ਨਿਊਯਾਰਕ ਦੇ ਸਿੱਖਾਂ ਨੇ ਕੋਰੋਨਾ ਕਰਕੇ ਵੱਖ ਕੀਤੇ ਨਿਊਯਾਰਕ ਵਾਸੀਆਂ ਵਾਸਤੇ ਕੀਤਾ 30 ਹਜ਼ਾਰ ਪੈਕੇਟ ਖਾਣੇ ਦਾ ਪ੍ਰਬੰਧ

810
Share

-ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ ਤੇ ਗੁਰਦੁਆਰਾ ਸਾਹਿਬ ਦੇ ਪ੍ਰਬਂੰਧਕਾਂ ਦਾ ਸਹਿਯੋਗ ਵਾਸਤੇ ਕੀਤਾ ਧੰਨਵਾਦ
ਨਿਊਯਾਰਕ, 25 ਮਾਰਚ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ)- ਕੋਰੋਨਾਵਾਇਰਸ ਕਰਕੇ ਨਿਊਯਾਰਕ ਰਾਜ ਤੇ ਨਿਊਯਾਰਕ ਸ਼ਹਿਰ ਦੀ ਹਾਲਤ ਕਾਫੀ ਨਾਜ਼ੁਕ ਹੈ। ਹੁਣ ਤੱਕ ਪ੍ਰਾਪਤ ਖਬਰਾਂ ਅਨੁਸਾਰ ਕੁੱਲ ਦੁਨੀਆਂ ‘ਚ 417,000 ਮਨੁੱਖਾਂ ਵਿਚ ਕੋਰੋਨਾ ਹੋਣ ਦੀ ਡਾਕਟਰਾਂ ਨੇ ਪਛਾਣ ਕੀਤੀ ਹੈ। ਅਮਰੀਕਾ ‘ਚ 53,000 ਮਨੁੱਖਾਂ ਵਿਚ ਕੋਰੋਨਾ ਪਾਇਆ ਗਿਆ ਹੈ ਤੇ ਕੁੱਲ 696 ਮੌਤਾਂ ਅਮਰੀਕਾ ‘ਚ ਦਰਜ ਕੀਤੀਆਂ ਹਨ। ਕੁੱਲ ਸੰਸਾਰ ‘ਚ ਹੁਣ ਤੱਕ 18,810 ਮੌਤਾਂ ਹੋ ਚੁੱਕੀਆਂ ਨੇ ਤੇ ਇਹ ਗਿਣਤੀ ਵਧ ਰਹੀ ਹੈ। ਇਕੱਲੇ ਨਿਊਯਾਰਕ ਵਿਚ ਖਬਰਾਂ ਲਿਖਣ ਤੱਕ 131 ਮੌਤਾਂ ਸਿਹਤ ਮਹਿਕਮੇ ਨੇ ਦਰਜ ਕੀਤੀਆਂ ਹਨ, ਜਿਸ ਨਾਲ ਨਿਊਯਾਰਕ ਰਾਜ ਦੀ ਸਰਕਾਰ ਸਦਮੇ ਤੇ ਭਾਰੀ ਦਬਾਅ ਵਿਚ ਹੈ ਤੇ ਗਵਰਨਰ ਜਨਾਬ ਕੋਮੋ ਨੇ ਸਾਵਧਾਨੀ ਵਜੋਂ ਸ਼ਹਿਰ ‘ਚ ਫੌਜ ਦਾ ਫਲੈਗ ਮਾਰਚ ਕਰਵਾਇਆ ਹੈ, ਤਾਂ ਕਿ ਸ਼ਰਾਰਤੀ, ਅਪਰਾਧੀ ਤੇ ਲੁਟੇਰਾ ਬਿਰਤੀ ਅਨਸਰਾਂ ਨੂੰ ਸਖਤ ਸੁਨੇਹਾ ਮਿਲ ਸਕੇ ਤੇ ਚੰਗੇ ਨਾਗਰਿਕਾਂ ਨੂੰ ਧਰਵਾਸ ਮਿਲ ਸਕੇ।
