ਜਾਰਜ ਫਲਾਇਡ ਦੀ ਮੌਤ ‘ਤੇ ਅਮਰੀਕੀ ਸਿਆਸਤ ਗਰਮਾਈ

823
Share

-ਟਰੰਪ ਨੂੰ ਘੇਰਣ ਦੀ ਕੀਤੀ ਤਿਆਰੀ
ਫਿਲਾਡੇਲਫੀਆ, 3 ਜੂਨ (ਪੰਜਾਬ ਮੇਲ)- ਅਫਰੀਕੀ-ਅਮਰੀਕੀ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ‘ਚ ਮੌਤ ਹੋਣ ਦੇ ਮਾਮਲੇ ‘ਤੇ ਫਿਰ ਸਿਆਸਤ ਤੇਜ਼ ਹੋ ਗਈ ਹੈ। ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਫਿਲਾਡੇਲਫੀਆ ਵਿਚ ‘ਅਮਰੀਕਾ ‘ਚ ਨਾਗਰਿਕ ਅਸ਼ਾਂਤੀ’ ਵਿਸ਼ੇ ‘ਤੇ ਭਾਸ਼ਣ ਦੇਣਗੇ, ਜਿਸ ਵਿਚ ਰਾਸ਼ਟਰਪਤੀ ਟਰੰਪ ‘ਤੇ ਤਿੱਖਾ ਹਮਲਾ ਬੋਲਣ ਵਾਲੇ ਹਨ। ਜੋਅ ਬਿਡੇਨ ਦੇ ਪ੍ਰਚਾਰਕਾਂ ਵਲੋਂ ਜਾਰੀ ਭਾਸ਼ਣ ਦੇ ਅੰਸ਼ ਮੁਤਾਬਕ ਉਹ ਕਹਿਣਗੇ ਕਿ ਵ੍ਹਾਈਟ ਹਾਊਸ ਦੇ ਬਾਹਰ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਰਾਸ਼ਟਰਪਤੀ ਦੇ ਹੁਕਮ ‘ਤੇ ਜਦੋਂ ਹੰਝੂ ਗੈਸ ਤੇ ਫਲੈਸ਼ ਗ੍ਰੇਨੇਡ ਦੀ ਵਰਤੋਂ ਕਰਕੇ ਤਿੱਤਰ-ਬਿੱਤਰ ਕੀਤਾ ਜਾ ਰਿਹਾ ਸੀ, ਉਸ ਵੇਲੇ ਰਾਸ਼ਟਰਪਤੀ ਗਿਰਜਾਘਰ ਦੇ ਸਾਹਮਣੇ ਫੋਟੋ ਖਿਚਵਾਉਣ ‘ਚ ਵਿਅਸਤ ਸਨ। ਮੁਆਫ ਕਰਨਾ ਪਰ ਰਾਸ਼ਟਰਪਤੀ ਸਿਧਾਤਾਂ ਦੇ ਮੁਕਾਬਲੇ ਤਾਕਤ ਦਿਖਾਉਣ ਨੂੰ ਵਧੇਰੇ ਤਰਜੀਹ ਦੇ ਰਹੇ ਹਨ। ਉਹ ਲੋਕਾਂ ਦੀ ਲੋੜ ਦਾ ਖਿਆਲ ਰੱਖਣ ਦੀ ਬਜਾਏ ਆਪਣਾ ਜਨੂੰਨ ਦਿਖਾਉਣ ਵਿਚ ਵਧੇਰੇ ਦਿਲਚਸਪੀ ਰੱਖਦੇ ਹਨ। ਟਰੰਪ ਨੇ ਸੂਬਿਆਂ ਦੇ ਗਵਰਨਰਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਜਾਰਜ ਫਲਾਇਡ ਦੀ ਮੌਤ ਨੂੰ ਲੈ ਕੇ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ‘ਚ ਅਸਫਲ ਰਹੇ, ਤਾਂ ਉਹ ਸੂਬਿਆਂ ਵਿਚ ਫੌਜ ਤਾਇਨਾਤ ਕਰ ਦੇਣਗੇ। ਇਸ ਤੋਂ ਇਕ ਦਿਨ ਬਾਅਦ ਬਿਡੇਨ ਇਹ ਭਾਸ਼ਣ ਦੇਣਗੇ।
ਦੱਸਿਆ ਜਾ ਰਿਹਾ ਹੈ ਕਿ ਇਕ ਪਾਸੇ ਜਦੋਂ ਸੰਘੀ ਸਰਕਾਰ ਦੇ ਅਧੀਨ ਆਉਣ ਵਾਲੀ ਪੁਲਿਸ ਵਾਸ਼ਿੰਗਟਨ ‘ਚ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹੰਝੂ ਗੈਸ ਦੀ ਵਰਤੋਂ ਕਰਕੇ ਤਿੱਤਰ-ਬਿੱਤਰ ਕਰ ਰਹੀ ਸੀ, ਉਥੇ ਰਾਸ਼ਟਰਪਤੀ ਡੋਨਾਲਡ ਟਰੰਪ ਫੋਟੋ ਖਿਚਵਾ ਰਹੇ ਸਨ। ਜੋਅ ਬਿਡੇਨ ਕਹਿਣਗੇ ਕਿ ਰਾਸ਼ਟਰਪਤੀ ਦਾ ਕੰਮ ਮੁਸ਼ਕਲ ਹੁੰਦਾ ਹੈ। ਕੋਈ ਵੀ ਸਭ ਕੁਝ ਠੀਕ ਨਹੀਂ ਕਰ ਸਕਦਾ। ਮੈਂ ਵੀ ਨਹੀਂ। ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਡਰ ਤੇ ਵੰਡ ਨੂੰ ਪੈਰ ਪਸਾਰਣ ਨਹੀਂ ਦਵਾਂਗਾ। ਮੈਂ ਨਫਰਤ ਦੀ ਇਸ ਅੱਗ ਵਿਚ ਘਿਓ ਨਹੀਂ ਪਾਉਣ ਦਿਆਂਗਾ।


Share