ਕੋਰੋਨਾ ਖਿਲਾਫ ਆਮ ਲੋਕਾਂ ਨੂੰ ਖੁਦ ਜਾਗਰੂਕ ਹੋਣ ਦੀ ਲੋੜ

685
Share

ਕੈਲੀਫੋਰਨੀਆ ‘ਚ ਕਰੋਨਾ ਸੰਬੰਧੀ ਮੁੜ ਸਖ਼ਤ ਹਦਾਇਤਾਂ
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਕੈਲੀਫੋਰਨੀਆ ‘ਚ ਕੋਰੋਨਾਵਾਇਰਸ ਦੇ ਕੇਸਾਂ ਅਤੇ ਇਸ ਤੋਂ ਪੀੜਤ ਲੋਕਾਂ ਦੀਆਂ ਮੌਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਦੇਖਦਿਆਂ ਗਵਰਨਰ ਗੈਵਿਨ ਨਿਊਸਮ ਨੇ ਸਾਰੇ ਰਾਜ ਅੰਦਰ ਰੈਸਟੋਰੈਂਟਾਂ ‘ਚ ਖਾਣਾ ਵਰਤਾਉਣ, ਬਾਰ ਅਤੇ ਮੂਵੀ ਥੀਏਟਰ ਮੁੜ ਬੰਦ ਕਰਨ ਦਾ ਆਦੇਸ਼ ਜਾਰੀ ਕੀਤੇ ਹਨ। ਇਹ ਆਦੇਸ਼ ਕਿਸੇ ਨਿਸ਼ਚਿਤ ਦਿਨਾਂ ਲਈ ਨਹੀਂ, ਸਗੋਂ ਅਣਮਿੱਥੇ ਸਮੇਂ ਲਈ ਜਾਰੀ ਹੋਏ ਹਨ। ਗਵਰਨਰ ਦੇ ਇਸ ਆਦੇਸ਼ ਤੋਂ ਕੋਰੋਨਾਵਾਇਰਸ ਦੀ ਭਿਆਨਕਤਾ ਅਤੇ ਗੰਭੀਰਤਾ ਨੂੰ ਦੇਖਿਆ ਜਾ ਸਕਦਾ ਹੈ। ਕੈਲੀਫੋਰਨੀਆ ਦੇ ਸਰਕਾਰੀ ਅਧਿਕਾਰੀਆਂ ਅਨੁਸਾਰ ਹੁਣ ਤੱਕ ਸੂਬੇ ਅੰਦਰ ਵਾਇਰਸ ਨਾਲ ਸੰਬੰਧਤ ਮੌਤਾਂ ਦੀ ਗਿਣਤੀ 7 ਹਜ਼ਾਰ ਤੋਂ ਟੱਪ ਗਈ ਹੈ ਅਤੇ ਬੀਤੇ ਸੋਮਵਾਰ ਨੂੰ ਹੀ ਇਕੋ ਦਿਨ ‘ਚ 8358 ਕੋਰੋਨਾ ਪੀੜਤ ਨਵੇਂ ਕੇਸ ਸਾਹਮਣੇ ਆਏ ਹਨ। ਕੋਰੋਨਾਵਾਇਰਸ ਦੇ ਵਧ ਰਹੇ ਪ੍ਰਕੋਪ ਨੂੰ ਦੇਖਦਿਆਂ ਹੀ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸਾਰੇ ਰੈਸਟੋਰੈਂਟਾਂ, ਮੂਵੀ ਥੀਏਟਰਾਂ, ਫੈਮਿਲੀ ਇੰਟਰਟੇਨਮੈਂਟ ਕੇਂਦਰਾਂ, ਚਿੜ੍ਹੀਆਘਰ ਤੇ ਬਾਰਾਂ ਅੰਦਰ ਸਰਵਿਸ ਉਪਰ ਪਾਬੰਦੀ ਲਗਾ ਦਿੱਤੀ ਹੈ। ਉਕਤ ਪਾਬੰਦੀਆਂ ਦਾ ਐਲਾਨ ਕਰਦਿਆਂ ਗਵਰਨਰ ਨੇ ਕਿਹਾ ਹੈ ਕਿ ਪੀੜਤਾਂ ਦੇ ਹਸਪਤਾਲਾਂ ‘ਚ ਦਾਖਲ ਹੋਣ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਸਟੇਟ ਅੰਦਰ ਪਾਜ਼ੀਟਿਵ ਆਉਣ ਵਾਲੇ ਕੇਸਾਂ ਵਿਚ ਵੀ ਵਾਧਾ ਹੋ ਰਿਹਾ ਹੈ, ਜਿਸ ਕਰਕੇ ਸਾਨੂੰ ਮੁੜ ਆਪਣੇ ਫੈਸਲੇ ਬਦਲਣੇ ਪੈ ਰਹੇ ਹਨ ਅਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦਾ ਹੁਕਮ ਜਾਰੀ ਕਰਨਾ ਪੈ ਰਿਹਾ ਹੈ। ਗਵਰਨਰ ਗੈਵਿਨ ਨਿਊਸਮ ਵੱਲੋਂ ਜਾਰੀ ਇਹ ਹੁਕਮ ਤੁਰੰਤ ਹੀ ਲਾਗੂ ਹੋ ਗਿਆ ਹੈ। ਇਸ ਫੈਸਲੇ ਮੁਤਾਬਕ ਰਾਜ ਦੀਆਂ ਲਾਸ ਏਂਜਲਸ ਸਮੇਤ 32 ਕਾਊਂਟੀਆਂ ਵਿਚਲੇ ਫਿਟਨੈੱਸ ਸੈਂਟਰਾਂ, ਧਾਰਮਿਕ ਅਸਥਾਨਾਂ, ਨੇਲ ਐਂਡ ਹੇਅਰ ਸਲੂਨ ਅਤੇ ਇੰਡੋਰ ਮਾਲ ਦੀ ਵੀ ਨਿਗਰਾਨੀ ਕੀਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੌਰਾਨ ਕੈਲੀਫੋਰਨੀਆ ‘ਚ ਕੋਰੋਨਾਵਾਇਰਸ ਦੇ ਕੇਸਾਂ ‘ਚ 28 ਫੀਸਦੀ ਵਾਧਾ ਹੋਇਆ, ਜਦਕਿ ਆਈ.ਸੀ.ਯੂ. ‘ਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 20 ਫੀਸਦੀ ਵਧੀ ਹੈ। ਹਾਲਾਂਕਿ ਇਹ ਦੋਵੇਂ ਅੰਕੜੇ ਪਿਛਲੇ 2 ਹਫਤਿਆਂ ਦੇ ਮੁਕਾਬਲੇ ਘੱਟ ਹਨ। 2 ਹਫਤੇ ਪਹਿਲਾਂ ਕੇਸਾਂ ਵਿਚ ਵਾਧਾ 50 ਫੀਸਦੀ ਅਤੇ ਆਈ.ਸੀ.ਯੂ. ‘ਚ ਦਾਖਲ ਹੋਣ ਵਾਲਿਆਂ ਦੀ ਗਿਣਤੀ ‘ਚ 39 ਫੀਸਦੀ ਵਾਧਾ ਸੀ। ਇਸ ਸਮੇਂ ਦੌਰਾਨ ਪਿਛਲੇ 7 ਦਿਨਾਂ ‘ਚ ਪਾਜ਼ੀਟਿਵ ਆਉਣ ਵਾਲੇ ਕੇਸ ਵੱਧ ਕੇ 7.7 ਫੀਸਦੀ ਹੋ ਗਏ ਹਨ।
