ਪੰਜਾਬ ਦੀ ਯੂਨੀਵਰਸਿਟੀ ‘ਚ ਫਸੇ 134 ਭੂਟਾਨੀ ਵਿਦਿਆਰਥੀ ਵਤਨ ਰਵਾਨਾ

802
Share

ਫ਼ਗਵਾੜਾ, 13 ਅਪ੍ਰੈਲ (ਪੰਜਾਬ ਮੇਲ)- ਫ਼ਗਵਾੜਾ ਦੀ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ‘ਚ ਫਸੇ ਭੂਟਾਨ ਮੂਲ ਦੇ 134 ਵਿਦਿਆਰਥੀ ਇੱਕ ਖਾਸ ਹਵਾਈ ਜਹਾਜ਼ ਰਾਹੀਂ ਆਪਣੇ ਵਤਨ ਚਲੇ ਗਏ ਹਨ। ਇਹ ਸਾਰੇ ਪਿਛਲੇ ਕਈ ਦਿਨਾਂ ਤੋਂ ਯੂਨੀਵਰਸਿਟੀ ਦੇ ਹੋਸਟਲਾਂ ‘ਚ ਫਸੇ ਹੋਏ ਸਨ।
ਕੋਰੋਨਾਵਾਇਰਸ ਦੀ ਵਿਸ਼ਵ-ਪੱਧਰੀ ਮਹਾਮਾਰੀ ਕਾਰਨ ਭਾਰਤ ਸਮੇਤ ਦੁਨੀਆਂ ਦੀ ਅੱਧੀ ਤੋਂ ਵੱਧ ਆਬਾਦੀ ਇਸ ਵੇਲੇ ਲੌਕਡਾਊਨ ਕਾਰਨ ਆਪੋ-ਆਪਣੇ ਘਰਾਂ ਅੰਦਰ ਕੈਦ ਹੈ।
ਖ਼ਬਰ ਏਜੰਸੀ ਏ.ਐੱਨ.ਆਈ. ਮੁਤਾਬਕ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਸ਼੍ਰੀ ਕੇ.ਬੀ.ਐੱਸ. ਸਿੱਧੂ ਨੇ ਦੱਸਿਆ ਕਿ ਭੂਟਾਨ ਸਰਕਾਰ ਨੇ ਆਪਣੇ ਦੇਸ਼ ਦੇ ਇਨ੍ਹਾਂ 134 ਵਿਦਿਆਰਥੀਆਂ ਲਈ ਖਾਸ ਹਵਾਈ ਜਹਾਜ਼ ਦਾ ਇੰਤਜ਼ਾਮ ਕੀਤਾ ਸੀ।
ਇੱਥੇ ਵਰਨਣਯੋਗ ਹੈ ਕਿ ਲੌਕਡਾਊਨ ਕਾਰਨ ਲੱਖਾਂ ਲੋਕ ਭਾਰਤ ‘ਚ ਕਿਤੇ ਨਾ ਕਿਤੇ ਫਸੇ ਹੋਏ ਹਨ। ਕਈ ਪਤੀ-ਪਤਨੀ ਇੱਕ-ਦੂਜੇ ਤੋਂ ਦੂਰ ਕਿਤੇ ਫਸ ਗਏ ਹਨ। ਕਈ ਜੋੜੇ ਤਾਂ ਅਜਿਹੇ ਵੀ ਹਨ, ਜਿਨ੍ਹਾਂ ਦਾ ਪਿਛਲੇ ਕੁਝ ਸਮੇਂ ਦੌਰਾਨ ਹੀ ਵਿਆਹ ਹੋਇਆ ਸੀ।
ਕੁਝ ਨੌਜਵਾਨ ਅਜਿਹੇ ਵੀ ਹਨ, ਜਿਹੜੇ ਨੌਕਰੀ ਜਾਂ ਰੋਜ਼ੀ-ਰੋਟੀ ਦੇ ਚੱਕਰ ਕਾਰਨ ਕਿਸੇ ਹੋਰ ਸੂਬੇ ‘ਚ ਗਏ ਸਨ ਪਰ ਉੱਥੇ ਫਸ ਗਏ। ਹੁਣ ਉਹ ਲੌਕਡਾਊਨ ਕਾਰਨ ਆਪਣੇ ਘਰਾਂ ਨੂੰ ਨਹੀਂ ਪਰਤ ਸਕਦੇ। ਇਕੱਲਿਆਂ ਉਨ੍ਹਾਂ ਦਾ ਮਨ ਨਹੀਂ ਲੱਗ ਰਿਹਾ।
ਸਰਕਾਰ ਕੁਝ ਸ਼ਰਤਾਂ ਉੱਤੇ ਇੱਕ ਤੋਂ ਦੂਜੇ ਸ਼ਹਿਰ ਜਾਂ ਸੂਬੇ ‘ਚ ਜਾਣ ਦੀ ਇਜਾਜ਼ਤ ਦੇ ਰਹੀ ਹੈ। ਇਸ ਮਾਮਲੇ ਦੀ ਔਕੜ ਇਹ ਹੈ ਕਿ ਅਜਿਹੇ ਫਸੇ ਹੋਏ ਲੋਕ ਅਰਜ਼ੀ ਵੀ ਨਹੀਂ ਦੇ ਸਕਦੇ ਕਿ ਉਹ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ। ਦਰਅਸਲ, ਘਰਾਂ ਨੂੰ ਪਰਤਣ ਦੀ ਇਜਾਜ਼ਤ ਲੈਣ ਲਈ ਪ੍ਰਸ਼ਾਸਨ ਨੂੰ ਕੋਈ ਵੱਡਾ ਕਾਰਨ ਦੱਸਣਾ ਪੈਂਦਾ ਹੈ, ਜੋ ਉਨ੍ਹਾਂ ਕੋਲ ਹੈ ਨਹੀਂ।
ਪੰਜਾਬ ਤੋਂ ਵੀ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਬਹੁਤ ਸਾਰੇ ਮਜ਼ਦੂਰ ਪੈਦਲ ਹੀ ਆਪੋ-ਆਪਣੇ ਘਰਾਂ ਨੂੰ ਪਰਤਦੇ ਵੇਖੇ ਗਏ ਸਨ। ਪਰ ਬੀਤੇ ਦਿਨੀਂ ਪੰਜਾਬ ਦੇ ਕੈਬਿਨੇਟ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਨੇ ਦਾਅਵਾ ਕੀਤਾ ਸੀ ਕਿ ਅਜਿਹੇ ਕਿਸੇ ਪ੍ਰਵਾਸੀ ਵਿਅਕਤੀ ਨੂੰ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ ਸੀ ਤੇ ਉਨ੍ਹਾਂ ਸਭਨਾਂ ਨੂੰ ਰੋਕ ਲਿਆ ਗਿਆ ਸੀ।
ਦਰਅਸਲ, ਪੰਜਾਬ ‘ਚ ਹੁਣ ਕਣਕਾਂ ਦੀ ਵਾਢੀ ਦਾ ਮੌਸਮ ਹੈ ਤੇ ਜ਼ਿਆਦਾਤਰ ਵਾਢੀ ਇਹ ਪ੍ਰਵਾਸੀ ਮਜ਼ਦੂਰ ਹੀ ਕਰਦੇ ਹਨ। ਇਸ ਵਾਰ ਵਾਢੀ ਦੇ ਮੌਸਮ ‘ਚ ਇਨ੍ਹਾਂ ਮਜ਼ਦੂਰਾਂ ਦੀ ਤੋਟ ਪੈਦਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


Share