ਚੀਨ ਤੇ ਪਾਕਿ ਕੋਲ ਭਾਰਤ ਨਾਲੋਂ ਵੱਧ ਪ੍ਰਮਾਣੂ ਹਥਿਆਰ

653
Share

ਲੰਡਨ, 18 ਜੂਨ (ਪੰਜਾਬ ਮੇਲ)-ਭਾਰਤ ਪ੍ਰਮਾਣੂ ਹਥਿਆਰਾਂ ਨਾਲ ਸੰਪੰਨ ਦੇਸ਼ ਹੈ ਪਰ ਅੰਤਰਰਾਸ਼ਟਰੀ ਥਿੰਕ ਟੈਂਕ ‘ਸਿਪਰੀ’ ਨੇ ਹੈਰਾਨ ਕਰਨ ਵਾਲੀ ਜਾਣਕਾਰੀ ਦਿੱਤੀ ਹੈ। ‘ਸਿਪਰੀ’ ਅਨੁਸਾਰ ਚੀਨ ਅਤੇ ਪਾਕਿਸਤਾਨ ਦੋਵਾਂ ਕੋਲ ਪ੍ਰਮਾਣੂ ਹਥਿਆਰ ਭਾਰਤ ਨਾਲੋਂ ਵੱਧ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸਿਪਰੀ) ਦੀ 2020 ਦੀ ਰਿਪੋਰਟ ‘ਚ ਇਹ ਖ਼ੁਲਾਸਾ ਹੋਇਆ ਹੈ। ਇਹ ਰਿਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਚੀਨ ਦੇ ਨਾਲ ਭਾਰਤ ਦਾ ਲੱਦਾਖ ‘ਚ ਵਿਵਾਦ ਚੱਲ ਰਿਹਾ ਹੈ। ਸਵੀਡਨ ਦੇ ਥਿੰਕ ਟੈਂਕ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ 2019 ਵਿਚ ਚੀਨ ਅਤੇ ਭਾਰਤ ਦੋਵਾਂ ਨੇ ਆਪਣੇ ਪ੍ਰਮਾਣੂ ਹਥਿਆਰਾਂ ‘ਚ ਵਾਧਾ ਕੀਤਾ ਹੈ। ਤਾਜ਼ਾ ਰਿਪੋਰਟ ਅਨੁਸਾਰ ਚੀਨ ਕੋਲ ਇਸ ਸਮੇਂ 320 ਪ੍ਰਮਾਣੂ ਹਥਿਆਰ ਹਨ ਜਦੋਂਕਿ ਪਾਕਿਸਤਾਨ ਕੋਲ 160 ਅਤੇ ਭਾਰਤ ਕੋਲ 150 ਪ੍ਰਮਾਣੂ ਹਥਿਆਰ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਅੰਕੜੇ ਜਨਵਰੀ 2020 ਦੇ ਹਨ। ਉਥੇ ਪਿਛਲੇ ਸਾਲ ‘ਸਿਪਰੀ’ ਨੇ ਆਪਣੀ ਰਿਪੋਰਟ ‘ਚ ਕਿਹਾ ਸੀ ਕਿ ਚੀਨ ਕੋਲ 290 ਪ੍ਰਮਾਣੂ ਹਥਿਆਰ, ਪਾਕਿਸਤਾਨ ਕੋਲ 150-160 ਅਤੇ ਭਾਰਤ ਕੋਲ 130-140 ਪ੍ਰਮਾਣੂ ਹਥਿਆਰ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੀਨ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਆਧੁਨਿਕ ਕਰ ਰਿਹਾ ਹੈ, ਤਾਂ ਕਿ ਜ਼ਮੀਨ, ਹਵਾ ਅਤੇ ਸਮੁੰਦਰ ਤੋਂ ਪ੍ਰਮਾਣੂ ਹਥਿਆਰਾਂ ਨੂੰ ਦਾਗਿਆ ਜਾ ਸਕੇ। ਚੀਨ ਨੇ ਨਵੀਂਆਂ ਜ਼ਮੀਨ ਅਤੇ ਸਮੁੰਦਰ ਤੋਂ ਦਾਗੀਆ ਜਾਣ ਵਾਲੀਆਂ ਮਿਜ਼ਾਈਲਾਂ ਬਣਾਈਆਂ ਹਨ ਅਤੇ ਪ੍ਰਮਾਣੂ ਹਥਿਆਰ ਲੈ ਕੇ ਜਾਣ ਵਾਲਾ ਜਹਾਜ਼ ਵੀ ਬਣਾਇਆ ਹੈ। ਜਨਵਰੀ 2020 ਤੱਕ 9 ਦੇਸ਼ ਪ੍ਰਮਾਣੂ ਹਥਿਆਰਾਂ ਨਾਲ ਸੰਪੰਨ ਹਨ, ਜਿਨ੍ਹਾਂ ‘ਚ ਅਮਰੀਕਾ, ਰੂਸ, ਬਰਤਾਨੀਆ, ਫਰਾਂਸ, ਚੀਨ, ਭਾਰਤ, ਪਾਕਿਸਤਾਨ, ਇਜ਼ਰਾਈਲ ਅਤੇ ਉੱਤਰੀ ਕੋਰੀਆ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਕੋਲ ਕੁੱਲ ਮਿਲਾ ਕੇ 13,400 ਪ੍ਰਮਾਣੂ ਹਥਿਆਰਾਂ ਦਾ ਅੰਦਾਜ਼ਾ ਲਗਾਇਆ ਗਿਆ ਹੈ।


Share