ਨਵੇਂ ਹੁਕਮਾਂ ‘ਚ ਗਵਰਨਰ ਨੇ ਵਪਾਰਕ ਅਦਾਰਿਆਂ ਨੂੰ ਬੰਦ ਕਰਨ ਲਈ ਕੋਈ ਵੀ ਸਮਾਂ ਸੂਚੀ ਜਾਰੀ ਨਹੀਂ ਕੀਤੀ। ਗਵਰਨਰ ਨੇ ਦੱਸਿਆ ਕਿ ਰਾਜ ਦੇ ਪੇਂਡੂ ਖੇਤਰ ‘ਚ ਵੀ ਆਈ.ਸੀ.ਯੂ. ਵਰਤਣ ਵਾਲਿਆਂ ਦੀ ਗਿਣਤੀ ਵਧਣ ਲੱਗੀ ਹੈ। ਇਹ ਸਾਡੇ ਲਈ ਵਧੇਰੇ ਚਿੰਤਾ ਵਾਲੀ ਗੱਲ ਹੈ। ਬਹੁਤ ਸਾਰੀਆਂ ਕਾਊਂਟੀਆਂ ਦੇ ਅਧਿਕਾਰੀ ਇਸ ਗੱਲ ਨੂੰ ਲੈ ਕੇ ਬੇਹੱਦ ਚਿੰਤਤ ਹਨ। ਪਿਛਲੇ ਸ਼ੁੱਕਰਵਾਰ ਲਾਸ ਏਂਜਲਸ ਕਾਊਂਟੀ ਦੇ ਪਬਲਿਕ ਹੈਲਥ ਅਧਿਕਾਰੀਆਂ ਨੇ ਦੱਸਿਆ ਕਿ 10 ਮਿਲੀਅਨ ਲੋਕਾਂ ਵਾਲੀ ਕਾਊਂਟੀ ਵਿਚ ਸਿਰਫ 113 ਆਈ.ਸੀ.ਯੂ. ਬੈੱਡ ਹੀ ਖਾਲੀ ਰਹਿ ਗਏ ਹਨ। ਸਰਕਾਰ ਕੇਸਾਂ ‘ਚ ਵਾਧੇ ਨੂੰ ਰੋਕਣ ਲਈ ਟੈਸਟਾਂ ਦੇ ਨਤੀਜੇ ‘ਚ ਦੇਰੀ ਵੀ ਕਰ ਰਹੀ ਹੈ।
ਇਸੇ ਤਰ੍ਹਾਂ ਅਗਲੇ ਮਹੀਨੇ ਖੁੱਲ੍ਹਣ ਵਾਲੇ ਸਕੂਲ ਵੀ ਹੁਣ ਨਹੀਂ ਖੁੱਲ੍ਹ ਸਕਣਗੇ। ਗਵਰਨਰ ਨਿਊਸਮ ਨੇ ਇਹ ਵੀ ਦੱਸਿਆ ਕਿ ਪਿਛਲੇ ਵੀਰਵਾਰ ਕੋਵਿਡ-19 ਨਾਲ 24 ਘੰਟਿਆਂ ਅੰਦਰ 149 ਲੋਕ ਮੌਤ ਦੇ ਮੂੰਹ ਜਾ ਪਏ ਸਨ। ਇਸ ਤੋਂ ਪਹਿਲਾਂ ਮੌਤਾਂ ਦਾ ਵੱਧ ਤੋਂ ਵੱਧ ਅੰਕੜਾ 115 ਸੀ। ਇਸ ਤਰ੍ਹਾਂ 149 ਲੋਕਾਂ ਦੀ ਮੌਤ ਹੋਣ ਨਾਲ ਮੌਤ ਦਰ ‘ਚ 23 ਫੀਸਦੀ ਦਾ ਵਾਧਾ ਹੋਇਆ ਹੈ।
ਗਵਰਨਰ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਨਾਲ ਖੁੱਲ੍ਹਾਂ ਦੇਣ ਦਾ ਦੌਰ ਇਕ ਵਾਰ ਫਿਰ ਖਤਮ ਹੋ ਗਿਆ ਲੱਗਦਾ ਹੈ। ਪਿਛਲੇ ਸਮੇਂ ਦੌਰਾਨ ਕੋਰੋਨਾਵਾਇਰਸ ਤੋਂ ਪੀੜਤ ਖੇਤਰਾਂ ਵਿਚ ਪ੍ਰਸ਼ਾਸਨ ਵੱਲੋਂ ਖੁੱਲ੍ਹਾਂ ਦੇਣ ਨਾਲ ਲੋਕੀ ਅਵੇਸਲੇ ਹੋ ਗਏ ਸਨ ਅਤੇ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਹੁਣ ਜਦ ਸਭ ਕੁੱਝ ਖੁੱਲ੍ਹ ਗਿਆ ਹੈ, ਤਾਂ ਕੋਰੋਨਾਵਾਇਰਸ ਤੋਂ ਵੀ ਸਾਨੂੰ ਰਾਹਤ ਮਿਲ ਗਈ ਹੈ। ਜਦਕਿ ਹਕੀਕਤ ਵਿਚ ਅਜਿਹਾ ਕੁੱਝ ਵੀ ਨਹੀਂ। ਸਗੋਂ ਕੋਰੋਨਾਵਾਇਰਸ ਪਹਿਲਾਂ ਨਾਲੋਂ ਵੀ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਸਿਰਫ ਕੈਲੀਫੋਰਨੀਆ ਹੀ ਨਹੀਂ, ਸਗੋਂ ਪੂਰੇ ਅਮਰੀਕਾ ਅਤੇ ਦੁਨੀਆਂ ਵਿਚ ਹੀ ਵਾਇਰਸ ਤੇਜ਼ੀ ਨਾਲ ਖਤਰਨਾਕ ਰੂਪ ਧਾਰਨ ਕਰ ਰਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਵੱਲੋਂ ਪਿਛਲੇ ਐਤਵਾਰ ਜਾਰੀ ਕੀਤੇ ਅੰਕੜਿਆਂ ਅਨੁਸਾਰ ਪੂਰੀ ਦੁਨੀਆਂ ਅੰਦਰ ਸਿਰਫ ਵਾਇਰਸ ਨਾਲ 1 ਦਿਨ ਵਿਚ ਪੀੜਤ ਹੋਣ ਵਾਲਿਆਂ ਦੀ ਗਿਣਤੀ 230,370 ਸੀ। ਇਹ ਅੰਕੜੇ ਬੜੀ ਵੱਡੀ ਚਿੰਤਾ ਦਾ ਵਿਸ਼ਾ ਹਨ। ਭਾਵੇਂ ਅਮਰੀਕਾ ਨੇ ਡਬਲਯੂ.ਐੱਚ.ਓ. ਨਾਲੋਂ ਆਪਣਾ ਨਾਤਾ ਤੋੜ ਲਿਆ ਹੈ। ਪਰ ਫਿਰ ਵੀ ਡਬਲਯੂ.ਐੱਚ.ਓ. ਵੱਲੋਂ ਜਾਰੀ ਕੀਤੇ ਜਾਣ ਵਾਲੇ ਅੰਕੜੇ, ਭਵਿੱਖਬਾਣੀਆਂ ਅਤੇ ਵਾਇਰਸ ਪ੍ਰਤੀ ਪੇਸ਼ ਕੀਤੇ ਜਾਣ ਵਾਲੇ ਤੱਥਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਇਸ ਵੇਲੇ ਵਾਇਰਸ ਤੋਂ ਪੀੜਤ ਲੋਕਾਂ ਵਿਚ ਅਮਰੀਕਾ ਦਾ ਨਾਂ ਸਭ ਤੋਂ ਪਹਿਲੇ ਨੰਬਰ ‘ਤੇ ਹੈ। ਬ੍ਰਾਜ਼ੀਲ ਦੂਜੇ, ਭਾਰਤ ਤੀਜੇ ਅਤੇ ਰੂਸ ਚੌਥੇ ਨੰਬਰ ‘ਤੇ ਆਉਂਦੇ ਹਨ। ਡਬਲਯੂ.