ਡਬਲਯੂ.ਐੱਚ.ਓ. ਵਲੋਂ ਕੋਵਿਡ-19 ਤੋਂ ਬਚਾਅ ਲਈ ਵੀਡੀਓ ਜਾਰੀ

713
Share

ਵਾਸ਼ਿੰਗਟਨ, 4 ਮਾਰਚ (ਪੰਜਾਬ ਮੇਲ)- ਦੁਨੀਆਂ ਭਰ ਦੇ 70 ਤੋਂ ਵਧੇਰੇ ਦੇਸ਼ਾਂ ‘ਚ ਕੋਰੋਨਾਵਾਇਰਸ ਫੈਲ ਚੁੱਕਾ ਹੈ। ਪੂਰੀ ਦੁਨੀਆਂ ਵਿਚ ਇਸ ਵਾਇਰਸ ਦੇ 90 ਹਜ਼ਾਰ ਦੇ ਤਕਰੀਬਨ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਅਧਨਾਮ ਗੇਬਰੇਸਸ ਨੇ ਵੀਡੀਓ ਸ਼ੇਅਰ ਕਰਕੇ ਇਸ ਦੇ ਫੈਲਾਅ ਦੇ ਕਾਰਨਾਂ ਤੇ ਬਚਾਅ ਦੇ ਉਪਾਅ ਬਾਰੇ ਜਾਣਕਾਰੀ ਦਿੱਤੀ ਹੈ।
* ਜਾਰੀ ਵੀਡੀਓ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਜਿਹਾ ਵਾਇਰਸ ਮਨੁੱਖਾਂ ਵਿਚ ਪਹਿਲੀ ਵਾਰ ਫੈਲਿਆ ਹੈ। ਇਹ ਵਾਇਰਸ ਇਕ ਮਨੁੱਖ ਤੋਂ ਦੂਜੇ ਮਨੁੱਖ ਵਿਚ ਗੱਲਬਾਤ, ਖੰਘਣ ਤੇ ਛਿੱਕਣ ਨਾਲ ਫੈਲ ਰਿਹਾ ਹੈ। 
* ਜਦੋਂ ਇਕ ਪ੍ਰਭਾਵਿਤ ਵਿਅਕਤੀ ਕਿਸੇ ਹੋਰ ਸਿਹਤਮੰਦ ਵਿਅਕਤੀ ਦੇ ਕੋਲ ਖੰਘਦਾਂ ਜਾਂ ਛਿੱਕਦਾ ਹੈ, ਤਾਂ ਉਸ ਦੇ ਮੂੰਹ ਵਿਚੋਂ ਨਿਕਲਣ ਵਾਲੀਆਂ ਛੋਟੀਆਂ ਲਾਰ ਦੀਆਂ ਬੂੰਦਾਂ ਨਾਲ ਇਹ ਵਾਇਰਸ ਦੂਜੇ ਸਿਹਤਮੰਦ ਵਿਅਕਤੀ ਤੱਕ ਪਹੁੰਚ ਜਾਂਦਾ ਹੈ। ਇਹ ਲਾਰ ਦੀਆਂ ਬੂੰਦਾਂ ਭਾਰੀਆਂ ਹੋਣ ਕਾਰਨ ਇਕ ਮੀਟਰ ਤੋਂ ਜ਼ਿਆਦਾ ਦੂਰੀ ਤੱਕ ਨਹੀਂ ਜਾ ਸਕਦੀਆਂ, ਇਸ ਲਈ ਹਰੇਕ ਵਿਅਕਤੀ ਨੂੰ ਦੂਜੇ ਵਿਅਕਤੀ ਤੋਂ ਘੱਟ ਤੋਂ ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। 
* ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਾਇਰਸ ਕਿਸੇ ਸਰਫੇਸ ‘ਤੇ ਕਿਵੇਂ ਸਰਵਾਈਵ ਕਰ ਰਿਹਾ ਹੈ। ਇਸ ਲਈ ਆਪਣੇ ਨੇੜਲੇ ਇਲਾਕੇ ਵਿਚ ਸਫਾਈ ਦਾ ਖਾਸ ਧਿਆਨ ਰੱਖੋ। 
* ਸਾਡੇ ਹੱਥ ਕਈਆਂ ਥਾਵਾਂ ‘ਤੇ ਲੱਗੇ ਹੁੰਦੇ ਹਨ, ਇਸ ਨਾਲ ਵੀ ਕੋਰੋਨਾਵਾਇਰਸ ਤੁਹਾਡੇ ਸਰੀਰ ‘ਚ ਦਾਖਲ ਹੋ ਸਕਦਾ ਹੈ। ਹੱਥ ਗੰਦੇ ਹੋਣ ‘ਤੇ ਆਪਣੀਆਂ ਅੱਖਾਂ, ਨੱਕ, ਕੰਨ ਤੇ ਮੂੰਹ ਵਿਚ ਨਾ ਪਾਓ। 
* ਖੰਘ ਤੇ ਛਿੱਕ ਆਉਣ ‘ਤੇ ਆਪਣੇ ਮੂੰਹ ਨੂੰ ਆਪਣੀ ਕੂਹਣੀ, ਰੂਮਾਲ ਜਾਂ ਟਿਸ਼ੂ ਨਾਲ ਢੱਕ ਲਓ। ਵਾਇਰਸ ਤੋਂ ਬਚਾਅ ਲਈ ਆਪਣੇ ਹੱਥਾਂ ਨੂੰ ਅਲਕੋਹਲ ਵਾਲੇ ਹੈਂਡਵਾਸ਼ ਨਾਲ ਚੰਗੀ ਤਰ੍ਹਾਂ ਨਾਲ ਧੋਵੋ। ਇਸ ਨਾਲ ਤੁਹਾਡੇ ਹੱਥਾਂ ਤੋਂ ਵਾਇਰਸ ਦੂਰ ਹੋ ਜਾਵੇਗਾ। ਸਿਹਤਮੰਦ ਰਹੋ ਤੇ ਕੋਵਿਡ-19 ਤੋਂ ਬਚੋ।


Share