ਕੈਪਟਨ ਅਮਰਿੰਦਰ ਸਿੰਘ ਨੇ ਹੋਰ ਸਖਤ ਰੋਕਾਂ ਲਗਾਉਣ ਦਾ ਕੀਤਾ ਐਲਾਨ; ਕਿਹਾ, ”ਪੰਜਾਬ ਨੂੰ ਕੋਵਿਡ ਦੇ ਮਾਮਲੇ ਵਿੱਚ ਮੁੰਬਈ/ਦਿੱਲੀ/ਤਾਮਿਲਨਾਡੂ ਨਹੀਂ ਬਣਨ ਦੇਣਾ ਚਾਹੁੰਦਾ”

670
Share

• ਰਾਜਸੀ ਪਾਰਟੀਆਂ ਨੂੰ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਇਕੱਠ ਕਰਨ ਤੋਂ ਗੁਰੇਜ਼ ਕਰਨ ਦੀ ਕੀਤੀ ਅਪੀਲ; ਕਿਹਾ, ‘ਰਾਜਨੀਤੀ ਉਡੀਕ ਕਰ ਸਕਦੀ ਹੈ’
ਚੰਡੀਗੜ੍ਹ, 12 ਜੁਲਾਈ (ਪੰਜਾਬ ਮੇਲ)- ਕੋਵਿਡ ਦੇ ਕੇਸਾਂ ਦੀ ਵਧਦੀ ਗਿਣਤੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੁਝ ਹੋਰ ਸਖਤ ਕਦਮ ਚੁੱਕਣ ਦੀ ਤਿਆਰੀ ਕਰ ਲਈ ਗਈ ਹੈ ਜਿਸ ਵਿੱਚ ਸਮਾਜਿਕ, ਜਨਤਕ ਤੇ ਪਰਿਵਾਰਕ ਇਕੱਠਾਂ ਬਾਰੇ ਬੰਦਸ਼ਾਂ ਸਮੇਤ ਕੰਮਕਾਜ ਦੌਰਾਨ ਵੀ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਫੇਸਬੁੱਕ ਲਾਈਵ ਸੈਸ਼ਨ ‘ਕੈਪਟਨ ਨੂੰ ਸਵਾਲ’ ਦੌਰਾਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕੋਰੋਨਾਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸਖਤੀ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਵੀ ਮੁੰਬਈ, ਦਿੱਲੀ ਜਾਂ ਤਾਮਿਲਨਾਡੂ ਦੇ ਰਾਹ ਪਏ। ਇਹ ਪੁੱਛੇ ਜਾਣ ‘ਤੇ ਕਿ ਸੂਬਾ ਸਰਕਾਰ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਹਫਤੇ ਦੇ ਅੰਤਲੇ ਦਿਨਾਂ ਲਈ ਲੌਕਡਾਊਨ ਕਿਉਂ ਨਹੀਂ ਲਗਾਉਂਦੀ ਤਾਂ ਉਨ੍ਹਾਂ ਕਿਹਾ ਕਿ ਐਤਵਾਰ ਨੂੰ ਪਹਿਲਾ ਹੀਂ ਲੌਕਡਾਊਨ ਲਗਾਇਆ ਹੋਇਆ ਹੈ ਅਤੇ ਸਰਕਾਰ ਸਾਰੀ ਸਥਿਤੀ ‘ਤੇ ਪੂਰੀ ਨਿਗ੍ਹਾ ਰੱਖ ਰਹੀ ਹੈ ਅਤੇ ਜੋ ਕਦਮ ਜ਼ਰੂਰੀ ਹੋਣਗੇ, ਉਹ ਚੁੱਕੇਗੀ।
ਮੌਜੂਦਾ ਸੰਕਟ ਦੇ ਚੱਲਦਿਆਂ ਹਰੇਕ ਨੂੰ ਜ਼ਿੰਮੇਵਾਰੀ ਨਾਲ ਵਿਵਹਾਰ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰ ਤਰ੍ਹਾਂ ਦੀਆਂ ਰੋਕਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਅਤੇ ਨਾਲ ਹੀ ਉਨ੍ਹਾਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀਆਂ ਦੀਆਂ ਜ਼ਿੰਦਗੀ ਬਚਾਉਣ ਲਈ ਕਿਸੇ ਕਿਸਮ ਦੇ ਇਕੱਠ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ,”ਪੰਜਾਬ ਨੂੰ ਬਚਾਉਣ ਦੀ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਰਾਜਨੀਤੀ ਉਡੀਕ ਕਰ ਸਕਦੀ ਹੈ।” ਮਨੁੱਖਤਾ ਲਈ ਸਭ ਤੋਂ ਵੱਡੇ ਖਤਰੇ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਸਾਰਿਆਂ ਨੂੰ ਸਾਂਝੀ ਲੜਾਈ ਲੜਨ ਦਾ ਸੱਦਾ ਦਿੱਤਾ।
ਕਈ ਫਰੰਟਲਾਈਨ ਵਰਕਰਾਂ ਅਤੇ ਸਰਕਾਰੀ ਅਫਸਰਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਸਮੇਤ ਕੋਵਿਡ ਕੇਸਾਂ ਦੀ ਵਧਦੀ ਗਿਣਤੀ ਉਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਵਾਈ ਦਾ ਹਾਲੇ ਕੋਈ ਪਤਾ ਨਹੀਂ ਅਤੇ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਲੜਨ ਲਈ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਨੂੰ ਮਾਸਕ ਨਾ ਪਹਿਨਣ ਲਈ 5100 ਲੋਕਾਂ ਦੇ ਚਲਾਨ ਕੀਤੇ ਗਏ ਜਦੋਂ ਕਿ ਕੁਝ ਥਾਵਾਂ ਉਤੇ ਜਨਤਕ ਤੌਰ ‘ਤੇ ਥੁੱਕ ਸੁੱਟਣ ਦੇ ਵੀ ਮਾਮਲੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹਾ ਕੁਝ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਲੋੜਵੰਦਾਂ ਨੂੰ ਮੁੜ ਵਰਤੋਂ ਅਤੇ ਧੋਣ ਵਾਲੇ ਮਾਸਕ ਹੋਰ ਵੰਡੇਗੀ।
ਮਰਨ ਵਾਲਿਆਂ ਦੇ ਮੈਡੀਕਲ ਪਿਛੋਕੜ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕੋਰੋਨਾ ਨਾਲ ਹੋਈਆਂ ਸਾਰੀਆਂ ਮੌਤਾ ਦਾ ਲੇਖਾ ਕੀਤਾ ਜਾ ਰਿਹਾ ਹੈ ਤਾਂ ਜੋ ਡਾਕਟਰ ਅਤੇ ਮਾਹਿਰ ਕੋਵਿਡ ਵਿਰੁੱਧ ਲੜਾਈ ‘ਤੇ ਹੋਰ ਵਧੇਰੇ ਕੇਂਦਰਿਤ ਰਣਨੀਤੀ ਘੜਨ ਸਕਣ।
ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਕੋਵਿਡ ਦੇ ਕੇਸਾਂ ਵਿੱਚ ਇਜ਼ਾਫਾ ਟੈਸਟਿੰਗ ਵਧਣ ਅਤੇ ਵੱਡੀ ਗਿਣਤੀ ਵਿੱਚ ਆ ਰਹੇ ਬਾਹਰੀ ਲੋਕਾਂ ਕਾਰਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਇਕ ਦਿਨ ‘ਚ 700 ਟੈਸਟ ਹੰਦੇ ਸਨ ਅਤੇ ਹੁਣ ਟੈਸਟਿੰਗ ਵਧਾ ਕੇ ਇਕ ਦਿਨ ਵਿੱਚ 10,000 ਤੋਂ ਵੱਧ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿਰਫ ਪਿਛਲੇ ਚਾਰ ਦਿਨਾਂ ਵਿੱਚ ਦਿੱਲੀ ਸਮੇਤ ਹੋਰਨਾਂ ਸੂਬਿਆਂ ਤੋਂ 63000 ਲੋਕ ਸੂਬੇ ਵਿੱਚ ਦਾਖ਼ਲ ਹੋਏ ਹਨ।
