ਕੋਰੋਨਾਵਾਇਰਸ; ਵਿਸ਼ਵ ਭਰ ‘ਚ 14 ਲੱਖ ਤੋਂ ਵੱਧ ਲੋਕ ਪੀੜਤ

730
Share

83 ਹਜ਼ਾਰ ਤੋਂ ਵੱਧ ਮੌਤਾਂ, ਲਗਾਤਾਰ ਵੱਧ ਰਹੀ ਹੈ ਗਿਣਤੀ

3 ਲੱਖ ਤੋਂ ਜ਼ਿਆਦਾ ਲੋਕ ਇਲਾਜ ਦੌਰਾਨ ਹੋਏ ਠੀਕ

4 ਲੱਖ ਤੋਂ ਜ਼ਿਆਦਾ ਲੋਕ ਅਮਰੀਕਾ ‘ਚ ਹੋਏ ਪ੍ਰਭਾਵਿਤ

ਚੀਨ ‘ਚ 62 ਨਵੇਂ ਮਾਮਲੇ ਆਏ ਸਾਹਮਣੇ
ਵਾਸ਼ਿੰਗਟਨ, 8 ਅਪ੍ਰੈਲ (ਪੰਜਾਬ ਮੇਲ)- ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 14 ਲੱਖ ਤੋਂ ਪਾਰ ਹੋ ਗਈ ਹੈ ਅਤੇ 83 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ ਅਮਰੀਕਾ ‘ਚ ਸਭ ਤੋਂ ਵੱਧ ਤੇਜ਼ੀ ਨਾਲ ਵਧੀ ਹੈ। ਇਸ ਵਿਚਕਾਰ ਚੀਨ ‘ਚ ਵੀ ਕਈ ਨਵੇਂ ਮਾਮਲੇ ਸਾਹਮਣੇ ਆਏ ਹਨ।
ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਯੂ.ਐੱਸ.ਏ. ‘ਚ ਹੁਣ ਤੱਕ 13 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੀੜਤਾਂ ਦੀ ਗਿਣਤੀ 4 ਲੱਖ ਤੋਂ ਉਪਰ ਪੁੱਜ ਗਈ ਹੈ। ਨਿਊਯਾਰਕ ‘ਚ ਪਹਿਲਾ ਕੋਰੋਨਾਵਾਇਰਸ ਕੇਸ 1 ਮਾਰਚ ਨੂੰ ਰਿਪੋਰਟ ਹੋਇਆ ਸੀ, ਉਦੋਂ ਤੋਂ ਇੱਥੇ ਕੁੱਲ 1,40,078 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਤੱਕ 6 ਹਜ਼ਾਰ ਦੇ ਕਰੀਬ ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਗਈ ਹੈ।
ਸਪੇਨ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 1,41,942 ਹੋ ਗਈ ਹੈ ਅਤੇ 14,045 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ, ਜਰਮਨੀ ‘ਚ ਮ੍ਰਿਤਕਾਂ ਦੀ ਗਿਣਤੀ 2,016 ‘ਤੇ ਪਹੁੰਚ ਗਈ ਹੈ ਅਤੇ ਤਕਰੀਬਨ 1,07,663 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਜਰਮਨੀ ਵਿਚ 36,081 ਲੋਕਾਂ ਦੀ ਸਿਹਤ ‘ਚ ਸੁਧਾਰ ਹੋਣ ‘ਤੇ ਉਨ੍ਹਾਂ ਨੂੰ ਛੁੱਟੀ ਮਿਲ ਚੁੱਕੀ ਹੈ।
ਇਟਲੀ ‘ਚ ਹੁਣ ਮੌਤਾਂ ਦੀ ਗਿਣਤੀ 17,127 ਹੋ ਗਈ ਹੈ। ਇੱਥੇ ਪੀੜਤਾਂ ਦੀ ਗਿਣਤੀ 1,35,586 ਦਰਜ ਕੀਤੀ ਗਈ ਹੈ। ਉਧਰ, ਫਰਾਂਸ ‘ਚ 10,343 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਨੇ ਕੋਰੋਨਾਵਾਇਰਸ ਦੇ ਹੁਣ ਤੱਕ 1,10,070 ਮਾਮਲੇ ਦਰਜ ਕੀਤੇ ਹਨ, ਜਿਸ ਵਿਚੋਂ 19,523 ਲੋਕਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ।
