ਕੋਰੋਨਾਵਾਇਰਸ ਕਾਰਨ ਚਾਰਟਰਡ ਜਹਾਜ਼ ਜ਼ਰੀਏ ਐੱਨ.ਆਰ.ਆਈਜ਼ ਦੀ ਵਾਪਸੀ ਦੀ ਤਿਆਰੀ

918
Share

ਲੁਧਿਆਣਾ, 15 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਚਲਦਿਆਂ ਵੱਖ-ਵੱਖ ਦੇਸ਼ਾਂ ਤੋਂ ਆਏ ਐੱਨ.ਆਰ.ਆਈਜ਼ ਨੂੰ ਉਨ੍ਹਾਂ ਦੇ ਘਰ ਵਾਪਸ ਪਹੁੰਚਾਉਣ ਲਈ ਕਈ ਏਅਰਲਾਈਨ ਕੰਪਨੀਆਂ ਵੱਲੋਂ ਪ੍ਰਾਈਵੇਟ ਚਾਰਟਰਡ ਜਹਾਜ਼ ਜ਼ਰੀਏ ਉਨ੍ਹਾਂ ਦੀ ਘਰ ਵਾਪਸੀ ਲਈ ਤਿਆਰੀ ਕੀਤੀ ਗਈ ਹੈ। ਇਕ ਮਈ ਤੋਂ ਵੱਖ-ਵੱਖ ਦੇਸ਼ਾਂ ਲਈ ਪ੍ਰਾਈਵੇਟ ਚਾਰਟਰਡ ਜਹਾਜ਼ ਸ਼ੁਰੂ ਕੀਤੇ ਜਾ ਰਹੇ ਹਨ।
ਇਸ ਦੇ ਲਈ ਆਨਲਾਈਨ ਜ਼ਰੀਏ ਬੁਕਿੰਗ ਕੀਤੀ ਜਾ ਰਹੀ ਹੈ ਤੇ ਜਾਣ ਤੋਂ ਪਹਿਲੇ ਸਾਰੀ ਮੈਡੀਕਲ ਜਾਂਚ ਪੂਰੀ ਕਰਨ ਦੀ ਗੱਲ ਕਹੀ ਜਾ ਰਹੀ ਹੈ। ਭਾਵੇਂ ਹੀ ਇਸਦੇ ਲਈ ਤਿੰਨ ਗੁਣਾ ਤੱਕ ਟੈਕਸ ਲਏ ਜਾ ਰਹੇ ਹਨ, ਪਰ ਘਰ ਵਾਪਸੀ ਲਈ ਐੱਨ.ਆਰ.ਆਈਜ਼ ਇਸਦੇ ਰਾਹੀਂ ਵੀ ਜਾਣ ਨੂੰ ਤਿਆਰ ਹਨ। ਇਸਦੇ ਨਾਲ ਹੀ ਰਿਫੰਡ ਨੂੰ ਲੈ ਕੇ ਵੀ ਕਾਫੀ ਸਮੱਸਿਆ ਹੈ। ਕਈ ਏਅਰਲਾਈਨਜ਼ ਵੱਲੋਂ ਪੈਸੇ ਰਿਫੰਡ ਕਰਨ ਦੀ ਥਾਂ ਇਕ ਸਾਲ ‘ਚ ਟਿਕਟ ਦੀ ਰਕਮ ਦੀ ਵਰਤੋਂ ਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ। ਜਦਕਿ ਸਟੂਡੈਂਟ ਵੀਜ਼ਾ ‘ਤੇ ਜਾਣ ਵਾਲਿਆਂ ਨੂੰ ਸਤੰਬਰ ਤੋਂ ਖਰਚ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਇੰਟਰ ਸਟੇਟ ਪਾਸ ਵੀ ਏਅਰਲਾਈਨ ਕੰਪਨੀਆਂ ਕਰਵਾਉਣਗੀਆਂ ਮੁਹੱਈਆ: ਏਅਰ ਕੈਨੇਡਾ ਤੇ ਏਅਰ ਇੰਡੀਆ ਵੱਲੋਂ ਕੈਨੇਡਾ ਤੇ ਅਮਰੀਕਾ ਲਈ ਪਹਿਲੇ ਫੇਜ਼ ‘ਚ ਪ੍ਰਾਈਵੇਟ ਚਾਰਟਰਡ ਪਲੇਨ ਸ਼ੁਰੂ ਕੀਤੇ ਗਏ ਹਨ। ਇਹ ਫਲਾਈਟ ਬਿਨਾਂ ਕਿਸੇ ਸਟਾਪ ਦੇ ਜਾਣਗੇ। ਇਸ ਦੇ ਲਈ ਆਨਲਾਈਨ ਜ਼ਰੀਏ ਅੰਬੈਸੀ ਦੀ ਵੈੱਬਸਾਈਟ ‘ਤੇ ਰਜਿਸਟਰਡ ਕਰਨਾ ਪਏਗਾ। ਇਸ ਤੋਂ ਬਾਅਦ ਜਦੋਂ ਫਲਾਈਟ ਲਈ ਕਾਫੀ ਲੋਕ ਹੋ ਜਾਣਗੇ, ਤਾਂ ਫਲਾਈਟ ਦੀ ਮਿਤੀ ਨਿਸ਼ਚਿਤ ਕੀਤੀ ਜਾਵੇਗੀ। ਇਸਦੇ ਨਾਲ ਹੀ ਪੰਜਾਬ ਤੋਂ ਦਿੱਲੀ ਜਾਣ ਲਈ ਇੰਟਰ ਸਟੇਟ ਪਾਸ ਵੀ ਏਅਰਲਾਈਨ ਵੱਲੋਂ ਮੁਹੱਈਆ ਕਰਵਾਏ ਜਾਣਗੇ। ਜਦਕਿ ਟਿਕਟ ਲਈ ਅਪਲਾਈ ਕਰਦੇ ਸਮੇਂ ਤੁਹਾਨੂੰ ਆਪਣੇ ਸਿਹਤਮੰਦ ਹੋਣ ਦਾ ਮੈਡੀਕਲ ਪਰੂਫ ਕਿਸੇ ਸਰਕਾਰੀ ਹਸਪਤਾਲ ਨੂੰ ਦੇਣਾ ਹੋਵੇਗਾ। ਅਜੇ ਤੱਕ ਪੰਜਾਬ ਤੋਂ ਤਿੰਨ ਫਲਾਈਟ ਵਿਚ ਲੋਕ ਵਾਪਸ ਜਾ ਵੀ ਚੁੱਕੇ ਹਨ।

