ਟਰੰਪ ਦੀ ਓਕਲਾਹੋਮਾ ‘ਚ ਆਯੋਜਿਤ ਚੋਣ ਮੁਹਿੰਮ ਰੈਲੀ ਹੋਈ ਠੁੱਸ

738
Share

ਟੁਲਸਾ (ਓਕਲਾਹੋਮਾ), 24 ਜੂਨ (ਪੰਜਾਬ ਮੇਲ)- ਅਮਰੀਕਾ ‘ਚ 3 ਨਵੰਬਰ ਨੂੰ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਰਿਪਬਲੀਕਨ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਨ੍ਹਾਂ ਚੋਣਾਂ ਨੂੰ ਦੇਖਦਿਆਂ ਟੁਲਸਾ ਵਿਖੇ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਵਿਚ ਉਮੀਦ ਨਾਲੋਂ ਕਿਤੇ ਘੱਟ ਲੋਕ ਪਹੁੰਚੇ, ਜਿਸ ਕਾਰਨ ਟਰੰਪ ਦੀ ਇਹ ਚੋਣ ਰੈਲੀ ਠੱਪ ਹੋ ਕੇ ਰਹਿ ਗਈ। ਇਸ ਰੈਲੀ ਵਿਚ ਸ਼ਾਮਲ ਹੋਣ ਲਈ 10 ਲੱਖ ਲੋਕਾਂ ਨੇ ਆਨਲਾਇਨ ਆਪਣੇ ਨਾਂ ਦਰਜ ਕਰਵਾਏ ਸਨ, ਪਰ ਉਥੇ 5 ਤੋਂ 6 ਹਜ਼ਾਰ ਦੇ ਕਰੀਬ ਲੋਕ ਹੀ ਪਹੁੰਚੇ। ਜਿਸ ਕਰਕੇ ਡੋਨਾਲਡ ਟਰੰਪ ਦਾ ਇਨ੍ਹਾਂ ਚੋਣਾਂ ਵਿਚ ਗ੍ਰਾਫ ਕਾਫੀ ਥੱਲੇ ਚਲਾ ਗਿਆ ਹੈ ਅਤੇ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਦਾ ਕੱਦ ਪਹਿਲਾਂ ਨਾਲੋਂ ਹੋਰ ਵੀ ਉੱਚਾ ਹੋਇਆ ਹੈ।
ਇਸ ਰੈਲੀ ਵਿਚ ਰਾਸ਼ਟਰਪਤੀ ਟਰੰਪ ਨੇ ਇਕੱਠ ਘੱਟ ਹੋਣ ‘ਤੇ ਹੈਰਾਨੀ ਪ੍ਰਗਟ ਕੀਤੀ। ਉਹ ਵਾਰ-ਵਾਰ ਹਾਲ ਦੀਆਂ ਖਾਲੀ ਕੁਰਸੀਆਂ ਵੱਲ ਦੇਖ ਰਹੇ ਸਨ। ਟੁਲਸਾ ਦੇ ਸਰਕਾਰੀ ਅੰਕੜਿਆਂ ਅਨੁਸਾਰ ਰੈਲੀ ‘ਚ 6200 ਦੇ ਕਰੀਬ ਲੋਕ ਹੀ ਸ਼ਾਮਲ ਹੋਏ। ਜਦਕਿ ਇਥੇ 20 ਹਜ਼ਾਰ ਦੇ ਕਰੀਬ ਲੋਕਾਂ ਦੇ ਬੈਠਣ ਦਾ ਬੰਦੋਬਸਤ ਕੀਤਾ ਗਿਆ ਸੀ। ਟਰੰਪ ਦੇ ਚੋਣ ਮੁਹਿੰਮ ਦੇ ਅਧਿਕਾਰੀਆਂ ਵੱਲੋਂ ਅਮਰੀਕਾ ਵਿਚ ਪਿਛਲੇ ਦਿਨੀਂ ਹੋਏ ਪ੍ਰਦਰਸ਼ਨਾਂ ਕਾਰਨ ਰੈਲੀ ‘ਚ ਲੋਕਾਂ ਦੇ ਨਾ ਪਹੁੰਚਣ ਦਾ ਬਹਾਨਾ ਲਾਇਆ ਗਿਆ।
