ਨਿਊਜ਼ੀਲੈਂਡ ਦੀ ਵਿਰੋਧੀ ਧਿਰ ਨੈਸ਼ਨਲ ਪਾਰਟੀ ਨੇ ਬਦਲਿਆ ਆਪਣਾ ਨੇਤਾ-ਟੌਡ ਮੁੱਲਰ ਸੰਭਾਲਣਗੇ ਕਮਾਨ

891
ਨਿਊਜ਼ੀਲੈਂਡ ਨੈਸ਼ਨਲ ਪਾਰਟੀ ਦੇ ਨਵੇਂ ਚੁਣੇ ਗਏ ਨੇਤਾ ਸ੍ਰੀ ਟੌਡ ਮੁੱਲਰ ਅਤੇ ਉਪ ਨੇਤਾ ਨਿਕੀ ਕੇਅ। 
Share

ਰਾਜਨੀਤਕ ਹਲਚੱਲ-ਨੈਸ਼ਨਲ ‘ਚ ਵੱਡਾ ਫੇਰ ਬਦਲ
ਔਕਲੈਂਡ, 22 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ) ਹਾਲ ਹੀ ਵਿਚ ਹੋਏ ਦੋ ਸਰਵੇਖਣਾਂ ਦੇ ਵਿਚ ਨਿਊਜ਼ੀਲੈਂਡ ਪਾਰਲੀਮੈਂਟ ‘ਚ ਵਿਰੋਧੀ ਧਿਰ ਵਜੋਂ ਵਿਚਰ ਰਹੀ ਨੈਸ਼ਨਲ ਪਾਰਟੀ ਦੀ ਲੋਕਪ੍ਰਿਅਤਾ ਬਹੁਤ ਹੇਠਾਂ ਆ ਗਈ ਸੀ। ਇਸਦੇ ਮੁਕਾਬਲੇ ਮੋਜੂਦਾ ਧਿਰ ਲੇਬਰ ਦਾ ਗ੍ਰਾਫ ਕਾਫੀ ਉਤੇ ਗਿਆ। ਕਰੋਨਾ ਵਾਇਰਸ ਨੂੰ ਕਾਬੂ ਰੱਖਣ ਦੇ ਵਿਚ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਆਰਡਨ ਦਾ ਕੱਦ ਹੋਰ ਉਚਾ ਹੋਇਆ। ਨੈਸ਼ਨਲ ਪਾਰਟੀ ਦੇ ਨੇਤਾ ਸ੍ਰੀ ਸਾਇਮਨ ਬ੍ਰਿਜਸ ਦੀ ਲੋਕਪ੍ਰਿਅਤਾ ਕਾਫੀ ਹੇਠਾਂ ਡਿਗੀ ਅਤੇ 5% ਲੋਕਾਂ ਨੇ ਹੀ ਉਸਨੂੰ ਅਗਲਾ ਪ੍ਰਧਾਨ ਮੰਤਰੀ ਵੇਖਣਾ ਪਸੰਦ ਕੀਤਾ। ਇਸਦੇ ਚਲਦੇ ਨੈਸ਼ਨਲ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਵਲਿੰਗਟਨ ਵਿਖੇ ਹੋਈ ਜਿੱਥੇ ਸ੍ਰੀ ਟੌਡ ਮੁੱਲਰ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ ਜਦ ਕਿ ਉਪ ਨੇਤਾ ਦੇ ਤੌਰ ‘ਤੇ ਨਿੱਕੀ ਕੇਅ ਨੂੰ ਚੁਣਿਆ ਗਿਆ। ਪਹਿਲੀ ਉਪ ਨੇਤਾ ਪਾਉਲਾ ਬੈਨੇਟ ਇਸ ਚੋਣ ਵਿਚ ਪਿੱਛੇ ਰਹਿ ਗਏ। ਜੇਕਰ ਅਗਲੀ ਵਾਰ ਨੈਸ਼ਨਲ ਪਾਰਟੀ ਜਿਤਦੀ ਹੈ ਤਾਂ ਸ੍ਰੀ ਟੌਡ ਮੁੱਲਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਟੌਡ ਮੁੱਲਰ ਨੇ ਪਹਿਲੇ ਭਾਸ਼ਣ ਵਿਚ ਕਿਹਾ ਕਿ ਉਨ੍ਹਾਂ ਦਾ ਪਹਿਲਾ ਕਦਮ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣਾ ਹੋਵੇਗਾ।
