ਨਿਊਜ਼ੀਲੈਂਡ ‘ਚ ਵਾਪਿਸ ਪਰਤ ਰਹੇ ਨਾਗਰਿਕਾਂ, ਪੱਕੇ ਵਸਨੀਕਾਂ ਅਤੇ ਹੋਰਾਂ ਲਈ 14 ਦਿਨਾਂ ਪ੍ਰਬੰਧਕੀ ਏਕਾਂਤਵਾਸ ਦੀ ਘਾਟ

783
Share

ਏਕਾਂਤਵਾਸ: ਰੁਕੋ ਬਈ….ਜਗ੍ਹਾ ਘੱਟ ਪੈ ਗਈ
-ਵਿਦੇਸ਼ੀ ਫਸੇ ਲੋਕਾਂ ਨੂੰ ਹੁਣ ਹੋਰ ਉਡੀਕ ਕਰਨੀ ਪੈ ਸਕਦੀ ਹੈ
ਔਕਲੈਂਡ, 21 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਵਿਚ ਵਾਪਿਸ ਪਰਤ ਰਹੇ ਨਾਗਰਿਕਾਂ, ਪੱਕੇ ਵਸਨੀਕਾਂ ਅਤੇ ਹੋਰ ਵੀਜ਼ਾ ਧਾਰਕਾਂ ਨੂੰ ਹੁਣ ਵਿਦੇਸ਼ਾਂ ਦੇ ਵਿਚ ਹੀ ਅਜੇ ਹੋਰ ਲੰਬੀ ਉਡੀਕ ਕਰਨੀ ਪੈ ਸਕਦੀ ਹੈ। ਹਾਊਸਿੰਗ ਮੰਤਰੀ ਨਿਊਜ਼ੀਲੈਂਡ ਨੇ ਇਸ਼ਾਰਾ ਕੀਤਾ ਹੈ ਕਿ ਹੁਣ ਦੇਸ਼ ਦੇ ਵਿਚ ਪ੍ਰਬੰਧਕੀ ਆਈਸੋਲੇਸ਼ਨ (ਏਕਾਂਤਵਾਸ) ਸਥਾਨਾਂ ਦੀ ਘਾਟ ਪੈ ਗਈ ਹੈ। ਜੋ ਪ੍ਰਬੰਧਕੀ ਸਥਾਨ ਬਣਾਏ ਗਏ ਸਨ ਉਨ੍ਹਾਂ ਦੇ ਵਿਚ ਬਹੁਤ ਸਾਰੇ ਲੋਕ ਹੁਣ ਆ ਚੁੱਕੇ ਹਨ। ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ ਇਸ ਕਰਕੇ ਉਨ੍ਹਾਂ ਨੂੰ ਅਜੇ ਹੋਰ ਲੰਬੀ ਉਡੀਕ ਲਈ ਕਿਹਾ ਜਾ ਸਕਦਾ ਹੈ। ਔਕਲੈਂਡ ਦੇ ਵਿਚ ਜਗ੍ਹਾ ਨਾ ਹੋਣ ਕਰਕੇ ਹੁਣ ਰੋਟੋਰੂਆ ਵਿਖੇ ਦੋ ਹੋਰ ਨਵੇਂ ਸਥਾਨ ਬਣਾਏ ਗਏ ਹਨ। ਔਕਲੈਂਡ ਤੋਂ ਬੱਸਾਂ ਦੇ ਰਾਹੀਂ ਵਿਦੇਸ਼ੋਂ ਆਏ ਯਾਤਰੀ ਹੁਣ ਉਥੇ ਪਹੁੰਚਾਏ ਗਏ ਹਨ। ਬੀਤੇ ਕੱਲ੍ਹ 232 ਲੋਕ ਉਥੇ 7 ਬੱਸਾਂ ਦੇ ਵਿਚ ਪਹੁੰਚਾਏ ਗਏ ਹਨ। ਦੇਸ਼ ਵਿਚ ਇਸ ਵੇਲੇ 4727 ਲੋਕ ਮੈਨੇਜਡ ਆਈਸੋਲੇਸ਼ਨ ਦੇ ਵਿਚ ਰਹਿ ਰਹੇ ਹਨ। ਕੁੱਲ 18 ਹੋਟਲ ਔਕਲੈਂਡ ਅਤੇ ਕ੍ਰਾਈਸਟਚਰਚ ਵਿਚ ਇਸ ਵੇਲੇ ਆਈਸੋਲੇਸ਼ਨ ਲਈ ਵਰਤੇ ਜਾ ਰਹੇ ਹਨ। ਹੁਣ ਸਾਰੇ ਲੋਕਾਂ ਦਾ ਤੀਜੇ ਦਿਨ ਅਤੇ 12ਵੇਂ ਦਿਨ ਟੈਸਟ ਕੀਤਾ ਜਾ ਰਿਹਾ ਹੈ। ਸੋ ਸਿਹਤ ਮਹਿਕਮਾ ਅਸਲ ਵਿਚ ਲੋਕਾਂ ਨੂੰ ਕਹਿ ਰਿਹਾ ਹੈ ਕਿ ” ਰੁਕੋ ਬਈ….ਜਗ੍ਹਾ ਘੱਟ ਪੈ ਗਈ ਹੈ।”


Share