ਕੋਰੋਨਾਵਾਇਰਸ ਦੇ ਵਧਦੇ ਖਤਰੇ ਨੇ ਵਧਾਈ ਕੇਂਦਰ ਸਰਕਾਰ ਦੀ ਚਿੰਤਾ; ਫਿਰ ਹੋ ਸਕਦੈ ਕਰਫਿਊ ਦਾ ਐਲਾਨ!

799
Share

ਚੰਡੀਗੜ੍ਹ, 22 ਜੂਨ (ਪੰਜਾਬ ਮੇਲ)- ਕੋਵਿਡ-19 ਕੋਰੋਨਾ ਵਾਇਰਸ ਮਹਾਮਾਰੀ ਨੇ ਜਿਥੇ ਸਮੁੱਚੇ ਵਿਸ਼ਵ ਨੂੰ ਆਪਣੀ ਲਪੇਟ ‘ਚ ਲੈਂਦਿਆਂ ਹਰੇਕ ਦਾ ਦਿਲ ਦਹਿਲਾ ਕੇ ਰੱਖ ਦਿੱਤਾ ਹੈ, ਉਥੇ ਨਾਲ ਹੀ ਇਸ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਜਿੱਥੇ ਮੋਦੀ ਸਰਕਾਰ ਨੇ 22 ਮਾਰਚ ਨੂੰ ਦੇਸ਼ ਭਰ ‘ਚ ਸਖ਼ਤੀ ਨਾਲ ਤਾਲਾਬੰਦੀ ਲਗਾਉਂਦਿਆਂ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਣ ਲਈ ਘਰਾਂ ਅੰਦਰ ਹੀ ਰਹਿਣ ਲਈ ਕਿਹਾ ਸੀ, ਉਥੇ ਦੂਜੇ ਪਾਸੇ ਕੇਂਦਰ ਸਰਕਾਰ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੂਬਾ ਵਾਸੀਆਂ ਦੇ ਹਿੱਤ ‘ਚ ਅਤੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਸੂਬੇ ਭਰ ‘ਚ ਕਰਫਿਊ ਲਗਾ ਦਿੱਤਾ ਸੀ, ਜਿਸ ਦੀ ਚਾਹੇ ਕਿਸੇ ਵੀ ਤਰ੍ਹਾਂ ਢੰਗ ਤਰੀਕੇ ਨਾਲ ਲੋਕਾਂ ਘਰਾਂ ਅੰਦਰ ਰਹਿ ਕੇ ਪਾਲਣਾ ਕੀਤੀ ਪਰ ਹੁਣ ਤਾਲਾਬੰਦੀ 5.0 ‘ਚ ਢਿੱਲ ਮਿਲਣ ਤੋਂ ਬਾਅਦ ਅਨਲਾੱਕ-1 ਹੋਣ ‘ਤੇ ਕੋਰੋਨਾਵਾਇਰਸ ਦੇ ਮਾਮਲਿਆਂ ‘ਚ ਚਾਹੇ ਰਤੀ ਭਰੀ ਕਿਤੇ ਕਮੀ ਹੋਈ ਹੋਵੇਗੀ ਪਰ ਇਹ ਵਾਇਰਸ ਖਤਮ ਹੋਣ ਦੀ ਬਜਾਏ ਦਿਨੋਂ-ਦਿਨ ਲੋਕਾਂ ਦੇ ਅੰਦਰ ਫੈਲਦਾ ਹੀ ਜਾ ਰਿਹਾ ਹੈ, ਜਿਸ ਨੂੰ ਰੋਕਣਾ ਹੁਣ ਸਿਹਤ ਵਿਭਾਗ ਦੇ ਵੱਸੋਂ ਬਾਹਰ ਹੋਣ ਵਾਲੀ ਗੱਲ ਹੁੰਦੀ ਜਾ ਰਹੀ ਹੈ ਕਿਉਂਕਿ ਦਿਨ-ਪ੍ਰਤੀ-ਦਿਨ ਕੋਰੋਨਾਵਾਇਰਸ ਦੇ ਮਾਮਲਿਆਂ ਦੇ ਸਾਹਮਣੇ ਆਉਣ ਦੇ ਬਾਵਜੂਦ ਅਨਲਾੱਕ-1 ਤਹਿਤ ਲੋਕ ਸੜਕਾਂ ‘ਤੇ ਕੀੜੀਆਂ ਵਾਂਗੂੰ ਵਾਹਨਾਂ ‘ਤੇ ਗੁਜ਼ਰਦੇ ਨਜ਼ਰ ਆ ਰਹੇ ਹਨ। ਅਜਿਹਾ ਹੋਣ ਨਾਲ ਸੜਕਾਂ ‘ਤੇ ਰੋਜ਼ਾਨਾ ਗੁਜ਼ਰ ਰਹੇ ਹਜ਼ਾਰਾਂ ਲੋਕ ਜਿਥੇ ਸੋਸ਼ਲ ਡਿਸਟੈਂਸ ਦੀ ਪ੍ਰਵਾਹ ਕੀਤੇ ਬਿਨਾਂ ਹੀ ਪੁਲਿਸ ਪ੍ਰਸ਼ਾਸਨ ਦੀ ਨੱਕ ਹੇਠੋਂ ਲੰਘਦੇ ਹੋਏ ਤਾਲਾਬੰਦੀ ਅਤੇ ਸਰਕਾਰੀ ਆਦੇਸ਼ਾਂ ਦੀ ਧੱਜੀਆਂ ਉਡਾ ਰਹੇ ਹਨ, ਉਥੇ ਨਾਲ ਹੀ ਡਿਊਟੀ ‘ਤੇ ਤਾਇਨਾਤ ਰਹਿਣ ਵਾਲੇ ਪੁਲਿਸ ਅਫਸਰ ਵੀ ਲੋਕਾਂ ਨੂੰ ਸਮਝਾਉਣ ਨੂੰ ਤਰਜ਼ੀਹ ਨਹੀਂ ਦੇ ਰਹੇ ਦਿਖਾਈ ਦਿੰਦੇ, ਜਿਸਦੇ ਚਲਦਿਆਂ ਭੀੜ ਇਕੱਠੀ ਹੋਣ ਕਾਰਨ ਕੋਰੋਨਾਵਾਇਰਸ ਦੇ ਵੱਧ ਫੈਲਣ ਦਾ ਡਰ ਹੈ।
ਉਧਰ ਦੂਜੇ ਪਾਸੇ, ਲਗਭਗ 3 ਮਹੀਨਿਆਂ ਦੀ ਤਾਲਾਬੰਦੀ ਝੱਲਣ ਤੋਂ ਬਾਅਦ ਵੀ ਦੇਸ਼ ‘ਚ ਕੋਰੋਨਾਵਾਇਰਸ ਘੱਟ ਹੋਣ ਦੀ ਬਜਾਏ ਰੋਜ਼ਾਨਾ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਦੇਸ਼ ਅੰਦਰ ਜਿਸ ਰਫਤਾਰ ਨਾਲ ਕੋਰੋਨਾ ਦੇ ਮਰੀਜ਼ਾਂ ‘ਚ ਇਜ਼ਾਫਾ ਹੋ ਰਿਹਾ ਹੈ, ਉਸ ਨੂੰ ਦੇਖਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਕੋਰੋਨਾ ਨਾਲ ਦੋ-ਦੋ ਹੱਥ ਕਰਨ ਲਈ ਕਮਾਂਡ ਸੰਭਾਲ ਲਈ ਲੱਗਦੀ ਹੈ ਕਿਉਂਕਿ ਕੋਰੋਨਾਵਾਇਰਸ ਦੇ ਵਧਦੇ ਖਤਰੇ ਨੂੰ ਕੰਟਰੋਲ ਹੇਠ ਲਿਆਉਣ ਲਈ ਕੇਂਦਰ ਸਰਕਾਰ ਬੇਹੱਦ ਚਿੰਤਿਤ ਹੈ। ਸੰਕੇਤ ਹਨ ਕਿ ਇਸ ਵਿਸ਼ੇ ਸਬੰਧੀ ਕੇਂਦਰ ਸਰਕਾਰ ਕੋਰੋਨਾਵਾਇਰਸ ਨੂੰ ਹਰਾਉਣ ਲਈ ਕੋਈ ਵੱਡਾ ਅਤੇ ਸਖ਼ਤ ਫੈਸਲਾ ਲੈਣ ਦਾ ਮਨ ਬਣਾ ਚੁੱਕੀ ਹੈ ਕਿਉਂਕਿ ਬੀਤੀ 1 ਜੂਨ 2020 ਨੂੰ ਹੋਏ ਅਨਲਾਕ-1 ਨੂੰ ਦੇਸ਼ ਦੀ ਜਨਤਾ ਨੇ ਕੋਰੋਨਾ ‘ਤੇ ਆਪਣੀ ਜਿੱਤ ਮੰਨ ਕੇ ਸਭ ਕੁਝ ਪਹਿਲਾਂ ਦੀ ਤਰ੍ਹਾਂ ਹੀ ਆਮ ਦਿਨਾਂ ਦੀ ਰੂਟੀਨ ਵਾਂਗ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਹਾਲਾਤ ਭਿਆਨਕ ਬਣਦੇ ਜਾ ਰਹੇ ਹਨ ਕਿਉਂਕਿ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ‘ਚ ਵਾਧਾ ਹੋਣਾ ਬਹੁਤ ਹੀ ਮੰਦਭਾਗੀ ਗੱਲ ਹੈ। ਇਥੇ ਇਹ ਵੀ ਦੱਸ ਦੇਈਏ ਕਿ ਐੱਮਜ਼ ਦੇ ਡਾਇਰੈਕਟਰ ਡਾ. ਰਣਬੀਰ ਸਿੰਘ ਗੁਲੇਰੀਆ ਦੀ ਮੰਨੀਏ, ਤਾਂ ਜੂਨ-ਜੁਲਾਈ ਵਿਚ ਕੋਰੋਨਾ ਦੀ ਸਥਿਤੀ ਆਊਟ ਆਫ ਕੰਟਰੋਲ ਹੋ ਸਕਦੀ ਹੈ ਕਿਉਂਕਿ ਦੇਸ਼ ‘ਚ ਰੋਜ਼ਾਨਾ ਵਧਦੇ ਮਰੀਜ਼ ਇਸਦੇ ਬਿਆਨ ਨੂੰ ਬਲ ਦੇ ਰਹੇ ਲੱਗਦੇ ਹਨ।
ਦੇਸ਼ ਨੂੰ ਇਕ ਵਾਰ ਫਿਰ ਪਹਿਲਾਂ ਦੀ ਤਰ੍ਹਾਂ ਸਖਤ ਲਾੱਕਡਾਊਨ ਨੂੰ ਝੱਲਣ ਲਈ ਤਿਆਰ ਰਹਿਣਾ ਪੈ ਸਕਦਾ ਹੈ ਕਿਉਂਕਿ ਕੇਂਦਰ ਸਰਕਾਰ ਕੋਈ ਸਖਤ ਕਦਮ ਚੁੱਕਦੇ ਹੋਏ ਮਹਾਕਰਫਿਊ ਦਾ ਐਲਾਨ ਕਰ ਦੇਵੇ ਪਰ ਹੋ ਸਕਦਾ ਹੈ ਕਿ ਇਸ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਦੋ ਦਿਨ ਦਾ ਸਮਾਂ ਦੇਵੇ ਕਿਉਂਕਿ ਜਿਸ ਕਿਸੇ ਨੇ ਵੀ ਆਪਣੇ ਪਿੰਡ ਜਾਂ ਸ਼ਹਿਰ ਜਾਣਾ ਹੈ, ਤਾਂ ਉਹ ਇਸ ਦਰਮਿਆਨ ਆਪਣੇ ਥਾਂ ਟਿਕਾਣੇ ‘ਤੇ ਪੁੱਜ ਜਾਵੇ ਅਤੇ ਜਿਸ ਕਿਸੇ ਨੂੰ ਦਵਾਈ, ਰਾਸ਼ਨ ਜਾਂ ਕੁਝ ਹੋਰ ਜ਼ਰੂਰੀ ਵਸਤੂਆਂ ਘਰਾਂ ਵਿਚ ਜੁਟਾਉਣੀਆਂ ਹਨ ਤਾਂ ਉਹ ਇਨ੍ਹਾਂ ਦਿਨਾਂ ਵਿਚ ਖਰੀਦ ਲੈਣ ਤਾਂ ਜੋ ਪਹਿਲਾਂ ਦੀ ਤਰ੍ਹਾਂ ਕੋਈ ਵੀ ਲਾੱਕਡਾਊਨ ਵਿਚ ਬਾਹਰ ਨਾ ਨਿਕਲੇ। ਇਥੇ ਹੀ ਬੱਸ ਨਹੀਂ, ਜੋ 21 ਦਿਨਾਂ ਦੇ ਲੱਗਣ ਵਾਲੇ ਇਸ ਕਰਫਿਊ ਦੀ ਸਥਿਤੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਵਲੋਂ ਰੋਜ਼ਾਨਾ ਵਧਦੇ ਘੱਟਦੇ ਕੋਰੋਨਾ ਦੇ ਹਾਲਾਤ ਨੂੰ ਉਜਾਗਰ ਕੀਤਾ ਜਾ ਰਿਹਾ ਹੈ, ਤਾਂ ਅਜਿਹੀ ਸਥਿਤੀ ਵਿਚ ਜੇਕਰ ਕੋਈ ਨਿਯਮਾਂ ਜਾਂ ਕਾਨੂੰਨ ਦੀ ਉਲੰਘਣਾ ਕਰੇਗਾ, ਤਾਂ ਸਖਤੀ ਨਾਲ ਨਿਪਟਿਆ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਲਈ ਸਾਰੀ ਸਥਿਤੀ ਨੂੰ ਦੇਖਦੇ ਦੇਸ਼ ਦੀ ਜਨਤਾ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਸਾਵਧਾਨੀਆਂ ਵਰਤਦੇ ਹੋਏ ਵੱਧ ਤੋਂ ਵੱਧ ਲਾੱਕਡਾਊਨ ਦੀ ਪਾਲਣਾ ਕਰਦੇ ਹੋਏ ਕੋਰੋਨਾ ਦੇ ਖਾਤਮੇ ਲਈ ਸਰਕਾਰਾਂ ਦਾ ਸਾਥ ਦੇਣ।