ਕੌਣ ਹੈ 52 ਸਾਲਾ ਟੌਡ ਮੁੱਲਰ?
ਟੌਡ ਮੁੱਲਰ ਨੇ 1989 ਦੇ ਵਿਚ ਨੈਸ਼ਨਲ ਪਾਰਟੀ ਦੇ ਮੈਂਬਰ ਬਣੇ। 1990 ਦੇ ਦਹਾਕੇ ਵਿਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਿਮ ਬੌਲਗਰ ਦੇ ਦਫਤਰ ਕੰਮ ਕਰਦੇ ਸਨ। ਇਸ ਤੋਂ ਬਾਅਦ ਉਹ ਪ੍ਰਾਈਵੇਟ ਸੈਕਟਰ ਵਿਚ ਚਲੇ ਗਏ। ਕੀਵੀ ਫਰੂਟ ਕੰਪਨੀ ਜੈਸਪਰੀ ਦੇ ਵਿਚ ਉਨ੍ਹਾਂ ਕੰਮ ਕੀਤਾ 2000 ਤੱਕ। ਇਸ ਤੋਂ ਬਾਅਦ ਉਹ ਅਵੋਕਾਡੋ ਕੰਪਨੀ ਅਪਾਟਾ ਦੇ ਵਿਚ 2006 ‘ਚ ਗਏ ਅਤੇ ਚੀਫ ਐਗਜ਼ੀਕਿਊਟਿਵ ਬਣੇ। 2011 ਦੇ ਵਿਚ ਉਹ ਫਨਟੇਰਾ ਕੰਪਨੀ ਵਿਚ ਔਕਲੈਂਡ ਆ ਗਏ। 2014 ਦੇ ਵਿਚ ਪਹਿਲੀ ਉਹ ਬੇਅ ਆਫ ਪਲੈਂਟੀ ਤੋਂ ਮੈਂਬਰ ਪਾਰਲੀਮੈਂਟ ਬਣੇ ਅਤੇ ਫਿਰ ਦੂਜੀ ਵਾਰ 2017 ਦੇ ਵਿਚ ਬਣੇ। ਲਿਸਟ ਦੇ ਵਿਚ ਉਨ੍ਹਾਂ ਦਾ ਨੰਬਰ 43 ਸੀ।  ਉਨ੍ਹਾਂ ਦੇ ਤਿੰਨ ਬੱਚੇ ਹਨ।
ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਨੇ ਸ੍ਰੀ ਟੌਡ ਮੁੱਲਰ ਨੂੰ ਨੈਸ਼ਨਲ ਪਾਰਟੀ ਦਾ ਨਵਾਂ ਨੇਤਾ ਚੁਣੇ ਜਾਣ ਉਤੇ ਵਧਾਈ ਦਿੱਤੀ ਹੈ। ਉਨ੍ਹਾਂ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਟੌਡ ਮੁੱਲਰ ਵੱਡੀਆਂ ਕੰਪਨੀਆਂ ਦੇ ਵਿਚ ਕੰਮ ਕਰ ਚੁੱਕੇ ਹਨ ਅਤੇ ਨਿਊਜ਼ੀਲੈਂਡ ਦੇ ਬਿਜਨਸ ਸਿਸਟਮ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਉਹ 6 ਸਾਲ ਤੋਂ ਐਮ. ਪੀ. ਹਨ ਅਤੇ ਉਨ੍ਹਾਂ ਨਾਲ ਵਧੀਆ ਸਬੰਧ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਏਥਨਿਕ ਕਮਿਊਨਿਟੀਆਂ ਦੇ ਨਾਲ ਰਲ ਕੇ ਨੈਸ਼ਨਲ ਪਾਰਟੀ ਦੀ ਸਾਖ ਨੂੰ ਉਚਾ ਚੁੱਕਣਗੇ।


Share