ਇਕ ਸਾਲ ਦਾ ਕ੍ਰੈਡਿਟ ਨਹੀਂ ਰਿਫੰਡ ਦੇਣ ਏਅਰਲਾਈਨ ਕੰਪਨੀਆਂ
ਏਅਰਲਾਈਨ ਕੰਪਨੀਆਂ ਵੱਲੋਂ ਰਿਫੰਡ ਨਾ ਦੇ ਕੇ ਕ੍ਰੈਡਿਟ ਦਿੱਤਾ ਜਾ ਰਿਹਾ ਹੈ। ਇਸਦੀ ਵਰਤੋਂ ਲਈ ਇਕ ਸਾਲ ਤੱਕ ਦਾ ਸਮਾਂ ਦਿੱਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਟਰੈਵਲ ਕੰਪਨੀਆਂ ਨੇ ਏਅਰਲਾਈਨ ਕੰਪਨੀਆਂ ਨੂੰ ਲਿਖਿਆ ਹੈ ਕਿ ਰਿਫੰਡ ਦਿੱਤਾ ਜਾਵੇ, ਕਿਉਂਕਿ ਇਕ ਸਾਲ ਤੱਕ ਲੋਕ ਹੁਣ ਟਰੈਵਲ ਨਹੀਂ ਕਰਨਾ ਚਾਹੁੰਦੇ। ਅਜਿਹੇ ਵਿਚ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਵੇਗਾ।

ਪ੍ਰਵਾਸੀਆਂ ਭਾਰਤੀਆਂ ਨੂੰ ਵਾਪਸ ਭੇਜਣ ‘ਚ ਮਦਦ ਕਰੇ ਸਰਕਾਰ : ਰਾਣਾ ਗੁਰਮੀਤ ਸਿੰਘ ਸੋਢੀ
ਚੰਡੀਗੜ੍ਹ, (ਪੰਜਾਬ ਮੇਲ)- ਪ੍ਰਵਾਸੀ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੋਵਿਡ-19 ਸੰਕਟ ਕਾਰਨ ਲੱਗੇ ਕਰਫਿਊ ਕਾਰਨ ਪੰਜਾਬ ਵਿਚ ਫਸੇ ਪ੍ਰਵਾਸੀ ਭਾਰਤੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਆਪੋ-ਆਪਣੇ ਮੁਲਕਾਂ ਵਿਚ ਵਾਪਸ ਜਾਣ ਲਈ ਭਾਰਤ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਪ੍ਰਵਾਸੀ ਭਾਰਤੀ ਕੁੱਝ ਸਮੇਂ ਲਈ ਆਪਣੇ ਵਤਨ ਆਏ ਸਨ, ਪਰ ਕੋਵਿਡ-19 ਸੰਕਟ ਕਾਰਨ ਲੱਗੇ ਕਰਫਿਊ/ਲਾਕਡਾਊਨ ਕਾਰਨ ਉਹ ਮਜਬੂਰੀਵੱਸ ਇਥੇ ਫਸ ਗਏ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਮੁਲਕਾਂ ਦੇ ਬਾਸ਼ਿੰਦਿਆਂ ਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਮੁਲਕ ਜਾਣ ਵਿਚ ਮਦਦ ਕਰਨੀ ਚਾਹੀਦੀ ਹੈ ਅਤੇ ਸੰਬੰਧਤ ਦੇਸ਼ਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੀ ਸਹੂਲਤ ਅਨੁਸਾਰ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।


Share