ਇਹ ਪੁੱਛੇ ਜਾਣ ‘ਤੇ ਹਿਮਾਚਲ ਪ੍ਰਦੇਸ਼ ਵਾਂਗ ਪੰਜਾਬ ਵੀ ਦਿੱਲੀ ਵਰਗੇ ਵੱਧ ਪ੍ਰਭਾਵਿਤ (ਹੌਟਸਪੌਟ) ਸੂਬਿਆਂ ਤੋਂ ਆ ਰਹੇ ਲੋਕਾਂ ਲਈ ਕੋਵਿਡ ਤੋਂ ਨੈਗੇਟਿਵ ਟੈਸਟ ਹੋਣ ਦੇ ਸਰਟੀਫਿਕੇਟ ਨੂੰ ਜ਼ਰੂਰੀ ਕਿਉਂ ਨਹੀਂ ਬਣਾਉਂਦਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਗੁਆਂਢੀ ਸੂਬੇ ਦੇ ਫੈਸਲੇ ‘ਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਪਰ ਉਨ੍ਹਾਂ ਦੀ ਸਰਕਾਰ ਕੋਵਿਡ ਸ਼ੱਕੀਆਂ ਦੀ ਰੋਕਥਾਮ ਲਈ ਆਪਣੇ ਪੱਧਰ ‘ਤੇ ਕਦਮ ਚੁੱਕ ਰਹੀ ਹੈ।
ਮੁੱਖ ਮੰਤਰੀ ਨੇ ਲੋਕਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਮਾਮੂਲੀ ਜਿਹੇ ਲੱਛਣ ਪਾਏ ਜਾਣ ਜਾਂ ਸ਼ੱਕ ਹੋਣ ‘ਤੇ ਵੀ ਆਪੋ-ਆਪਣੀ ਜਾਂਚ ਕਰਵਾਉਣ ਅਤੇ ਇਸ ਵਿੱਚ ਕੋਈ ਜੋਖਮ ਨਾ ਲੈਣ ਕਿਉਂਕਿ ਮੌਤਾਂ ਰੋਕਣ ਲਈ ਕੋਵਿਡ ਦਾ ਛੇਤੀ ਪਤਾ ਲੱਗ ਜਾਣਾ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਭਰ ਵਿੱਚ ਰੋਗਾਣੂ ਰਹਿਤ ਕਰਨ ਲਈ ਛਿੜਕਾਅ ਕੀਤਾ ਜਾ ਰਿਹਾ ਹੈ ਤਾਂ ਕਿ ਮੌਨਸੂਨ ਨਾਲ ਸਬੰਧਤ ਹੋਰ ਵਾਇਰਸ ਦੇ ਫੈਲਾਅ ਰੋਕੇ ਜਾ ਸਕਣ।
ਮੈਡੀਕਲ ਲੈਬ ਟੈਕਨੀਸ਼ੀਅਨ ਐਸੋਸੀਏਸ਼ਨ, ਪੰਜਾਬ ਦੀ ਕੀਤੀ ਅਪੀਲ ਕਿ ਕੋਵਿਡ ਨਾਲ ਨਿਪਟਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਮੂਹਰਲੀ ਕਤਾਰ ਦੇ ਯੋਧਿਆਂ ਵਾਂਗ ਮਾਨਤਾ ਦੇਣੀ ਚਾਹੀਦੀ ਹੈ ਕਿਉਂਕਿ ਉਹ ਵੀ ਆਪਣੀ ਜਾਨ ਜੋਖਮ ਵਿੱਚ ਪਾਉਂਦੇ ਹਨ ਅਤੇ ਇਸ ਦੌਰਾਨ ਕਈ ਪ੍ਰਭਾਵਿਤ ਵੀ ਹੋਏ ਹਨ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਬਿਨਾਂ ਸ਼ੱਕ ਤਕਨੀਸ਼ੀਅਨ ਵੀ ਪੂਰੀ ਤਰ੍ਹਾਂ ਮੂਹਰਲੀ ਕਤਾਰ ਦੇ ਯੋਧੇ ਹਨ ਅਤੇ ਮੌਜੂਦਾ ਸੰਕਟ ਵਿੱਚ ਉਨ੍ਹਾਂ ਦੇ ਰੋਲ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਦੇ ਇਕ ਵਾਸੀ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਖਰਾਬ ਸੀ.ਟੀ. ਸਕੈਨ ਮਸ਼ੀਨ ਬਾਰੇ ਪਤਾ ਕਰਵਾ ਕੇ ਸਮੱਸਿਆ ਨੂੰ ਦੂਰ ਕੀਤਾ ਜਾਵੇ।
