹਨ ਉਹ ਉੱਚ ਸਿੱਖਿਆ ਵਿਭਾਗ ਦੀ ਮਨਜ਼ੂਰੀ ਨਾਲ ਆਪਣੇ ਅਮਲ ਨੂੰ ਜਾਰੀ ਰੱਖ ਸਕਦੀਆਂ ਹਨ।
ਉਕਤ ਦਿਸ਼ਾ ਨਿਰਦੇਸ਼ ਯੋਗ ਅਥਾਰਟੀ ਦੀ ਆਗਿਆ ਨਾਲ ਜਾਰੀ ਕੀਤੇ ਗਏ ਹਨ ਅਤੇ ਇਹ ਮੈਡੀਕਲ ਸਿੱਖਿਆ ਅਤੇ ਖੋਜ ਅਤੇ ਸਿਹਤ ਵਿਭਾਗ ਅਧੀਨ ਅਦਾਰਿਆਂ `ਤੇ ਲਾਗੂ ਨਹੀਂ ਹੋਣਗੇ।


Share