ਇਸ ਰੈਲੀ ਲਈ ਮੁਫਤ ਟਿਕਟਾਂ ਵੰਡੀਆਂ ਗਈਆਂ। ਪਰ ਫਿਰ ਵੀ ਲੋਕਾਂ ਨੇ ਇਥੇ ਪਹੁੰਚਣ ਤੋਂ ਗੁਰੇਜ਼ ਹੀ ਕੀਤਾ। ਰੈਲੀ ਵਾਲੀ ਥਾਂ ਦੇ ਬਾਹਰ ਭਾਰੀ ਗਿਣਤੀ ਵਿਚ ‘ਬਲੈਕ ਲਾਈਵਜ਼ ਮੈਟਰ’ ਦੇ ਨਾਅਰੇ ਲੱਗਦੇ ਰਹੇ। ਇਹ ਲੋਕ ਜਾਰਜ ਫਲਾਇਡ ਦੀ ਮੌਤ ਦੇ ਸਮਰਥਨ ਵਿਚ ਆਏ ਸਨ। ਰੈਲੀ ਵਿਚ ਮੌਜੂਦ ਲੋਕਾਂ ਨੇ ਸਮਾਜਿਕ ਦੂਰੀ ਬਣਾਏ ਰੱਖਣ ਦਾ ਖੁੱਲ੍ਹਾ ਉਲੰਘਣ ਕੀਤਾ। ਟਰੰਪ ਸਮੇਤ ਰੈਲੀ ਵਿਚ ਮੌਜੂਦ ਬਹੁਤੇ ਲੋਕਾਂ ਨੇ ਮੂੰਹ ‘ਤੇ ਮਾਸਕ ਤੱਕ ਨਹੀਂ ਪਾਏ ਹੋਏ ਸਨ। ਜ਼ਿਕਰਯੋਗ ਹੈ ਕਿ ਓਕਲਾਹੋਮਾ ਵਿਚ ਇਸ ਵੇਲੇ ਕੋਰੋਨਾਵਾਇਰਸ ਦੇ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਹਨ। ਟਰੰਪ ਦੀ ਚੋਣ ਮੁਹਿੰਮ ਰੈਲੀ ਨਾਲ ਜੁੜੇ 6 ਲੋਕ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਗਏ ਹਨ ਅਤੇ ਰੈਲੀ ਵਿਚ ਪਹੁੰਚੇ ਲੋਕਾਂ ਬਾਰੇ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਵੀ ਕਰੋਨਾ ਇਨਫੈਕਟਿਡ ਹੋ ਸਕਦੇ ਹਨ। ਅਮਰੀਕਾ ਭਰ ਵਿਚ ਆਮ ਲੋਕਾਂ ਨੇ ਡੋਨਾਲਡ ਟਰੰਪ ਦੀ ਇਸ ਰੈਲੀ ਦੀ ਨਿਖੇਧੀ ਹੀ ਕੀਤੀ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਜਿੱਥੇ ਲੱਖਾਂ ਲੋਕ ਕੋਰੋਨਾਵਾਇਰਸ ਨਾਲ ਮਾਰੇ ਜਾ ਚੁੱਕੇ ਹਨ। ਇਸ ਦੁੱਖ ਭਰੇ ਸਮੇਂ ਵਿਚ ਵੱਡੀ ਰੈਲੀ ਕਰਨਾ ਅਮਰੀਕੀ ਲੋਕਾਂ ਵੱਲੋਂ ਚੰਗਾ ਨਹੀਂ ਸਮਝਿਆ ਜਾ ਰਿਹਾ।


Share