ਮੁੱਖ ਮੰਤਰੀ ਨੇ ਯੂ.ਕੇ. ਅਧਾਰਿਤ ਪੰਜਾਬੀ ਵੱਲੋਂ ਆਪਣੀ ਮਾਤਾ ਨੂੰ ਮਿਲਣ ਲਈ ਪੰਜਾਬ ਆਉਣ ਪੁੱਛਣ ‘ਤੇ ਉਨ੍ਹਾਂ ਨੂੰ ਦੱਸਿਆ ਕਿ ਇੱਥੇ ਪਹੁੰਚਣ ‘ਤੇ ਉਨ੍ਹਾਂ ਨੂੰ 7 ਦਿਨਾਂ ਦਾ ਸੰਸਥਾਗਤ ਏਕਾਂਤਵਾਸ ਅਤੇ ਉਸ ਤੋਂ ਬਾਅਦ 7 ਦਿਨਾਂ ਦੇ ਘਰੇਲੂ ਏਕਾਂਤਵਾਸ ਦੇ ਨਿਯਮਾਂ ਦਾ ਪਾਲਣਾ ਕਰਨਾ ਹੋਵੇਗਾ ਅਤੇ ਉਨ੍ਹਾਂ ਅਤੇ ਹੋਰਾਂ ਦੀ ਸੁਰੱਖਿਆ ਦੇ ਹਿੱਤ ਵਿੱਚ ਇਨ੍ਹਾਂ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾ ਸਕੀ। ਮੁੱਖ ਮੰਤਰੀ ਨੇ ਕਿਹਾ ਕਿ ਨਿਯਮ ਬਣਾਏ ਹੀ ਸਾਰਿਆਂ ਦੀ ਸੁਰੱਖਿਆ ਲਈ ਹਨ।
ਇੰਤਕਾਲ ਕਰਨ ਦੀ ਗਤੀ ਹੌਲੀ ਹੋਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਸਕੱਤਰ ਨੂੰ ਇਸ ਵਿੱਚ ਤੇਜ਼ੀ ਲਿਆਉਣ ਅਤੇ ਬਕਾਇਆ ਇੰਤਕਾਲਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ।
ਰਾਸ਼ਟਰੀ ਡਿਫੈਂਸ ਅਕੈਡਮੀ (ਐਨ.ਡੀ.ਏ) ਇੰਸਟ੍ਰਕਟਰ ਨਾਇਬ ਸੂਬੇਦਾਰ ਹਰਬੰਸ ਸਿੰਘ ਦੇ ਪੋਤਰੇ ਵੱਲੋਂ ਕੀਤੀ ਬੇਨਤੀ ਕਿ ਨਾਇਬ ਸੂਬੇਦਾਰ ਉਨ੍ਹਾਂ ਨੂੰ ਦਿਲੋਂ ਯਾਦ ਕਰਦੇ ਹਨ ਅਤੇ ਮਿਲਣਾ ਚਾਹੁੰਦੇ ਹਨ, ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ”ਜੇਕਰ ਉਹ ਆ ਸਕਦੇ ਹਨ ਤਾਂ ਕ੍ਰਿਪਾ ਕਰਕੇ ਉਨ੍ਹਾਂ ਨੂੰ ਇਥੇ ਲਿਆਓ….. ਕੋਈ ਆਪਣੇ ਪੁਰਾਣੇ ਦੋਸਤਾਂ ਨੂੰ ਨਹੀਂ ਭੁੱਲ ਸਕਦਾ ਅਤੇ ਵਰਦੀ ਪਾਉਣ ਵਾਲੇ ਭਰਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੁਸੀਂ ਵਰਦੀ ਪਾ ਲੈਂਦੇ ਹੋ ਤੁਸੀਂ ਉਮਰ ਭਰ ਲਈ ਦੋਸਤ ਬਣ ਜਾਂਦੇ ਹੋ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਸਾਬਕਾ ਐਨ.ਡੀ.ਏ ਇੰਸਟ੍ਰਕਟਰ ਨੂੰ ਮਿਲਣ ਲਈ ਇੰਤਜ਼ਾਰ ਕਰਨਗੇ।
ਠੇਕੇ ਵਾਲੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਬਾਰੇ ਪੁੱਛੇ ਜਾਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਬਾਰੇ ਬਣਾਈ ਕੈਬਨਿਟ ਸਬ-ਕਮੇਟੀ ਵੱਲੋਂ ਆਪਣੀ ਰਿਪੋਰਟ ਸੌਂਪੀ ਜਾਵੇਗੀ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਸਬੰਧੀ ਫੈਸਲਾ ਜਲਦ ਲਿਆ ਜਾਵੇਗਾ।