ਐੱਚ.ਓ. ਨੇ ਇਹ ਵੀ ਚਿੰਤਾ ਜ਼ਾਹਿਰ ਕੀਤੀ ਹੈ ਕਿ ਜਿਸ ਤਰ੍ਹਾਂ ਦੇ ਰੁਝਾਨ ਚੱਲ ਰਹੇ ਹਨ, ਉਸ ਮੁਤਾਬਕ ਭਾਰਤ ਛੇਤੀ ਹੀ ਇਸ ਵਾਇਰਸ ਨਾਲ ਪੀੜਤ ਦੇਸ਼ਾਂ ਦੀ ਸੂਚੀ ਵਿਚ ਦੂਜਾ ਨੰਬਰ ਲੈ ਸਕਦਾ ਹੈ।
ਸ਼ੁਰੂਆਤੀ ਦੌਰ ਵਿਚ ਭਾਵੇਂ ਪੂਰੀ ਦੁਨੀਆਂ ਵਿਚ ਵਾਇਰਸ ਦੇ ਫੈਲਾਅ ਨਾਲ ਲੋਕਾਂ ਅੰਦਰ ਡਰ ਅਤੇ ਭੈਅ ਵਧਿਆ ਸੀ। ਲਗਭਗ ਪੂਰੀ ਦੁਨੀਆਂ ਅੰਦਰ ਲੌਕਡਾਊਨ ਕਾਰਨ ਲੋਕੀਂ ਘਰਾਂ ਅੰਦਰ ਹੀ ਰਹਿਣ ਲਈ ਮਜਬੂਰ ਹੋ ਗਏ ਸਨ। ਪਰ ਜਿਉਂ-ਜਿਉਂ ਸਮਾਂ ਬਿਤਿਆ, ਤਾਂ ਵੱਖ-ਵੱਖ ਦੇਸ਼ਾਂ ਅੰਦਰ ਖੁੱਲ੍ਹਾਂ ਦਾ ਦੌਰ ਸ਼ੁਰੂ ਹੋਇਆ ਅਤੇ ਇਹ ਅਹਿਸਾਸ ਜਾਗਿਆ ਕਿ ਵਾਇਰਸ ਦੇ ਨਾਲ-ਨਾਲ ਕਾਰੋਬਾਰ ਵੀ ਚਾਲੂ ਕਰਨੇ ਪੈਣਗੇ। ਇੱਥੋਂ ਤੱਕ ਕਿ ਸਿਹਤ ਮਾਹਿਰ ਵੀ ਕਹਿਣ ਲੱਗ ਪਏ ਕਿ ਕੋਰੋਨਾਵਾਇਰਸ ਨੇ ਸਾਡਾ ਛੇਤੀ ਖਹਿੜਾ ਨਹੀਂ ਛੱਡਣਾ। ਸਾਨੂੰ ਇਸ ਦੇ ਨਾਲ-ਨਾਲ ਜਿਊਣਾ ਸਿੱਖਣਾ ਪਵੇਗਾ। ਪਰ ਮਨੁੱਖੀ ਸੁਭਾਅ ਅਜਿਹਾ ਹੈ ਕਿ ਕਿਸੇ ਵੀ ਸੰਕਟ ਦੇ ਮੁੱਢਲੇ ਦਿਨਾਂ ਵਿਚ ਉਹ ਭੈਅਭੀਤ ਵੀ ਹੁੰਦਾ ਹੈ ਅਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਤੇ ਸਾਵਧਾਨੀਆਂ ਵੀ ਵਰਤਦਾ ਹੈ। ਪਰ ਸਮਾਂ ਲੰਘਣ ਨਾਲ ਉਸ ਦੇ ਮਨ ਅੰਦਰ ਭੈਅ ਦੀ ਭਾਵਨਾ ਵੀ ਘਟਣ ਲੱਗਦੀ ਹੈ ਜਾਂ ਇੰਝ ਕਹਿ ਲਈਏ ਕਿ ਸੰਕਟ ਵਿਚ ਵੀ ਜਿਊਣ ਦੀ ਆਦਤ ਜਿਹੀ ਬਣ ਜਾਂਦੀ ਹੈ, ਜਿਸ ਕਰਕੇ ਕੁਦਰਤੀ ਹੀ ਲੋਕ ਭੈਅ ਅਤੇ ਸਾਵਧਾਨੀਆਂ ਪ੍ਰਤੀ ਅਵੇਸਲੇ ਹੋ ਜਾਂਦੇ ਹਨ ਅਤੇ ਖੁੱਲ੍ਹਾਂ ਵਰਤਣ ਵੱਲ ਤੁਰ ਪੈਂਦੇ ਹਨ। ਸਾਡੇ ਪੰਜਾਬ ਵਿਚ ਅਜਿਹਾ ਹੀ ਕੁੱਝ ਵਾਪਰ ਰਿਹਾ ਹੈ। ਪਹਿਲੇ ਦੋ ਮਹੀਨੇ ਦੇ ਕਰੀਬ ਉਥੇ ਲੋਕਾਂ ਨੇ ਮੁਕੰਮਲ ਲੌਕਡਾਊਨ ਅਤੇ ਕਰਫਿਊ ਦੌਰਾਨ ਆਪਣੇ ਘਰਾਂ ਵਿਚ ਹੀ ਜੀਵਨ ਨਿਰਵਾਹ ਕੀਤਾ। ਪਰ ਜਿਉਂ ਹੀ ਦੋ ਮਹੀਨਿਆਂ ਬਾਅਦ ਕਾਰੋਬਾਰ ਖੋਲ੍ਹੇ ਗਏ, ਜਨਜੀਵਨ ਬਹਾਲ ਹੋਇਆ, ਤਾਂ ਮੁੜ ਫਿਰ ਕੋਰੋਨਾਵਾਇਰਸ ਨੇ ਖਤਰਨਾਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਭਾਰਤ ਅੰਦਰ ਹਰ ਚਾਰ ਦਿਨਾਂ ਵਿਚ ਪੀੜਤਾਂ ਦੀ ਗਿਣਤੀ 1 ਲੱਖ ਹੋਰ ਵੱਧ ਜਾਂਦੀ ਹੈ। ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਇਸੇ ਤਰ੍ਹਾਂ ਵਾਧਾ ਹੋਇਆ ਹੈ। ਪੰਜਾਬ ਅੰਦਰ ਵੀ ਪਹਿਲੇ ਦੋ ਮਹੀਨਿਆਂ ਦੌਰਾਨ ਰੋਜ਼ਾਨਾ ਪੀੜਤਾਂ ਦੀ ਗਿਣਤੀ 10-12 ਤੋਂ ਨਹੀਂ ਸੀ ਟੱਪੀ। ਪਰ ਇਸ ਵੇਲੇ ਪਿਛਲੇ 2-3 ਹਫਤਿਆਂ ਤੋਂ ਲਗਾਤਾਰ ਔਸਤਨ ਪ੍ਰਤੀ ਦਿਨ ਮਰੀਜ਼ਾਂ ਦੀ ਗਿਣਤੀ 200 ਦੇ ਕਰੀਬ ਚੱਲ ਰਹੀ ਹੈ। ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਵੀ ਮੁੜ ਸਖ਼ਤੀ ਕਰਨ ਦੇ ਰਾਹ ਪਈ ਹੈ। ਕੈਲੀਫੋਰਨੀਆ ਵਾਂਗ ਹੀ ਪੰਜਾਬ ਵਿਚ ਵੀ ਲੋਕ ਮਾਸਕ ਪਹਿਨਣ, ਸਮਾਜਿਕ ਦੂਰੀ ਵਰਤਣ ਅਤੇ ਵੱਡੇ ਇਕੱਠ ਨਾ ਕਰਨ ਪ੍ਰਤੀ ਅਵੇਸਲੇ ਹੋ ਗਏ ਸਨ। ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਤੇ ਸਾਵਧਾਨੀਆਂ ਬਾਰੇ ਵੀ ਬਹੁਤਾ ਖਿਆਲ ਰੱਖਣੋਂ ਹੱਟ ਗਏ ਸਨ। ਇਸੇ ਕਰਕੇ ਪੰਜਾਬ ਸਰਕਾਰ ਨੇ ਮਾਸਕ ਪਹਿਨਣ, ਸਮਾਜਿਕ ਦੂਰੀ ਰੱਖਣ ਅਤੇ ਹੋਰ ਸਾਵਧਾਨੀਆਂ ਵਰਤਣ ਲਈ ਸਖ਼ਤ ਰੁਖ਼ ਅਪਣਾਇਆ ਹੈ। ਹਰ ਤਰ੍ਹਾਂ ਦੇ 5 ਵਿਅਕਤੀਆਂ ਦੇ ਇਕੱਠ ਕਰਨ ਉਪਰ ਪਾਬੰਦੀ ਲਗਾ ਦਿੱਤੀ ਹੈ। ਵਿਆਹ ਸਮਾਗਮ ਵਿਚ ਹੁਣ 50 ਦੀ ਬਜਾਏ ਸਿਰਫ 20 ਨਜ਼ਦੀਕੀ ਲੋਕ ਹੀ ਸ਼ਾਮਲ ਹੋ ਸਕਣਗੇ।
ਕੈਲੀਫੋਰਨੀਆ ਅੰਦਰ ਵੀ ਅਸੀਂ ਦੇਖਦੇ ਹਾਂ ਕਿ ਜਦ ਤੋਂ ਸਾਰੇ ਕਾਰੋਬਾਰ ਨੂੰ ਇੰਨਡੋਰ ਕੰਮ ਕਰਨ ਦੀ ਖੁੱਲ੍ਹ ਦੇ ਦਿੱਤੀ ਗਈ ਸੀ, ਤਾਂ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਪ੍ਰਤੀ ਅਵੇਸਲਾਪਨ ਆਮ ਹੀ ਨਜ਼ਰ ਆਉਣ ਲੱਗ ਪਿਆ ਸੀ। ਜਨਤਕ ਥਾਵਾਂ ਉਪਰ ਵੀ ਲੋਕ ਸਾਵਧਾਨੀਆਂ ਪ੍ਰਤੀ ਬਹੁਤੇ ਚਿੰਤਤ ਨਹੀਂ ਸਨ। ਸਾਵਧਾਨੀਆਂ ਨਾ ਵਰਤਣ ਅਤੇ ਖੁਦ ਦਾ ਆਪਣਾ ਖਿਆਲ ਨਾ ਰੱਖਣ ਦੀ ਰੁਚੀ ਕਾਰਨ ਹੀ ਸਾਡੀ ਸਟੇਟ ਅੰਦਰ ਵਾਇਰਸ ਨੇ ਮੁੜ ਪੈਰ ਪਸਾਰਨੇ ਸ਼ੁਰੂ ਕੀਤੇ ਹਨ। ਸਰਕਾਰ ਦੀ ਇਸ ਚਿੰਤਾ ਅਤੇ ਨਵੇਂ ਕਦਮਾਂ ਨੂੰ ਕੈਲੀਫੋਰਨੀਆ ਦੇ ਲੋਕਾਂ ਵੱਲੋਂ ਖੁਦ ਨੂੰ ਅਪਣਾਉਣ ਵੱਲ ਵੱਧਣਾ ਚਾਹੀਦਾ ਹੈ ਕਿਉਂਕਿ ਇਹ ਸਾਵਧਾਨੀਆਂ ਅਤੇ ਨਿਯਮ ਸਾਡੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਲਈ ਜਾਰੀ ਹੋਏ ਹਨ। ਸਾਡਾ ਸਭਨਾਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਤਹਿਦਿਲੋਂ ਆਪ ਜਾਰੀ ਸਾਵਧਾਨੀਆਂ ਅਤੇ ਹਦਾਇਤਾਂ ਪ੍ਰਤੀ ਸੁਚੇਤ ਰਹੀਏ ਅਤੇ ਆਪਣੇ ਆਲੇ-ਦੁਆਲੇ ਨੂੰ ਸੁਚੇਤ ਕਰੀਏ।


Share