ਕਜ਼ਾਖਸਤਾਨ ਵਿਖੇ ਰੋਸ ਮੁਜ਼ਾਹਰਿਆਂ ਦੌਰਾਨ ਦਰਜਨਾਂ ਪ੍ਰਦਰਸ਼ਨਕਾਰੀਆਂ ਦੀ ਮੌਤ

596
ਅਲਮਾਟੀ (ਕਜ਼ਾਖਸਤਾਨ) ’ਚ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਤਾਇਨਾਤ ਫੌਜੀ ਜਵਾਨ।
Share

ਘੱਟੋ-ਘੱਟ 12 ਪੁਲਿਸ ਮੁਲਾਜ਼ਮ ਵੀ ਮਾਰੇ ਗਏ; ਸ਼ਹਿਰ ਦੀਆਂ ਇਮਾਰਤਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼
ਮਾਸਕੋ, 7 ਜਨਵਰੀ (ਪੰਜਾਬ ਮੇਲ)- ਕਜ਼ਾਖਸਤਾਨ ’ਚ ਸਰਕਾਰੀ ਇਮਾਰਤਾਂ ’ਤੇ ਹਮਲਿਆਂ ’ਚ ਦਰਜਨਾਂ ਪ੍ਰਦਰਸ਼ਨਕਾਰੀ ਮਾਰੇ ਗਏ ਹਨ ਤੇ ਘੱਟੋ-ਘੱਟ 12 ਪੁਲਿਸ ਮੁਲਾਜ਼ਮਾਂ ਦੀ ਮੌਤ ਹੋਈ ਹੈ, ਜਿਨ੍ਹਾਂ ’ਚੋਂ ਇੱਕ ਅਧਿਕਾਰੀ ਦਾ ਸਿਰ ਵੱਢ ਦਿੱਤਾ ਗਿਆ ਹੈ। ਪੁਲਿਸ ਦੇ ਬੁਲਾਰੇ ਸਲਤਨਤ ਆਜ਼ਿਰਬੇਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ’ਚ ਰਾਤ ਨੂੰ ਇਮਾਰਤਾਂ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰਾਨ ਦਰਜਨਾਂ ਹਮਲਾਵਰ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸ਼ਹਿਰ ’ਚ ਵੱਡੇ ਪੱਧਰ ’ਤੇ ਰੋਸ ਮੁਜ਼ਾਹਰਿਆਂ ਮਗਰੋਂ ਇਮਾਰਤਾਂ ’ਤੇ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਨ੍ਹਾਂ ’ਚ ਮੇਅਰ ਦੀ ਇਮਾਰਤ ’ਤੇ ਕਬਜ਼ਾ ਕਰਨਾ ਵੀ ਸ਼ਾਮਲ ਹੈ। ਮੀਡੀਆ ਨੇ ਸ਼ਹਿਰ ਦੇ ਕਮਾਂਡੈਂਟ ਦਫ਼ਤਰ ਦੇ ਹਵਾਲੇ ਨਾਲ ਦੱਸਿਆ ਕਿ ਇਨ੍ਹਾਂ ਰੋਸ ਮੁਜ਼ਾਹਰਿਆਂ ’ਚ 12 ਪੁਲਿਸ ਅਧਿਕਾਰੀਆਂ ਦੀ ਮੌਤ ਹੋਣ ਤੋਂ ਇਲਾਵਾ 353 ਸੁਰੱਖਿਆ ਪ੍ਰਬੰਧਾਂ ਨਾਲ ਸਬੰਧਤ ਅਫਸਰ ਜ਼ਖ਼ਮੀ ਹੋਏ ਹਨ। ਤਿੰਨ ਦਹਾਕੇ ਪਹਿਲਾਂ ਆਜ਼ਾਦੀ ਮਿਲਣ ਮਗਰੋਂ ਕਜ਼ਾਖਸਤਾਨ ਸਭ ਤੋਂ ਭਿਆਨਕ ਰੋਸ ਮੁਜ਼ਾਹਰਿਆਂ ਦਾ ਸਾਹਮਣਾ ਕਰ ਰਿਹਾ ਹੈ। ਰੂਸ ਦੀ ਅਗਵਾਈ ਵਾਲੇ ਗੱਠਜੋੜ ‘ਸਾਂਝੀ ਸੁਰੱਖਿਆ ਸਮਝੌਤਾ ਸੰਗਠਨ’ ਨੇ ਕਿਹਾ ਕਿ ਉਹ ਰਾਸ਼ਟਰਪਤੀ ਕਾਸਿਮ ਜੋਮਾਰਤ ਤੋਕਾਯੇਵ ਦੇ ਕਹਿਣ ’ਤੇ ਆਪਣੇ ਸ਼ਾਂਤੀ ਦਸਤੇ ਭੇਜੇਗਾ। ਜ਼ਿਕਰਯੋਗ ਹੈ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ’ਚ ਹੋਏ ਜ਼ਬਰਦਸਤ ਵਾਧੇ ਕਾਰਨ ਬੀਤੇ ਐਤਵਾਰ ਸ਼ੁਰੂ ਹੋਏ ਰੋਸ ਮੁਜ਼ਾਹਰਿਆਂ ਨੇ ਕਜ਼ਾਖਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੇਸ਼ ਦੇ ਪੱਛਮ ’ਚ ਸ਼ੁਰੂ ਹੋਏ ਇਹ ਰੋਸ ਮੁਜ਼ਾਹਰੇ ਅਲਮਾਟੀ ਤੇ ਰਾਜਧਾਨੀ ਨੂਰ ਸੁਲਤਾਨ ਤੱਕ ਫੈਲ ਗਏ ਹਨ।

Share