ਗ੍ਰਿਫ਼ਤਾਰੀ ਤੋਂ 24 ਘੰਟੇ ਦੇ ਅੰਦਰ ਹੀ ਗੈਂਗਸਟਰ ਵਿਕਾਸ ਦੁਬੇ ਪੁਲਿਸ ਮੁਕਾਬਲੇ ‘ਚ ਢੇਰ

759
Share

ਕਾਨਪੁਰ, 10 ਜੁਲਾਈ (ਪੰਜਾਬ ਮੇਲ)- ਗੈਂਗਸਟਰ ਵਿਕਾਸ ਦੁਬੇ ਗ੍ਰਿਫ਼ਤਾਰੀ ਤੋਂ 24 ਘੰਟੇ ਦੇ ਅੰਦਰ ਹੀ ਇਕ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ। ਉਹ ਕਾਨਪੁਰ ‘ਚ 8 ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਮੁੱਖ ਦੋਸ਼ੀ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮੁਕਾਬਲੇ ਦੌਰਾਨ ਵਿਕਾਸ ਦੁਬੇ ਗੰਭੀਰ ਰੂਪ ‘ਚ ਜ਼ਖਮੀਂ ਹੋ ਗਿਆ ਸੀ। ਖੂਨ ਨਾਲ ਲਥਪਥ ਵਿਕਾਸ ਦੁਬੇ ਨੂੰ ਲਾਲਾ ਲਾਜਪਤ ਰਾਏ ਹਸਪਤਾਲ ਲਿਜਾਇਆ ਗਿਆ ਸੀ। ਦੱਸ ਦੇਈਏ ਕਿ ਵਿਕਾਸ ਦੁਬੇ ਨੂੰ ਕਾਨਪੁਰ ਲਿਆ ਰਹੀ ਐੱਸ.ਟੀ.ਐੱਫ. ਦੇ ਕਾਫਲੇ ਦੀ ਗੱਡੀ ਸ਼ੁੱਕਰਵਾਰ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ।
ਮਿਲੀ ਜਾਣਕਾਰੀ ਮੁਤਾਬਕ ਜਦੋਂ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਤਾਂ ਵਿਕਾਸ ਦੁਬੇ ਨੇ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਘਟਨਾ ਵਾਲੀ ਥਾਂ ਤੋਂ 7-8 ਕਿਲੋਮੀਟਰ ਦੀ ਦੂਰੀ ‘ਤੇ ਵਿਕਾਸ ਦੁਬੇ ਅਤੇ ਪੁਲਿਸ ਦੌਰਾਨ ਮੁਕਾਬਲਾ ਹੋਇਆ, ਜਿਸ ‘ਚ ਉਹ ਗੰਭੀਰ ਰੂਪ ‘ਚ ਜ਼ਖਮੀਂ ਹੋ ਗਿਆ, ਜਿਸ ਤੋਂ ਬਾਅਦ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਇਹ ਹਾਦਸਾ ਕਾਨਪੁਰ ਟੋਲ ਪਲਾਜ਼ਾ ਤੋਂ 25 ਕਿਲੋਮੀਟਰ ਦੂਰ ਹੋਇਆ। ਵਿਕਾਸ ਨੂੰ ਵੀਰਵਾਰ ਨੂੰ ਉੱਜੈਨ ਦੇ ਮਹਾਕਾਲੇਸ਼ਵਰ ਮੰਦਰ ਤੋਂ ਨਾਟਕੀ ਢੰਗ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਦੀ ਟੀਮ ਉਸ ਨੂੰ ਲੈਣ ਲਈ ਚਾਰਟਰ ਪਲੇਨ ਰਾਹੀਂ ਉੱਜੈਨ ਗਈ ਸੀ ਪਰ ਵਾਪਸੀ ‘ਚ ਉਸ ਨੂੰ ਸੜਕੀ ਮਾਰਗ ਰਾਹੀਂ ਲਿਆਉਣ ਦਾ ਫੈਸਲਾ ਕੀਤਾ ਗਿਆ।
ਯੂ.ਪੀ. ਪੁਲਿਸ ਕਰੀਬ ਇਕ ਹਫਤੇ ਤੋਂ ਵਿਕਾਸ ਨੂੰ ਲੱਭ ਰਹੀ ਸੀ। ਵਿਕਾਸ ਗ੍ਰਿਫਤਾਰੀ ਦੇ 24 ਘੰਟੇ ਅੰਦਰ ਹੀ ਮਾਰਿਆ ਗਿਆ। ਦੱਸਣਯੋਗ ਹੈ ਕਿ ਕਾਨਪੁਰ ‘ਚ ਚੌਬੇਪੁਰ ਦੇ ਵਿਕਰੂ ਪਿੰਡ ‘ਚ ਪਿਛਲੀ 2 ਜੁਲਾਈ ਦੀ ਰਾਤ ਨੂੰ ਵਿਕਾਸ ਅਤੇ ਉਸ ਦੇ ਸਾਥੀਆਂ ਨੇ 8 ਪੁਲਿਸ ਮੁਲਾਜ਼ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਸਿਲਸਿਲੇ ‘ਚ ਪੁਲਿਸ ਹੁਣ ਤੱਕ ਵਿਕਾਸ ਦੇ 5 ਸਾਥੀਆਂ ਨੂੰ ਢੇਰ ਕਰ ਚੁੱਕੀ ਹੈ।


Share