ਕੋਰੋਨਾਵਾਇਰਸ : ਪੰਜਾਬ ‘ਚ ਦੋ ਕਾਂਗਰਸੀ ਵਿਧਾਇਕਾਂ ਸਮੇਤ 335 ਪਾਜ਼ੇਟਿਵ, 8 ਮੌਤਾਂ

681
Share

ਜਲੰਧਰ, 18 ਜੁਲਾਈ (ਪੰਜਾਬ ਮੇਲ)-  ਪੰਜਾਬ ‘ਚ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਰਫ਼ਤਾਰ ਕਾਫ਼ੀ ਤੇਜ਼ ਹੋ ਗਈ ਹੈ। ਸ਼ਨਿਚਰਵਾਰ ਨੂੰ 335 ਨਵੇਂ ਮਾਮਲੇ ਸਾਹਮਣੇ ਆਏ। ਪੰਜ ਦਿਨਾਂ ‘ਚ 1546 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 40 ਲੋਕਾਂ ਦੀ ਜਾਨ ਗਈ ਹੈ। ਸ਼ਨਿਚਰਵਾਰ ਨੂੰ ਵੀ 8 ਲੋਕਾਂ ਦੀ ਮੌਤ ਹੋ ਗਈ। ਅੰਮਿ੍ਤਸਰ ‘ਚ ਸ਼ਨਿਚਰਵਾਰ ਨੂੰ ਕੋਰੋਨਾ ਪੀੜਤ ਤਿੰਨ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ‘ਚ ਪਿੰਡ ਓਠੀਆਂ ਦੇ 44 ਸਾਲਾ ਮਰਦ, ਡੈਮਗੰਜ ਵਾਸੀ 37 ਸਾਲਾ ਔਰਤ ਤੇ ਭਗਤਾਂਵਾਲਾ ਵਾਸੀ 51 ਸਾਲਾ ਵਿਅਕਤੀ ਸ਼ਾਮਲ ਹਨ। ਇਸ ਤੋਂ ਇਲਾਵਾ ਲੁਧਿਆਣੇ ‘ਚ 45 ਸਾਲਾ ਵਿਅਕਤੀ, ਹੁਸ਼ਿਆਰਪੁਰ ‘ਚ 58 ਤੇ 92 ਸਾਲਾ ਬਜ਼ੁਰਗ, 43 ਸਾਲਾ ਔਰਤ ਅਤੇ ਮੋਹਾਲੀ ‘ਚ 43 ਸਾਲਾ ਵਿਅਕਤੀ ਨੇ ਵੀ ਦਮ ਤੋੜ ਦਿੱਤਾ। ਪਾਜ਼ੇਟਿਵ ਆਏ ਮਰੀਜ਼ਾਂ ‘ਚ ਕਪੂਰਥਲਾ ਦੇ ਫਗਵਾੜਾ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਤਰਨਤਾਰਨ ਤੋਂ ਕਾਂਗਰਸੀ ਵਿਧਾਇਕ ਧਰਮਵੀਰ ਅਗਨੀਹੋਤਰੀ, ਬਟਾਲਾ ਦੇ ਐੱਸਡੀਐੱਮ ਬਲਵਿੰਦਰ, ਫਿਰੋਜ਼ਪੁਰ ਤੇ ਹੁਸ਼ਿਆਰਪੁਰ ‘ਚ ਤਾਇਨਾਤ 15 ਬੀਐੱਸਐੱਫ ਜਵਾਨ, ਫਿਰੋਜ਼ਪੁਰ ‘ਚ ਪੰਜ ਪੁਲਿਸ ਮੁਲਾਜ਼ਮ, ਬਠਿੰਡੇ ‘ਚ ਦੋ ਜੇਲ੍ਹ ਸੁਰੱਖਿਆ ਮੁਲਾਜ਼ਮ, ਫ਼ਰੀਦਕੋਟ ‘ਚ ਦੋ ਡਾਕਟਰ, ਇਕ ਨਰਸ, ਗੁਰਦਾਸਪੁਰ ‘ਚ ਡੈਂਟਲ ਡਾਕਟਰ, ਫਾਜ਼ਿਲਕਾ ‘ਚ ਦੋ ਸਿਹਤ ਮੁਲਾਜ਼ਮ, ਅੰਮਿ੍ਤਸਰ ‘ਚ ਡੀਸੀ ਦਫ਼ਤਰ ਦੇ ਚਾਰ ਮੁਲਾਜ਼ਮ ਤੇ ਇਕ ਸੀਆਈਡੀ ਅਫਸਰ ਤੇ ਪਠਾਨਕੋਟ ‘ਚ ਦੋ ਏਅਰਫੋਰਸ ਜਵਾਨ ਸ਼ਾਮਲ ਹਨ। ਲੁਧਿਆਣੇ ‘ਚ ਸਭ ਤੋਂ ਜ਼ਿਆਦਾ 76, ਪਟਿਆਲਾ ‘ਚ 62, ਜਲੰਧਰ ‘ਚ 52, ਅੰਮਿ੍ਤਸਰ ‘ਚ 31 ਤੇ ਮੋਹਾਲੀ ‘ਚ 21 ਮਾਮਲੇ ਆਏ।


Share