ਲਗਪਗ 86 ਲੱਖ ਦੀ ਆਬਾਦੀ ਵਾਲੇ ਅੰਤਰਰਾਸ਼ਟਰੀ ਸ਼ਹਿਰ ਨਿਊਯਾਰਕ ਦੇ ਮੇਅਰ ਜਨਾਬ ਬਿੱਲ ਡੀ ਬਲਾਸੀਉ ਦੇ ਦਫਤਰ ਨੇ ਕੋਰੋਨਾ ਕਰਕੇ ਵੱਖ-ਵੱਖ ਕੀਤੇ ਗਏ ਵਾਸੀਆਂ ਵਾਸਤੇ, ਤੀਹ ਹਜ਼ਾਰ ਲੋਕਾਂ ਵਾਸਤੇ ਤਿਆਰ ਕੀਤੇ ਖਾਣੇ ਦੇ ਲਗਪਗ ਤੀਹ ਹਜ਼ਾਰ ਪੈਕਟ ਤਿਆਰ ਕਰਨ ਵਾਸਤੇ ਨਿਊਯਾਰਕ ਦੇ ਸਿੱਖ ਆਗੂਆਂ ਤੱਕ ਸੰਪਰਕ ਕੀਤਾ, ਜਿਨ੍ਹਾਂ ਵਿਚ ਸਿੱਖ ਕੋਆਰਡੀਨੇਸ਼ਨ ਕਮੇਟੀ ਇਸਟ ਕੋਸਟ ਦੇ ਹਿੰਮਤ ਸਿੰਘ ਸਨ। ਜਿਨ੍ਹਾਂ ਨੇ ਹੋਰ ਆਗੂਆਂ ਤੇ ਸੰਗਤਾਂ ਨਾਲ ਸੰਪਰਕ ਕਰਕੇ ਗੁਰਦੁਆਰਾ ਸਾਹਿਬ ਦ ਸਿੱਖ ਸੈਂਟਰ ਆਫ ਨਿਊਯਾਰਕ ਦੇ ਪ੍ਰਬੰਧਕਾਂ ਨਾਲ ਸਲਾਹ-ਮਸ਼ਵਰਾ ਕਰਕੇ ਸੇਵਾ ਦੇ ਇਸ ਵੱਡੇ ਕਾਰਜ ਦੀ ਜ਼ਿੰਮੇਵਾਰੀ ਕਬੂਲੀ।
ਹਿੰਮਤ ਸਿੰਘ ਹੁਰਾਂ ਦੱਸਿਆ ਕਿ ਜਿਨ੍ਹਾਂ ਸੰਗਤਾਂ ਨੇ ਖਾਣਾ ਤਿਆਰ ਕਰਨਾ ਸੀ, ਉਨਾਂ ਦੀ ਸਿਹਤ ਵਿਭਾਗ ਨੇ ਚੰਗੀ ਤਰ੍ਹਾਂ ਜਾਂਚ ਕੀਤੀ, ਖਾਣਾ ਚੈੱਕ ਕੀਤਾ ਤੇ ਜਿਸ ਤਰ੍ਹਾਂ ਹਿਦਾਇਤਾਂ ਦਿੱਤੀਆਂ, ਬਿਲਕੁਲ ਉਸੇ ਤਰ੍ਹਾਂ ਖਾਣਾ ਤਿਆਰ ਕੀਤਾ ਗਿਆ। ਖਾਣਾ ਤਿਆਰ ਕਰਨ ਸਮੇਂ ਸਫਾਈ ਦਾ ਪੂਰਾ ਧਿਆਨ ਰੱਖਿਆ ਗਿਆ ਹੈ, ਮੂੰਹ ‘ਤੇ ਮਾਸਕ ਤੇ ਹੱਥਾਂ ‘ਤੇ ਦਸਤਾਨੇ ਪਾ ਕੇ ਲੰਗਰ ਤਿਆਰ ਕੀਤਾ ਗਿਆ। ਇਹ ਸ਼ਾਕਾਹਾਰੀ ਖਾਣਾ ਸੀ, ਜਿਸ ਵਿਚ ਦਾਲਾਂ, ਮਟਰ, ਸੁੱਕੇ ਮੇਵੇ ਜਿਵੇਂ ਅਖਰੋਟ, ਬਦਾਮ, ਪਿਸਤਾ, ਕਾਜੂ ਵਗੈਰਾ ਸਨ, ਨਾਲ ਖਾਣੇ ਦੇ ਤੀਹ ਹਜ਼ਾਰ ਤੋਂ ਉਪਰ ਪੈਕਟ ਤਿਆਰ ਕਰ ਕੇ ਸਰਕਾਰੀ ਵਿਭਾਗ ਤੇ ਸੰਘੀ ਅਧਿਕਾਰੀਆਂ ਹਵਾਲੇ ਕੀਤੇ ਗਏ। ਜਿਨ੍ਹਾਂ ਅੱਗੋਂ ਖਾਣੇ ਦੇ ਪੈਕਟ ਉਨ੍ਹਾਂ ਲੋਕਾਂ ਤੱਕ ਪਹੁੰਚਾਏ, ਜੋ ਕੋਰੋਨਾ ਕਰਕੇ ਸ਼ਹਿਰ ਦੇ ਵੱਖ-ਵੱਖ ਹੋਟਲਾਂ, ਮੋਟਲਾਂ ਤੇ ਵੱਖਰੇ ਘਰਾਂ ਵਿਚ ਦੋ ਹਫਤਿਆਂ ਲਈ ਰੱਖੇ ਗਏ ਹਨ।
ਇਨ੍ਹਾਂ ਵਿਚ 90% ਅਮਰੀਕੀ ਹਨ ਤੇ ਭਾਰਤੀ ਤੇ ਪੰਜਾਬੀ ਸਿਰਫ ਉਹੀ ਹਨ, ਜੋ ਭਾਰਤ ਤੋਂ ਆਏ ਹਨ ਜਾਂ ਜਿਹੜੇ ਵਿਦਿਆਰਥੀ ਪੜ੍ਹਨ ਆਏ ਹਨ।
ਹਿੰਮਤ ਸਿੰਘ ਹੁਰਾਂ ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ ਤੇ ਗੁਰਦੁਆਰਾ ਸਾਹਿਬ ਦੇ ਪ੍ਰਬਂੰਧਕਾਂ ਦਾ ਸਹਿਯੋਗ ਵਾਸਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੇਵਾ ਦੇ ਵੱਡੇ ਕਾਰਜ ਵਾਸਤੇ ਗੁਰਦੁਆਰਾ ਸਾਹਿਬਾਨ ‘ਚ ਪਹਿਲਾਂ ਤੋਂ ਰੱਖੀ ਲੰਗਰ ਦੀ ਸਮੱਗਰੀ ਵੀ ਵਰਤੋਂ ਵਿਚ ਲਿਆਂਦੀ ਤੇ ਨਵੀਂ ਵੀ ਖਰੀਦੀ। ਸੇਵਾ ਦੇ ਖੇਤਰ ਵਿਚ ਯੂਨਾਈਟਿਡ ਸਿੱਖਸ ਨੇ ਵੀ ਬਹੁਤ ਹੱਥ ਵਟਾਇਆ ਤੇ ਆਪਣਾ ਹਿੱਸਾ ਪਾਇਆ।
ਮੇਅਰ ਦੇ ਦਫਤਰ ਨੂੰ ਸਿੱਖਾਂ ਤੱਕ ਪਹੁੰਚ ਕਰਨ ਵਾਸਤੇ ਇਸ ਵਾਸਤੇ ਮਜਬੂਰ ਹੋਣਾ ਪਿਆ ਕਿਉਂਕਿ ਸ਼ਹਿਰ ਵਿਚ ਕੋਰੋਨਾ ਕਰਕੇ ਬਜ਼ੁਰਗਾਂ, ਇਕੱਲੀਆਂ ਰਹਿ ਰਹੀਆਂ ਮਾਵਾਂ ਤੇ ਹੋਮਲੈੱਸ ਨੂੰ ਮਾਰਕੀਟ ਵਿਚੋਂ ਲਾਕਡਾਉਨ ਕਰਕੇ ਖਾਣਾ ਹਾਸਲ ਕਰਨ ਔਖਾ ਹੋ ਗਿਆ ਸੀ ਤੇ ਹੰਗਾਮੀ ਹਾਲਤ ਵਿਚ ਹੀ ਸ਼ਹਿਰ ਦੀ ਸਰਕਾਰ ਨੇ ਸਿਖਾਂ ਤੱਕ ਪਹੁੰਚ ਕੀਤੀ, ਜਿਸਨੂੰ ਸਿੱਖਾਂ ਨੇ ਗੁਰੂ ਮਹਾਰਾਜ ਦੀ ਮੇਹਰ ਸਦਕਾ ਪੂਰਾ ਕਰ ਵਿਖਾਇਆ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਹੁਰਾਂ ਮਿਲਪੀਟਸ, ਕੈਲੀਫੋਰਨੀਆ ਵਿਚ ਦੱਸਿਆ ਕਿ ਮਿਲਪੀਟਸ ਸਿੰਘ ਸਭਾ ਗੁਰਦਆਰਾ ਸਾਹਿਬ ਵਿਚ ਹਰ ਸਮੇਂ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਹੈ ਤੇ ਜੇ ਕਿਸੇ ਪਾਸੇ ਤੋਂ ਕਾਲ ਆ ਜਾਂਦੀ ਹੈ, ਤਾਂ ਤਾਜ਼ਾ ਖਾਣੇ ਦੇ ਪੈਕਟ ਘਰੋਂ-ਘਰੀ ਪੁਚਾ ਦਿੱਤੇ ਜਾਂਦੇ ਹਨ। ਸੈਨਹੋਜ਼ੇ ਸ਼ਹਿਰ ਤੇ ਮਿਲਪੀਟਸ ਸ਼ਹਿਰੀ ਸਰਕਾਰ ਨਾਲ ਸੰਪਰਕ ਹਨ, ਤੇ ਜੇ ਉਹ ਕਿਸੇ ਥਾਂ ਖਾਣਾ ਪੁਚਾਣ ਵਾਸਤੇ ਬੇਨਤੀ ਕਰਦੇ ਹਨ, ਤਾਂ ਉਥੇ ਵੀ ਸੇਵਾਦਾਰ ਖਾਣਾ ਪੁਚਾ ਦਿੰਦੇ ਹਨ। ਲਾਕਡਾਊਨ ਕਰਕੇ ਬਜ਼ੁਰਗਾਂ, ਹੋਮਲੈੱਸ, ਕੱਲੇ-ਕੱਲੇ ਮਾਂ-ਪਿਉ ਜੋ ਘਰਾਂ ਵਿਚ ਬੱਚਿਆਂ ਦੀ ਦੇਖਭਾਲ ਕਰ ਰਹੇ ਹਨ, ਨੂੰ ਇਸ ਖਾਣੇ ਦੀ ਸਹੂਲਤ ਦਿੱਤੀ ਜਾ ਰਹੀ ਹੈ। ਡਾਕਟਰ ਸਿੰਘ ਨੇ ਕਿਹਾ ਕਿ ਹੰਗਾਮੀ ਹਾਲਤਾਂ ਵਿਚ ਲੋਕਾਂ ਤੇ ਸਰਕਾਰਾਂ ਮਿਲਕੇ ਔਖੇ ਕਾਰਜਾਂ ਨੂੰ ਹੱਥ ਪਾਉਂਦੀਆਂ ਹਨ। ਏ.ਜੀ.ਪੀ.ਸੀ. ਨਾਲ ਸੰਬੰਧਤ ਅਮਰੀਕਾ ਭਰਦੇ ਗੁਰਦੁਆਰਾ ਸਾਹਿਬਾਨਾਂ ਨਾਲ ਸੰਪਰਕ ਕਰਕੇ ਕੋਰੋਨਾ ਨਾਲ ਪੀੜਤ ਲੋਕਾਂ ਵਾਸਤੇ ਰਿਹਾਇਸ਼ ਤੇ ਖਾਣੇ ਦੇ ਪ੍ਰਬੰਧ ਕਰਨ ਵਾਸਤੇ ਬੇਨਤੀ ਕੀਤੀ ਹੈ। ਸਾਡਾ ਸਿੱਖਾਂ ਦਾ ਇਹ ਧਾਰਮਿਕ ਫਰਜ਼ ਹੈ ਕਿ ਔਖੀ ਘੜੀ ਜੋ ਬਣ ਸਰ ਆਉਂਦਾ ਹੈ, ਕੀਤਾ ਜਾਵੇ….।


Share