ਕੋਰੋਨਾਵਾਇਰਸ : ਮੋਹਾਲੀ ‘ਚ ਵਾਇਰਸ ਨੇ ਲਈ ਦੂਜੀ ਜਾਨ

827
Share

ਖਰੜ, 10 ਅਪ੍ਰੈਲ (ਪੰਜਾਬ ਮੇਲ)- ਖਰੜ ਦੇ ਸਿਵਲ ਹਸਪਤਾਲ ‘ਚ ਬੀਤੇ ਦਿਨੀਂ ਸ਼ੱਕੀ ਹਾਲਾਤ ‘ਚ ਮਰੀ ਮੁੰਡੀ ਖਰੜ ਦੀ ਇਕ ਬਜ਼ੁਰਗ ਔਰਤ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਇਲਾਕੇ ਦੇ ਲੋਕ ਬੁਰੀ ਤਰ੍ਹਾਂ ਸਹਿਮ ਗਏ ਹਨ। ਫਿਲਹਾਲ ਪੁਲਸ ਅਤੇ ਸਿਹਤ ਵਿਭਾਗ ਵਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੇ ਟੈਸਟ ਲਏ ਜਾ ਰਹੇ ਹਨ। ਦੱਸਣਯੋਗ ਹੈ ਕਿ ਮ੍ਰਿਤਕਾ ਰਾਜ ਕੁਮਾਰੀ (77) ਪਤਨੀ, ਰਾਜਿੰਦਰ ਪਾਲ ਸ਼ਰਮਾ ਵਾਸੀ ਆਸਥਾ ਐਨਕਲੇਵ, ਮੁੰਡੀ ਖਰੜ ਨੂੰ ਇਕ ਹਫਤੇ ਤੋਂ ਖਾਂਸੀ-ਜ਼ੁਕਾਮ ਸੀ, ਜਿਸ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਸੀ। ਸਿਵਲ ਸਰਜਨ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ 7 ਅਪ੍ਰੈਲ ਨੂੰ ਬਹੁਤ ਗੰਭੀਰ ਹਾਲਤ ‘ਚ ਹਸਪਤਾਲ ਆਈ ਸੀ, ਜਿਸ ਦੀ ਮੌਤ ਹੋ ਗਈ ਸੀ।

ਔਰਤ ਕੋਰੋਨਾ ਪਾਜ਼ੇਟਿਵ ਸੀ ਜਾਂ ਨਹੀਂ, ਇਸ ਦਾ ਪਤਾ ਲਾਉਣ ਲਈ ਉਸ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ‘ਚ ਮ੍ਰਿਤਕ ਔਰਤ ਕੋਰੋਨਾ ਪਾਜ਼ੇਟਿਵ ਨਿਕਲੀ ਹੈ। ਇਸ ਦੇ ਨਾਲ ਹੀ ਮੋਹਾਲੀ ਜ਼ਿਲੇ ‘ਚ ਕੋਰੋਨਾ ਵਾਇਰਸ ਕਾਰਨ ਇਹ ਦੂਜੀ ਮੌਤ ਹੈ। ਇਸ ਤੋਂ ਪਹਿਲਾਂ ਮੋਹਾਲੀ ‘ਚ ਓਮ ਪ੍ਰਕਾਸ਼ ਨਾਂ ਦਾ ਵਿਅਕਤੀ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕਾ ਹੈ। ਹੁਣ ਤੱਕ ਮੋਹਾਲੀ ਜ਼ਿਲੇ ‘ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 38 ਤੱਕ ਪਹੁੰਚ ਗਈ ਹੈ। 


Share