ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਲੋਕਾਂ ਦਾ ਸੁਪਨਾ ਹੋਵੇਗਾ ਸਾਕਾਰ !

491
Share

-‘ਬਜ਼ਟ ਰੀਕਾਂਸੀਲੀਏਸ਼ਨ ਬਿੱਲ’ ਸਦਨ ਦੀ ਜੁਡੀਸ਼ਰੀ ਕਮੇਟੀ ਵੱਲੋਂ ਪਾਸ
ਸੈਕਰਾਮੈਂਟੋ, 19 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ‘ਬਜ਼ਟ ਰੀਕਾਂਸੀਲੀਏਸ਼ਨ ਬਿੱਲ’ ਜਿਸ ਨੂੰ ਸਦਨ ਦੀ ਜੁਡੀਸ਼ਰੀ ਕਮੇਟੀ ਨੇ ਪਾਸ ਕਰ ਦਿੱਤਾ ਹੈ, ’ਚ ਇਕ ਇਤਿਹਾਸਕ ਤਜਵੀਜ਼ ਸ਼ਾਮਿਲ ਹੈ, ਜਿਸ ਤਹਿਤ ਪਿਛਲੇ ਕਈ ਦਹਾਕਿਆਂ ਤੋਂ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਲੋਕਾਂ ਦਾ ਸੁਪਨਾ ਸਾਕਾਰ ਹੋ ਸਕਦਾ ਹੈ। ਭਾਰਤੀ ਮੂਲ ਦੇ ਹਜ਼ਾਰਾਂ ਅਮਰੀਕੀਆਂ ਸਮੇਤ ਲੱਖਾਂ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ ਤੇ ਉਹ 5000 ਡਾਲਰ ਦੀ ਫੀਸ ਭਰ ਕੇ ਤੁਰੰਤ ਗ੍ਰੀਨ ਕਾਰਡ ਲੈਣ ਦੇ ਯੋਗ ਹੋ ਜਾਣਗੇ। ਇਮੀਗ੍ਰੇਸ਼ਨ ਅਟਾਰਨੀ ਜਨਰਲ ਸਾਇਰਸ ਮਹਿਤਾ ਅਨੁਸਾਰ ਗ੍ਰੀਨ ਕਾਰਡ ਦੀ ਕਤਾਰ ’ਚ ਲੱਗਾ ਤਕਰੀਬਨ ਹਰ ਵਿਅਕਤੀ ਨਿਸ਼ਚਿਤ ਫੀਸ ਦੀ ਅਦਾਇਗੀ ਕਰਕੇ ਆਪਣਾ ਸੁਪਨਾ ਪੂਰਾ ਕਰ ਸਕੇਗਾ। 12 ਲੱਖ ਤੋਂ ਵੱਧ ਭਾਰਤੀ ਮੂਲ ਦੇ ਅਮਰੀਕੀ ਐੱਚ-1ਬੀ ਵੀਜ਼ੇ ਉਪਰ ਅਮਰੀਕਾ ਟਿਕੇ ਹੋਏ ਹਨ ਤੇ ਉਨ੍ਹਾਂ ਦੇ ਜੀਵਨ ਸਾਥੀ ਤੇ ਬੱਚੇ ਗ੍ਰੀਨ ਕਾਰਡ ਕਤਾਰ ’ਚ ਲੱਗੇ ਹੋਏ ਹਨ। ਦਰਅਸਲ ਮੌਜੂਦਾ ਵਿਵਸਥਾ ਤਹਿਤ ਕਿਸੇ ਦੇਸ਼ ਦੇ ਕੇਵਲ 1,40,000 ਰੁਜ਼ਗਾਰ ਅਧਾਰਿਤ ਵਿਅਕਤੀਆਂ ’ਚੋਂ ਕੇਵਲ 7 ਫੀਸਦੀ ਨੂੰ ਹਰ ਸਾਲ ਗ੍ਰੀਨ ਕਾਰਡ ਦਿੱਤੇ ਜਾਂਦੇ ਹਨ। ਭਾਰਤੀ ਮੂਲ ਦੇ 9000 ਤੋਂ ਵੀ ਘੱਟ ਅਮਰੀਕੀਆਂ ਨੂੰ ਇਕ ਸਾਲ ’ਚ ਰੁਜ਼ਗਾਰ ਅਧਾਰਿਤ ਗ੍ਰੀਨ ਕਾਰਡ ਦਿੱਤੇ ਜਾਂਦੇ ਹਨ। ਜੁਡੀਸ਼ਰੀ ਕਮੇਟੀ ਦੁਆਰਾ ਪਾਸ ਕੀਤੇ ਬਿੱਲ ’ਚ ਐੱਚ-1 ਬੀ ਵੀਜ਼ੇ ਉਪਰ ਰਹਿ ਰਹੇ ਬੱਚੇ ਵੀ ਅਮਰੀਕਾ ਦੇ ਸਥਾਈ ਨਿਵਾਸੀ ਦਾ ਰੁਤਬਾ ਹਾਸਲ ਕਰ ਸਕਣਗੇ। ਇਸ ਸਮੇਂ ਇਨ੍ਹਾਂ ਬੱਚਿਆਂ ਉਪਰ 18 ਸਾਲ ਦੇ ਹੋਣ ’ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ। ਇਸ ਬਿੱਲ ਤਹਿਤ ਡਾਕਟਰਾਂ, ਨਰਸਾਂ ਸਮੇਤ ਆਈ.ਟੀ. ਖੇਤਰ, ਨਿਰਮਾਣ ਇਕਾਈਆਂ ਤੇ ਹੋਰ ਕੰਮਾਂ ਧੰਦਿਆਂ ’ਚ ਲੱਗੇ ਲੋਕਾਂ ਨੂੰ ਵੀ ਗ੍ਰੀਨ ਕਾਰਡ ਦੇਣ ਦੀ ਵਿਵਸਥਾ ਹੈ। ਇਸ ਬਿੱਲ ਨਾਲ ਜਿੱਥੇ ਪ੍ਰਵਾਸੀਆਂ ਨੂੰ ਫਾਇਦਾ ਹੋਵੇਗਾ, ਉੱਥੇ ਇਕ ਅਨੁਮਾਨ ਅਨੁਸਾਰ ਅਮਰੀਕਾ ਦੀ ਅਰਥ ਵਿਵਸਥਾ ’ਚ 6 ਅਰਬ ਡਾਲਰ ਆ ਜਾਣਗੇ।

Share