ਕੋਵਿਡ-19 ਦੇ ਮੱਦੇਨਜ਼ਰ ਇਸ ਵੇਲੇ ਜੋ ਸਥਿਤੀ ਪੰਜਾਬ ਦੀ ਬਣੀ ਪਈ ਹੈ, ਉਸ ਨੂੰ ਮੁੱਖ ਰੱਖਦਿਆਂ ਜੇਕਰ ਦੇਖਿਆ ਜਾਵੇ, ਤਾਂ ਕੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਆਉਣ ਵਾਲੇ ਦਿਨਾਂ/ਸਮੇਂ ਵਿਚ ਸਖਤ ਲਾੱਕਡਾਊਨ ਲਗਾਉਣ ਦੀ ਤਿਆਰੀ ਕਰਨਗੇ ਜਾਂ ਫਿਰ ਇਹ ਸਭ ਕੁਝ ਇੰਝ ਹੀ ਲੋਕ ਕੋਰੋਨਾ ਤੋਂ ਖੌਫਜ਼ਦਾ ਹੋਏ ਘਰਾਂ ਅੰਦਰ ਵਿਚ ਦੁਬਕੇ ਰਹਿਣਗੇ ਜਾਂ ਉੱਡਣਗੀਆਂ ਸਰਕਾਰ ਦੇ ਹੁਕਮਾਂ ਦੀ ਧੱਜੀਆਂ। ਉਧਰ ਦੂਜੇ ਪਾਸੇ ਜੇਕਰ ਇਹ ਕਹਿ ਲਿਆ ਜਾਵੇ ਕਿ ਪਿਛਲੇ ਕੁਝ ਹਫਤਿਆਂ ‘ਚ ਹਜ਼ਾਰਾਂ ਦੀ ਗਿਣਤੀ ਵਿਚ ਵਿਦੇਸ਼ਾਂ ਤੋਂ ਲੋਕਾਂ ਦੇ ਪੰਜਾਬ ‘ਚ ਪਰਤਣ ਨਾਲ ਕੋਰੋਨਾ ਦਾ ਫੈਲਾਅ ਵਧਿਆ ਹੈ, ਤਾਂ ਇਹ ਕਹਿਣ ਵਿਚ ਕੋਈ ਦੋ ਰਾਂਵਾਂ ਨਹੀਂ ਹਨ ਕਿ ਬਾਹਰੋਂ ਆਏ ਲੋਕਾਂ ਵਲੋਂ ਕੁਆਰੰਟਾਈਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਵੀ ਕਈ ਮਾਮਲੇ ਸਾਹਮਣੇ ਆ ਰਹੇ ਹਨ।
ਕੋਵਿਡ-19 ਦੇ ਦਿਨੋਂ-ਦਿਨ ਫੈਲਣ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲਾ ਵੀ ਵੱਖ-ਵੱਖ ਸੂਬਿਆਂ ਕੋਲੋਂ ਜਾਣਕਾਰੀ ਹਾਸਲ ਕਰਨ ਤੋਂ ਤਾਲਾਬੰਦੀ ਨੂੰ ਹੋ ਸਕਦਾ ਹੈ ਕਿ ਸਖਤ ਕਰ ਦੇਵੇ ਕਿਉਂਕਿ ਤਾਲਾਬੰਦੀ ਦੇ ਸਖਤ ਹੋਣ ਨਾਲ ਹੀ ਲੋਕਾਂ ਦੀ ਆਵਾਜਾਈ ਸੜਕਾਂ ‘ਤੇ ਬੰਦ ਹੋਵੇਗੀ ਅਤੇ ਨਾਲ ਹੀ ਸਿਰਫ ਉਹੀ ਲੋਕ ਘਰੋਂ ਬਾਹਰ ਜਾ ਸਕਣਗੇ, ਜਿਨ੍ਹਾਂ ਨੌਕਰੀਆਂ ਜਾਂ ਆਪਣੀਆਂ ਡਿਊਟੀ ਕਰਨ ਲਈ ਜਾਣਾ ਹੈ।


Share