ਦੁਨੀਆਂ ਭਰ ‘ਚ ਨਸਲਵਾਦ ਖ਼ਿਲਾਫ਼ ਚੱਲ ਰਹੀ ਮੁਹਿੰਮ ਦੇ ਘੇਰੇ ‘ਚ ਪੰਜਾਬ ਪੁਲਿਸ ਵੀ ਆਈ!

728
Share

ਚੰਡੀਗੜ੍ਹ, 14 ਜੁਨ (ਪੰਜਾਬ ਮੇਲ)- ਦੁਨੀਆਂ ਭਰ ‘ਚ ਨਸਲਵਾਦ ਖ਼ਿਲਾਫ਼ ਚੱਲ ਰਹੀ ਮੁਹਿੰਮ ਦੇ ਘੇਰੇ ‘ਚ ਪੰਜਾਬ ਪੁਲਿਸ ਵੀ ਆ ਗਈ ਹੈ। ਸੂਬਾ ਪੁਲਿਸ ਟਰਾਇਲ ਅਦਾਲਤਾਂ ‘ਚ ਦਾਇਰ ਕੀਤੀਆਂ ਜਾਂਦੀਆਂ ਆਪਣੀਆਂ ਆਖ਼ਰੀ ਜਾਂਚ ਰਿਪੋਰਟਾਂ ‘ਚ ਅਫ਼ਰੀਕੀ ਨਾਗਰਿਕਾਂ ਲਈ ‘ਬੇਹੱਦ ਅਪਮਾਨਜਨਕ’ ਸ਼ਬਦ ਵਰਤ ਰਹੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੁਲਿਸ ਦੀ ਇਸ ‘ਮਾੜੀ ਸੋਚ’ ਲਈ ਅਤੇ ‘ਮੁਲਕ ਦੀ ਬਦਨਾਮੀ ਕਰਵਾਉਣ ਤੇ ਨਫ਼ਰਤ ਪੈਦਾ ਕਰਨ’ ਲਈ ਖਿਚਾਈ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਹ ‘ਨੁਕਸਾਨਦੇਹ ਵਰਤਾਰਾ’ ਹੈ ਤੇ ਸਮਾਜਿਕ ਤੌਰ ‘ਤੇ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਜਸਟਿਸ ਰਾਜੀਵ ਨਰੈਣ ਰੈਣਾ ਨੇ ਰਾਜ ਦੇ ਪੁਲਿਸ ਮੁਖੀ ਨੂੰ ਮਾਮਲੇ ‘ਚ ਦਖ਼ਲ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਕੇਸ ਕਾਗਜ਼ਾਤਾਂ ‘ਚ ਇਸ ਤਰ੍ਹਾਂ ਦੇ ਸ਼ਬਦ ਨਾ ਵਰਤਣ ਲਈ ਹਦਾਇਤਾਂ ਜਾਰੀ ਕਰਨ। ਵਿਅਕਤੀ ਕਿਸ ਮੁਲਕ ਨਾਲ ਸਬੰਧਤ ਹੈ, ਸਿੱਧੇ ਤੌਰ ‘ਤੇ ਲਿਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀਆਂ ਤੇ ਪੁਲਿਸ ਅਫ਼ਸਰਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ ਤੇ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਕਿਸੇ ਨਾਲ ਰੰਗ ਦੇ ਆਧਾਰ ਉੱਤੇ ਪੱਖਪਾਤ ਨਾ ਕਰੇ।

Share