ਕੋਰੋਨਾਵਾਇਰਸ: ਇਟਲੀ ‘ਚ ਡਾਕਟਰਾਂ ਨੂੰ ਹਦਾਇਤ; ਉਨ੍ਹਾਂ ਨੂੰ ਬਚਾਉ ਜਿਨ੍ਹਾਂ ਨੂੰ ਬਚਾ ਸਕਦੇ ਹੋ, ਬਾਕੀਆਂ ਨੂੰ ਛੱਡ ਦਿਓ

696
Share

ਰੋਮ , 12 ਮਾਰਚ (ਪੰਜਾਬ ਮੇਲ)- ਚੀਨ ਤੋਂ ਬਾਅਦ ਇਟਲੀ ਵਿਚ ਕੋਰੋਨਾਵਾਇਰਸ ਜਾਂ ਕੋਵਿਡ-19 ਨੇ ਤਬਾਹੀ ਮਚਾਈ ਹੋਈ ਹੈ। ਇਟਲੀ ਵਿਚ ਹੁਣ ਤੱਕ ਕੋਰੋਨਾ ਦੇ 12,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 827 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਵਿਚ ਸਖਤੀ ਨਾਲ ਲਾਕਡਾਊਨ ਲਾਗੂ ਹੈ, ਜਿਸ ਵਿਚ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਬੀਤੀ ਰਾਤ ਇਕ ਨਵੇਂ ਫੈਸਲੇ ਵਿਚ ਸਰਕਾਰ ਨੇ ਦੇਸ਼ ਵਿਚ ਸਿਰਫ ਮੈਡੀਕਲ ਸਟੋਰਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਨੂੰ ਵੀ ਬੰਦ ਰੱਖਣ ਦਾ ਆਦੇਸ਼ ਜਾਰੀ ਕਰ ਦਿੱਤਾ ਹੈ।
ਉਥੇ ਇਟਲੀ ਤੋਂ ਕਈ ਦਿਲ ਦਹਿਲਾ ਦੇਣ ਵਾਲੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਇਥੋਂ ਦੇ ਹਸਪਤਾਲਾਂ ਵਿਚ ਕੰਮ ਕਰ ਰਹੇ ਕਈ ਡਾਕਟਰਾਂ ਨੇ ਇਸ ਨੂੰ ਇਕ ਮਰੀਜ਼ਾਂ ਦੀ ਸੁਨਾਮੀ ਦੱਸਿਆ ਹੈ। ਹਾਲਾਤ ਇੰਨੇ ਖਰਾਬ ਹਨ ਪਿਛਲੇ 24 ਘੰਟਿਆਂ ਅੰਦਰ ਹੀ ਉਥੇ 200 ਤੋਂ ਜ਼ਿਆਦਾ ਲੋਕ ਕੋਰੋਨਾਵਾਇਰਸ ਦੇ ਚੱਲਦੇ ਮਾਰੇ ਗਏ ਹਨ।
‘ਦਿ ਐਟਲਾਂਟਿਕ’ ਅਤੇ ‘ਲੋਕਲ ਇਟਲੀ’ ਵਿਚ ਛਪੀ ਇਕ ਰਿਪੋਰਟ ਮੁਤਾਬਕ ਇਟਲੀ ਦੇ ਹਸਪਤਾਲਾਂ ਵਿਚ ਕੋਰੋਨਾਵਾਇਰਸ ਦੇ ਇੰਨੇ ਮਰੀਜ਼ ਪਹੁੰਚ ਗਏ ਹਨ ਕਿ ਹੁਣ ਹੋਰਾਂ ਨੂੰ ਦਾਖਲ ਕਰਨ ਦੀ ਥਾਂ ਤੱਕ ਨਹੀਂ ਬਚੀ। ਹਾਲਾਤ ਇਹ ਹਨ ਕਿ ਡਾਕਟਰ ਅਤੇ ਨਰਸ ਨੂੰ ਸਮਝ ਨਹੀਂ ਆ ਰਿਹਾ ਕਿ ਕਿਸ ਨੂੰ ਬਚਾਇਆ ਜਾਵੇ ਅਤੇ ਕਿਸ ਨੂੰ ਛੱਡ ਦਿੱਤਾ ਜਾਵੇ।
