ਜਲੰਧਰ ਜ਼ਿਲ੍ਹੇ ‘ਚ 8 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ

715
Share

ਜਲੰਧਰ, 5 ਜੂਨ (ਪੰਜਾਬ ਮੇਲ)- ਦੁਨੀਆ ਭਰ ਵਿਚ ਫੈਲੀ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਜਲੰਧਰ ਜ਼ਿਲ੍ਹੇ ਵਿਚ 8 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਇਸ ਤੋਂ ਇਲਾਵਾ ਜਲੰਧਰ ਦੇ ਨਿੱਜੀ ਹਸਪਤਾਲਾਂ ਵਿਚ ਇਲਾਜ ਅਧੀਨ ਕਪੂਰਥਲਾ ਦੇ ਦੋ ਵੱਖਰੇ ਮਰੀਜ਼ਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 8 ਪਾਜ਼ੇਟਿਵ ਆਏ ਮਰੀਜ਼ਾਂ ਵਿਚ ਦੋ ਮਰੀਜ਼ ਲਵਲੀ ਸੈਨੇਟੇਸ਼ਨ ਦੇ ਹਨ, ਜਦਕਿ ਬਾਕੀ 6 ਹੋਰਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿਚੋਂ ਇਕ ਲਾਜਪਤ ਨਗਰ ਦਾ ਰਹਿਣ ਵਾਲਾ 75 ਸਾਲਾ ਬਜ਼ੁਰਗ ਅਤੇ ਦੂਜਾ ਸੋਡਲ ਰੋਡ ਦੀ ਰਹਿਣ ਵਾਲੀ 55 ਸਾਲਾ ਬੀਬੀ ਹੈ।
ਇਸ ਤੋਂ ਇਲਾਵਾ ਜਲੰਧਰ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚ ਦਾਖ਼ਲ 2 ਕਪੂਰਥਲਾ ਦੇ ਮਰੀਜ਼ਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਜਾਣਕਾਰੀ ਅਨੁਸਾਰ ਕਪੂਰਥਲਾ ਰੋਡ ‘ਤੇ ਇਕ ਨਿੱਜੀ ਹਸਪਤਾਲ ਵਿਚ ਦਿਲ ਦੀ ਬਾਈਪਾਸ ਸਰਜਰੀ ਕਰਵਾਉਣ ਆਈ 60 ਸਾਲਾ ਬੀਬੀ ਵੀ ਕੋਰੋਨਾ ਪਾਜ਼ੇਟਿਵ ਨਿਕਲੀ। ਦੂਜੀ ਮਰੀਜ਼ ਵੀ ਕਪੂਰਥਲਾ ਨਾਲ ਸੰਬੰਧਤ ਹੈ, ਉਕਤ 60 ਸਾਲਾ ਬੀਬੀ ਬਹਾਦਰ ਨਗਰ ਮਹਾਵੀਰ ਮਾਰਗ ‘ਤੇ ਸਥਿਤ ਇਕ ਹਾਰਟ ਸੈਂਟਰ ਵਿਚ ਇਲਾਜ ਕਰਵਾਉਣ ਆਈ ਸੀ। ਇਸ ਦੌਰਾਨ ਜਦੋਂ ਹਸਪਤਾਲ ਪ੍ਰਬੰਧਕਾਂ ਨੇ ਉਸ ਦੀ ਕੋਰੋਨਾ ਜਾਂਚ ਕਰਵਾਈ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ।


Share