ਪੰਜ ਰਾਸ਼ਟਰਾਂ ਵੱਲੋਂ ਪਰਮਾਣੂ ਜੰਗ ਰੋਕਣ ਤੇ ਹਥਿਆਰਾਂ ਦੀ ਹੋੜ ਖ਼ਤਮ ਕਰਨ ਦਾ ਐਲਾਨ

558
Share

* ਯੂ.ਐੱਨ. ਦੇ ਜਨਰਲ ਸਕੱਤਰ ਨੇ ਸਾਂਝੇ ਬਿਆਨ ਦੀ ਕੀਤੀ ਸ਼ਲਾਘਾ
ਬੀਜਿੰਗ, 6 ਜਨਵਰੀ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਰੇਸ ਨੇ ਪੰਜ ਰਾਸ਼ਟਰਾਂ ਵੱਲੋਂ ਪਰਮਾਣੂ ਜੰਗ ਰੋਕਣ ਤੇ ਹਥਿਆਰਾਂ ਦੀ ਹੋੜ ਖ਼ਤਮ ਕਰਨ ਦੇ ਉਦੇਸ਼ ਨਾਲ ਜਾਰੀ ਕੀਤੇ ਸਾਂਝੇ ਬਿਆਨ ਦਾ ਸਵਾਗਤ ਕੀਤਾ ਹੈ।
ਗੁਤਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਜਨਰਲ ਸਕੱਤਰ ਨੇ ਪਰਮਾਣੂ ਹਥਿਆਰ ਸੰਪੰਨ ਪੰਜ ਰਾਸ਼ਟਰਾਂ ਦੀਆਂ ਸਿਫ਼ਾਰਸ਼ਾਂ ਦੀ ਸ਼ਲਾਘਾ ਕਰਦੇ ਹੋਏ ਦੁਵੱਲੇ ਤੇ ਬਹੁਪੱਖੀ ਅਪ੍ਰਸਾਰ, ਹਥਿਆਰਬੰਦੀ ਤੇ ਹਥਿਆਰ ਕੰਟਰੋਲ ਸਮਝੌਤਿਆਂ ਨੂੰ ਅਸਰਦਾਰ ਬਣਾਉਣ ’ਤੇ ਬਲ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ਾਂ ਨੂੰ ਪਰਮਾਣੂ ਹਥਿਆਰਬੰਦੀ ਨਾਲ ਜੁੜੇ ਅਪ੍ਰਸਾਰ ਸਮਝੌਤੇ ਤਹਿਤ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਪ੍ਰਤੀਬੱਧਤਾ ਦਿਖਾਉਣੀ ਚਾਹੀਦੀ ਹੈ। ਜਨਰਲ ਸਕੱਤਰ ਨੇ ਪਰਮਾਣੂ ਹਥਿਆਰਬੰਦੀ ਦੇ ਟੀਚੇ ਨੂੰ ਹਾਸਲ ਕਰਨ ਲਈ ਪਰਮਾਣੂ ਸ਼ਕਤੀ ਸੰਪਨ ਰਾਸ਼ਟਰਾਂ ਨਾਲ ਮਿਲ ਕੇ ਕੰਮ ਕਰਨਦੀ ਇੱਛਾ ਦੁਹਰਾਈ।
ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਪ੍ਰਮਾਣੂ ਹਥਿਆਰਾਂ ਦੇ ਵਿਸਥਾਰ ਦਾ ਦਾਅਵਾ ਖਾਰਜ
ਚੀਨੀ ਵਿਦੇਸ਼ ਮੰਤਰਾਲੇ ਦੇ ਹਥਿਆਰ ਕੰਟਰੋਲ ਵਿਭਾਗ ਦੇ ਡਾਇਰੈਕਟ ਜਨਰਲ ਫੂ ਕਾਂਗ ਨੇ ਮੰਗਲਵਾਰ ਨੂੰ ਅਮਰੀਕਾ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ, ਜਿਸ ’ਚ ਕਿਹਾ ਗਿਆ ਸੀ ਕਿ ਏਸ਼ੀਆਈ ਦੇਸ਼ ਬਹੁਤ ਤੇਜ਼ੀ ਨਾਲ ਆਪਣੇ ਪਰਮਾਣੂ ਹਥਿਆਰਾਂ ਦਾ ਵਿਸਥਾਰ ਕਰ ਰਿਹਾ ਹੈ। ਇਹੀ ਨਹੀਂ, ਉਸ ਨੇ ਦਾਅਵਾ ਕੀਤਾ ਕਿ ਸੋਮਵਾਰ ਨੂੰ ਪੰਜ ਪਰਮਾਣੂ ਸ਼ਕਤੀ ਸੰਪਨ ਰਾਸ਼ਟਰਾਂ ਵੱਲੋਂ ਸਾਂਝਾ ਬਿਆਨ ਜਾਰੀ ਕੀਤੇ ਜਾਣ ’ਚ ਵੀ ਉਸ ਦੀ ਅਹਿਮ ਭੂਮਿਕਾ ਰਹੀ ਹੈ।
ਅਮਰੀਕਾ ਦੇ ਰੱਖਿਆ ਵਿਭਾਗ ਨੇ ਨਵੰਬਰ ’ਚ ਆਪਣੀ ਰਿਪੋਰਟ ’ਚ ਕਿਹਾ ਸੀ ਕਿ ਚੀਨ ਆਪਣੇ ਪਰਮਾਣੂ ਹਥਿਆਰਾਂ ਦਾ ਤੇਜ਼ੀ ਨਾਲ ਵਿਸਥਾਰ ਕਰ ਰਿਹਾ ਹੈ ਤੇ ਸਾਲ 2030 ਤੱਕ ਉਸ ਕੋਲ ਅਜਿਹੇ ਹਥਿਆਰਾਂ ਦੀ ਗਿਣਤੀ 1,000 ਪਾਰ ਕਰ ਜਾਵੇਗੀ। ਅਮਰੀਕਾ ਕੋਲ ਫਿਲਹਾਲ 3,750 ਪਰਮਾਣੂ ਹਥਿਆਰ ਹਨ।

Share