ਹੁਣ ਇਟੈਲੀਅਨ ਕਾਲਜ ਆਫ ਐਨਸਥੀਸਿਆ ਨੇ ਇਕ ਅਜਿਹੀ ਗਾਈਡਲਾਈਨ ਜਾਰੀ ਕਰ ਦਿੱਤੀ ਹੈ, ਜਿਸ ਨਾਲ ਡਾਕਟਰਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਇਸ ਗਾਈਡਲਾਈਨ ਵਿਚ ਡਾਕਟਰਾਂ ਅਤੇ ਨਰਸਾਂ ਨੂੰ ਆਖਿਆ ਗਿਆ ਕਿ ਐਮਰਜੰਸੀ ਸਥਿਤੀ ਵਿਚ ਤੁਹਾਨੂੰ ਇਹ ਚੁਣਨਾ ਹੋਵੇਗਾ ਕਿ ਕੌਣ ਬਚਾਉਣ ਦੇ ਲਾਇਕ ਹੈ ਅਤੇ ਕਿਸ ਨੂੰ ਨਹੀਂ ਬਚਾਇਆ ਜਾ ਸਕਦਾ। ਖਾਸ ਕਰਕੇ ਆਈ.ਸੀ.ਯੂ. ਦੀ ਕਮੀ ਨੂੰ ਦੇਖਦੇ ਹੋਏ ਇਹ ਫੈਸਲਾ ਲੈਣਾ ਹੋਵੇਗਾ ਕਿ ਮਰੀਜ਼ਾਂ ਵਿਚ ਹਾਲਸ ਕਿਸ ਦੀ ਸੀਰੀਅਸ ਹੈ ਜਾਂ ਖਤਰੇ ਤੋਂ ਬਾਹਰ ਹੈ।
ਕੁਝ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਸੀਨੀਅਰ ਲਗਾਤਾਰ ਉਨ੍ਹਾਂ ‘ਤੇ ਦਬਾਅ ਬਣਾ ਰਹੇ ਹਨ ਕਿ ਜਿਨ੍ਹਾਂ ਦੇ ਬਚਣ ਦੀ ਸੰਭਾਵਨਾ ਜ਼ਿਆਦਾ ਹੋਵੇ ਉਨ੍ਹਾਂ ਨੂੰ ਹੀ ਆਈ.ਸੀ ਯੂ. ਵਿਚ ਦਾਖਲ ਕੀਤਾ ਜਾਵੇ। ਖਾਸ ਕਰਕੇ ਬੁੱਢੇ ਲੋਕ, ਜਿਨ੍ਹਾਂ ਦਾ ਬਚਣਾ ਸੰਭਵ ਨਹੀਂ ਲੱਗ ਰਿਹਾ ਅਤੇ ਬਚ ਵੀ ਗਏ ਤਾਂ ਉਨ੍ਹਾਂ ਦੀ ਉਮਰ ਕੁਝ ਹੀ ਸਾਲ ਬਚੇ ਹਨ, ਉਨ੍ਹਾਂ ‘ਤੇ ਸਮਾਂ ਨਾ ਖਰਾਬ ਕੀਤਾ ਜਾਵੇ। ਇਸ ਗਾਈਡਲਾਈਨ ਮੁਤਾਬਕ ਹੁਣ ਹੋਰ ਕੋਈ ਰਸਤਾ ਨਹੀਂ ਬਚਿਆ ਹੈ, ਤੁਸੀਂ ਉਨ੍ਹਾਂ ਨੂੰ ਬਚਾਉ ਜਿਨ੍ਹਾਂ ਨੂੰ ਬਚਾ ਸਕਦੇ ਹੋ, ਬਾਕੀਆਂ ਨੂੰ ਛੱਡ ਦਿਓ। ਜੇਕਰ ਉਮਰ ਦੇ ਹਿਸਾਬ ਨਾਲ ਤੈਅ ਨਹੀਂ ਕਰ ਪਾ ਰਹੇ ਹੋ ਤਾਂ ਜੋ ਪਹਿਲਾ ਆਇਆ ਹੈ ਉਸ ਦਾ ਇਲਾਜ ਕੀਤਾ ਜਾਵੇ, ਬਾਕੀਆਂ ਨੂੰ ਇੰਤਜ਼ਾਰ ਕਰਨ ਲਈ ਕਹਿ ਦਿੱਤਾ ਜਾਵੇ।
ਡਾਕਟਰਾਂ ਨੂੰ ਹਰ ਮਰੀਜ਼ ਦੀ ਹਾਲਤ, ਬਚੇ ਹੋਏ ਜ਼ਿੰਦਗੀ ਦੇ ਸਾਲ ਅਤੇ ਕਈ ਹੋਰ ਫੈਕਟਰਸ ਦੇ ਜ਼ਰੀਏ ਹਿਸਾਬ ਲਾ ਕੇ ਆਈ. ਸੀ. ਯੂ. ਵਿਚ ਦਾਖਲ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਦੱਸ ਦਈਏ ਕਿ ਕੋਰੋਨਾ 50 ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਸਭ ਤੋਂ ਜ਼ਿਆਦਾ ਖਤਰਨਾਕ ਸਾਬਿਤ ਹੋ ਰਿਹਾ ਹੈ, ਅਜਿਹੀਆਂ ਗਾਈਡਲਾਇੰਸ ਤੋਂ ਬਾਅਦ ਦਿੱਕਤਾਂ ਹੋਰ ਵਧ ਸਕਦੀਆਂ ਹਨ। ਹਾਲਾਂਕਿ ਇਸ ਗਾਈਡਲਾਇੰਸ ਨੂੰ ਸੀਰੀਅਸ ਕੰਡੀਸ਼ਨ ਵਾਲੇ ਮਰੀਜ਼ਾਂ ਲਈ ਹੀ ਲਾਗੂ ਕੀਤਾ ਗਿਆ ਹੈ।


Share