ਚੀਨ ‘ਚ ਕੋਰੋਨਾ ਦੇ 62 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ 52 ਬਾਹਰ ਤੋਂ ਹਨ। ਤਿੰਨ ਨਵੇਂ ਘਰੇਲੂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ‘ਚ ਦੋ ਸ਼ੇਡੋਂਗ ਸੂਬੇ ਦੇ ਤੇ ਇਕ ਗੁਆਂਗਡੋਂਗ ਸੂਬੇ ਦਾ ਹੈ। ਚੀਨ ‘ਚ ਮੰਗਲਵਾਰ ਨੂੰ ਦੋ ਮੌਤਾਂ ਹੋਈਆਂ, ਇਕ ਸ਼ੰਘਾਈ ਤੇ ਦੂਜੀ ਹੁਬੇਈ ਸੂਬੇ ‘ਚ। ਪਿਛਲੇ ਸਾਲ ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਸ਼ਹਿਰ ਤੋਂ ਹੀ ਵਾਇਰਸ ਫੈਲਣ ਦੀ ਸ਼ੁਰੂਆਤ ਹੋਈ ਸੀ। ਉੱਥੇ ਹੀ, ਪਾਕਿਸਤਾਨ ‘ਚ 4100 ਦੇ ਕਰੀਬ ਲੋਕਾਂ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ। ਪਾਕਿਸਤਾਨੀ ਪੰਜਾਬ ਇਸ ਦਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ, ਦੂਜੇ ਨੰਬਰ ‘ਤੇ ਸਿੰਧ ਹੈ। ਪਾਕਿਸਤਾਨੀ ਪੰਜਾਬ ਵਿਚ 15 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਅਤੇ ਸੂਬੇ ‘ਚ ਪੀੜਤਾਂ ਦੀ ਗਿਣਤੀ ਵੱਧ ਕੇ 2 ਹਜ਼ਾਰ ਤੋਂ ਉਪਰ ਪਹੁੰਚ ਗਈ ਹੈ।
ਆਸਟ੍ਰੇਲੀਆ ‘ਚ ਕੋਰੋਨਾਵਾਇਰਸ ਕਾਰਨ ਹੁਣ ਤੱਕ 50 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੱਥੇ 6 ਹਜ਼ਾਰ ਤੋਂ ਉਪਰ ਲੋਕ ਕੋਰੋਨਾ ਦੀ ਲਪੇਟ ‘ਚ ਹਨ। ਇਸ ਦਾ ਸਭ ਤੋਂ ਵੱਧ ਨਿਊ ਸਾਊਥ ਵੇਲਜ਼ ਸੂਬਾ ਪ੍ਰਭਾਵਿਤ ਹੋਇਆ ਹੈ, ਜਿੱਥੇ 21 ਮੌਤਾਂ ਹੋਈਆਂ ਹਨ। ਕੈਨੇਡਾ ‘ਚ ਕੋਰੋਨਾ ਦੇ 17,897 ਮਾਮਲੇ ਸਾਹਮਣੇ ਆਏ ਹਨ ਅਤੇ ਇੱਥੇ ਹੁਣ ਤੱਕ 381 ਲੋਕਾਂ ਦੀ ਮੌਤ ਹੋ ਚੁੱਕੀ ਹੈ। 153 ਮੌਤਾਂ ਇਕੱਲੇ ਓਨਟਾਰੀਓ ਅਤੇ 150 ਕਿਊੂਬਿਕ ‘ਚ ਦਰਜ ਹੋਈਆਂ ਹਨ।
ਭਾਰਤ ‘ਚ ਹੁਣ ਤੱਕ 5,356 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 468 ਨੂੰ ਠੀਕ ਹੋਣ ‘ਤੇ ਛੁੱਟੀ ਦੇ ਦਿੱਤੀ ਗਈ ਹੈ ਅਤੇ 160 ਮੌਤਾਂ ਹੋ ਚੁੱਕੀਆਂ ਹਨ। ਜੋਨਸ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ, ਯੂ.ਕੇ. ਵਿਚ ਹੁਣ ਤਕ 6,171 ਮੌਤਾਂ ਹੋ ਚੁੱਕੀਆਂ ਹਨ ਅਤੇ ਪੀੜਤਾਂ ਦੀ ਗਿਣਤੀ 55,949 ਹੋ ਗਈ ਹੈ। ਉੱਥੇ ਹੀ, ਸਾਊਦੀ ਅਰਬ ‘ਚ 41 ਮੌਤਾਂ ਤੇ 2,795 ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ।


Share