ਦਿੱਲੀ ਵਿੱਚ ਰਹਿ ਰਹੇ 1000 ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਨੂੰ ਭੇਜਿਆ ਗਿਆ ਰਾਸ਼ਨ

727
Share

ਦਿੱਲੀ ਸਰਕਾਰ ਦੀ ਬੇਨਤੀ ਉੱਤੇ ਗ੍ਰੇਟਰ ਕੈਲਾਸ਼ ਦੇ ਪਹਾੜੀ ਵਾਲਾ ਗੁਰਦਵਾਰੇ ਨੇ ਵਧਾਇਆ ਮਦਦ ਦਾ ਹੱਥ
ਨਵੀਂ ਦਿੱਲੀ, 2 ਮਈ (ਪੰਜਾਬ ਮੇਲ)- ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਗ੍ਰੇਟਰ ਕੈਲਾਸ਼, ਪਹਾੜੀ ਵਾਲੇ ਦੇ ਵੱਲੋਂ ਅੱਜ ਮਜਨੂੰ ਦਾ ਟੀਲਾ ਸ਼ਰਨਾਰਥੀ ਕੈਂਪ ਵਿੱਚ ਰਹਿ ਰਹੇ 1000 ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਲਈ ਜ਼ਰੂਰੀ ਵਸਤਾਂ ਦੀ ਕਿੱਟ ਬਣਾ ਕੇ, ਦਿੱਲੀ ਸਰਕਾਰ ਰਾਹੀ ਸਹਾਇਤਾ ਸਾਮਗਰੀ ਭੇਜੀ ਗਈ। ਇਸ ਤੋਂ ਪਹਿਲਾਂ 29 ਅਪ੍ਰੈਲ ਨੂੰ ਦਿੱਲੀ ਸਰਕਾਰ ਨੇ ਆਧਿਕਾਰਿਕ ਤੌਰ ਉੱਤੇ ਗੁਰਦੁਆਰਾ ਕਮੇਟੀ ਨੂੰ ਇਸ ਸਬੰਧੀ ਬੇਨਤੀ ਪੱਤਰ ਭੇਜਿਆ ਸੀ।  ਜਿਸ ਵਿੱਚ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਦੇ ਪਰੇਸ਼ਾਨੀ ਵਿੱਚ ਹੋਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੇ  ਲਈ ਤਤਕਾਲ ਮਨੁੱਖੀ ਆਧਾਰ ਉੱਤੇ ਸਹਾਇਤਾ ਦੇਣ ਦੀ ਮੰਗ ਕੀਤੀ ਗਈ ਸੀ। ਨਾਲ ਹੀ ਜ਼ਰੂਰਤ ਦੀਆਂ ਵਸਤਾਂ ਦੀ ਸੂਚੀ ਵੀ ਦਿੱਤੀ ਗਈ ਸੀ। ਇੱਥੇ ਦੱਸ ਦੇਈਏ ਕਿ ਕੋਰੋਨਾ ਦੇ ਕਹਿਰ ਦੇ ਬਾਅਦ ਹੋਈ ਤਾਲਾਬੰਦੀ ਦੇ ਬਾਅਦ ਤੋਂ ਉਕਤ ਗੁਰਦੁਆਰਾ ਸਾਹਿਬਾਨ ਲਗਾਤਾਰ ਲੋੜਵੰਦ ਲੋਕਾਂ ਨੂੰ ਲੰਗਰ ਅਤੇ ਰਾਸ਼ਨ ਵੰਡਣ  ਦੇ ਕੰਮ ਵਿੱਚ ਪਹਿਲਾਂ ਤੋਂ ਹੀ ਸਰਗਰਮ ਹੈ। ਗੁਰਦੁਆਰਾ ਸਾਹਿਬ ਵੱਲੋਂ ਹੁਣ ਵਰਤਮਾਨ ਵਿੱਚ ਵੀ ਰੋਜ਼ਾਨਾ ਲਗ-ਪਗ 5000 ਲੋਕਾਂ ਨੂੰ ਕਿਸੇ ਵੀ ਜਾਤ ਜਾਂ ਧਰਮ ਦੇ ਵਿਤਕਰੇ ਨਾਲ ਦੇਖਣ ਦੀ ਬਜਾਏ,  ਬਰਾਬਰਤਾ ਦੀ ਨਜ਼ਰ ਨਾਲ ਦੇਖਦੇ ਹੋਏ ਸੁੱਕੇ ਜਾਂ ਬਣੇ ਹੋਏ ਭੋਜਨ ਦੇ ਮਾਧਿਅਮ ਨਾਲ ਸਹਾਇਤਾ ਕੀਤੀ ਜਾ ਰਹੀ ਹੈ। ਉਕਤ ਰਾਹਤ ਕੰਮਾਂ ਦੀ ਨਿਗਰਾਨੀ ਅਤੇ ਤਾਲਮੇਲ ਦਾ ਕਾਰਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਕੀਤਾ ਜਾ ਰਿਹਾ ਹੈ।

ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਵਰਨ ਸਿੰਘ  ਭੰਡਾਰੀ ਨੇ ਕਿਹਾ ਕਿ ਦੁਨੀਆ ਭਰ ਦੇ ਸਿੱਖ ਇਸ ਸੰਕਟ ਵਿੱਚ ਲੋਕਾਂ ਦੀ ਮਦਦ ਕਰਨ ਵਿੱਚ ਸਰਗਰਮ ਰੂਪ ‘ਚ ਸ਼ਾਮਿਲ ਹਨ ਅਤੇ ਸਾਡੇ ਲਈ ਮਨੁੱਖ ਜਾਤੀ ਦੀ ਸੇਵਾ ਕਰਨਾ ਕਿਸੇ ਸਨਮਾਨ ਤੋਂ ਘੱਟ ਨਹੀਂ ਹੈ। ਸਾਡੇ ਤੋਂ ਪ੍ਰਦੀਪ ਤਾਇਲ, ਦਿੱਲੀ ਸਰਕਾਰ ਦੇ ਐਸਡੀਐਮ ਨੇ ਮਦਦ ਲਈ ਬੇਨਤੀ ਕੀਤੀ ਸੀ। ਜਿਸ ਉੱਤੇ ਸਾਡੀ ਸਾਰੀ ਪ੍ਰਬੰਧਕ ਕਮੇਟੀ ਨੇ ਮਦਦ ਲਈ ਗਰਮ-ਜੋਸ਼ੀ ਨਾਲ ਸਹਿਮਤੀ ਦੇ ਦਿੱਤੀ। ਕਿਉਂਕਿ ਪਾਕਿਸਤਾਨੀ ਨਾਗਰਿਕਾਂ ਨੇ ਦਿੱਲੀ ਵਿੱਚ ਸ਼ਰਨ ਲਈ ਹੋਈ ਹੈ ਅਤੇ ਅਸੀਂ ਕਿਸੇ ਵੀ ਧਰਮ ਦੇ ਕਿਸੇ ਵੀ ਲੋੜਵੰਦ ਨੂੰ ਹਮੇਸ਼ਾ ਤੋਂ ਸੇਵਾ ਦੇਣ ਲਈ ਹੀ ਜਾਣੇ ਜਾਉਂਦੇ ਹਾਂ। ਇਸ ਲਈ ਸਹਾਇਤਾ ਕਿੱਟ ਵਿੱਚ ਹਰ ਇੱਕ ਵਿਅਕਤੀ ਲਈ ਭੋਜਨ ਅਤੇ ਜ਼ਰੂਰੀ ਅਪੂਰਤੀ ਜਿਵੇਂ ਫੇਸ ਮਾਸਕ, ਆਟਾ, ਖਾਣ ਦਾ ਤੇਲ, ਦਾਲਾਂ, ਚਾਹ ਅਤੇ ਸੈਨਿਟਾਇਜਰ ਸ਼ਾਮਿਲ ਕੀਤੇ ਗਏ ਹਨ। ਇਸ ਮੌਕੇ ਕਮੇਟੀ  ਦੇ ਸੀਨੀਅਰ ਪ੍ਰਬੰਧਕ ਬਲਬੀਰ ਸਿੰਘ ਕੋਹਲੀ, ਜਨਰਲ ਸਕੱਤਰ ਗੁਲਸ਼ਨ ਬੀਰ ਸਿੰਘ, ਦਿੱਲੀ ਕਮੇਟੀ ਮੈਂਬਰ ਹਰਜੀਤ ਸਿੰਘ ਜੀਕੇ ਆਦਿਕ ਨੇ ਸਿਵਲ ਲਾਇੰਸ ਦੇ ਤਹਿਸੀਲਦਾਰ ਵਿਜੈ ਕੁਮਾਰ  ਨੂੰ ਸ਼ਰਨਾਰਥੀਆਂ ਲਈ ਸਹਾਇਤਾ ਸਾਮਗਰੀ ਸੌਂਪੀ।  ਜਿਸ ਨੂੰ ਬਾਅਦ ਵਿੱਚ ਸ਼ਰਨਾਰਥੀਆਂ ਤੱਕ ਪ੍ਰਸ਼ਾਸਨ ਵੱਲੋਂ ਤੁਰੰਤ ਵੰਡਵਾਂ ਦਿੱਤਾ ਗਿਆ।


Share