ਪੰਜਾਬ ਸਰਕਾਰ ਵੱਲੋਂ ਅਸ਼ਟਾਮ ਡਿਊਟੀ ‘ਚ ਵਾਧਾ ਕਰਕੇ ਲੋਕਾਂ ਸਿਰ ਵੱਡਾ ਬੋਝ ਪਾਉਣ ਦੀ ਤਿਆਰੀ!

718
Share

ਮੋਗਾ, 3 ਜੁਲਾਈ (ਪੰਜਾਬ ਮੇਲ)- ਕੋਵਿਡ-19 ਦੇ ਨਾਮ ਉੱਤੇ ਕੈਪਟਨ ਸਰਕਾਰ ਜ਼ਮੀਨਾਂ ਦੀ ਖਰੀਦ ਵੇਚ ਲਈ ਅਸ਼ਟਾਮ ਡਿਊਟੀ ‘ਚ ਵਾਧਾ ਕਰਕੇ ਲੋਕਾਂ ਸਿਰ ਉੱਤੇ ਵੱਡਾ ਬੋਝ ਪਾਉਣ ਦੀ ਤਿਆਰੀ ਵਿੱਚ ਹੈ। ਹਾਲਾਂਕਿ ਇਹ ਵਾਧਾ ਕਿੰਨਾ ਹੋਵੇਗਾ, ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੈ। ਪੰਜਾਬ ਵਿੱਚ ਪੇਂਡੂ ਤੇ ਸ਼ਹਿਰੀ ਜ਼ਮੀਨਾਂ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ ਕਾਰਨ ਅਸ਼ਟਾਮ ਫੀਸ ਤੋਂ ਇਕੱਠਾ ਹੋਣ ਵਾਲਾ ਮਾਲੀਆ ਹਰ ਵਰ੍ਹੇ ਘਟ ਰਿਹਾ ਹੈ। 5 ਫ਼ਰਵਰੀ 2019 ‘ਚ ਸਰਕਾਰ ਨੇ ਇਕਰਾਰਨਾਮਿਆਂ ਅਤੇ ਹੋਰ ਕਾਨੂੰਨੀ ਦਸਤਾਵੇਜ਼ਾਂ ‘ਤੇ ਅਸ਼ਟਾਮ ਫ਼ੀਸ ਦੁੱਗਣੀ ਕਰ ਦਿੱਤੀ ਗਈ ਸੀ। ਸੂਬੇ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਫੋਨ ‘ਤੇ ਗੱਲ ਕਰਦਿਆਂ ਦੱਸਿਆ ਕਿ ਕਿ ਲੋਕਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਕੋਵਿਡ-19 ਕਾਰਨ ਖੂਨ ਦੇ ਰਿਸ਼ਤੇ ‘ਚ ਰਜਿਸਟਰੀਆਂ ਕਰਨ ਉੱਤੇ ਲਾਈ ਰੋਕ ਖ਼ਤਮ ਕਰ ਦਿੱਤੀ ਗਈ ਹੈ। ਜਲਦੀ ਹੀ ਨੋਟੀਫਿਕੇਸ਼ਨ ਕਰ ਦਿੱਤਾ ਜਾਵੇਗਾ ਅਤੇ ਸੂਬੇ ਦੇ ਸਾਰੇ ਮਾਲ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਮਾਲ ਮੰਤਰੀ ਨੇ ਕਰੋਨਾ ਮਹਾਂਮਾਰੀ ਸੰਕਟ ਕਾਰਨ ਜ਼ਮੀਨਾਂ ਦੀ ਖਰੀਦ ਵੇਚ ਉੱਤੇ ਅਸ਼ਟਾਮ ਫ਼ੀਸ ਵਾਧੇ ਦਾ ਸੰਕੇਤ ਦਿੰਦੇ ਕਿਹਾ ਕਿ ਇਸ ਉੱਤੇ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਆ ਜਾਣਾ ਹੈ।


Share