ਇਕ ਅੰਮ੍ਰਿਤਸਰ ਵਾਸੀ ਵੱਲੋਂ ਸ੍ਰੀ ਦਰਬਾਰ ਸਾਹਿਬ ਲਈ ਮਿਲਕਫੈਡ ਦੀ ਥਾਂ ਪੁਣੇ ਦੀ ਇਕ ਨਿੱਜੀ ਕੰਪਨੀ ਪਾਸੋਂ ਦੇਸੀ ਘਿਓ ਖਰੀਦੇ ਜਾਣ ਬਾਰੇ ਪ੍ਰਗਟਾਏ ਆਪਣੇ ਸਰੋਕਾਰ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸਦੇ ਹੱਕ ਵਿੱਚ ਨਹੀਂ ਹਨ ਕਿਉਂਜੋ ਡੇਅਰੀ ਪੰਜਾਬ ਲਈ ਦੂਜੀ ਫਸਲ ਹੈ। ਆਸ ਜਤਾਉਂਦਿਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫੈਸਲੇ ‘ਤੇ ਮੁੜ ਗੌਰ ਕਰੇਗੀ, ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਘਿਓ ਨਾਲੋ ਹੋਰ ਕੋਈ ਘਿਓ ਬਿਹਤਰ ਨਹੀਂ।
ਫਾਜ਼ਿਲਕਾ ਦੇ ਇਕ ਕਿੰਨੋ ਫਾਰਮਿੰਗ ਵਾਲੇ ਕਿਸਾਨ ਵੱਲੋਂ ਕੋਵਿਡ ਦੇ ਸੰਕਟ ਜਿਸਦੀ ਸਿਖਰ ਆਉਂਦੇ ਤਿੰਨ-ਚਾਰ ਮਹੀਨਿਆਂ ਵਿੱਚ ਕਿਆਸੀ ਜਾ ਰਹੀ ਹੈ, ਨੂੰ ਵੇਖਦਿਆਂ ਉਸਦੀ ਫਸਲ ਲਈ ਉਸਾਰੂ ਮਾਰਕੀਟਿੰਗ ਯਕੀਨੀ ਬਣਾਏ ਜਾਣ ਬਾਰੇ ਕੀਤੀ ਬੇਨਤੀ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਮਜ਼ਬੂਤ ਮਾਰਕੀਟਿੰਗ ਢਾਂਚਾ ਪਹਿਲਾਂ ਹੀ ਮੌਜੂਦ ਹੈ, ਉਹ ਖੇਤੀਬਾੜੀ ਵਿਭਾਗ ਨੂੰ ਇਸ ਮਸਲੇ ਨੂੰ ਵੇਖਣ ਅਤੇ ਇਹ ਯਕੀਨੀ ਬਣਾਉਣ ਕਿ ਇਸ ਵਿੱਚ ਕੋਈ ਚੋਰ ਮੋਰੀ ਨਾ ਹੋਵੇ, ਬਾਰੇ ਆਖਣਗੇ।
ਖੰਨਾ ਵਾਸੀ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਟੀਫਕੇਟਾਂ ਨੂੰ ਅੰਤਰ-ਰਾਸ਼ਟਰੀ ਵਿੱਦਿਆ ਲਈ ਆਸਟਰੇਲੀਆ ਵਰਗੇ ਕੁਝ ਮੁਲਕਾ ਵੱਲੋਂ ਮਾਨਤਾ ਨਾ ਦੇਣ ਸਬੰਧੀ ਉਠਾਏ ਨੁਕਤੇ ਬਾਰੇ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਹ ਮੁੱਦਾ ਆਸਟਰੇਲੀਆ ਸਰਕਾਰ ਪਾਸ ਉਠਾਣਗੇ ਅਤੇ ਅਪੀਲ ਕਰਨਗੇ ਕਿ ਆਸਟਰੇਲੀਆ ਵਿੱਚ ਉੱਚ ਸਿੱਖਿਆ ਡਿਗਰੀਆਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਟੀਫਿਕੇਟਾਂ ਨੂੰ ਬਣਦੀ ਮਾਨਤਾ ਦਿੱਤੀ ਜਾਵੇ।
ਕੰਢੀ ਪੱਟੀ ਅੰਦਰ ਕੀਰਤਪੁਰ ਸਾਹਿਬ ਦੇ ਖੇਤਰ ਚੰਗਰ ਵਿੱਚ 65 ਕਰੋੜ ਦੀ ਲਾਗਤ ਵਾਲੇ ਪੀਣ ਵਾਲੇ ਪਾਣੀ ਅਤੇ ਲਿਫਟ ਸਿੰਜਾਈ ਪ੍ਰਾਜੈਕਟ ਦੀ ਸਥਿਤੀ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੱਤ ਯੋਜਨਾਵਾਂ ਉਲੀਕੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਤਿੰਨ ਪਹਿਲਾਂ ਹੀ ਕਾਰਜ਼ਸ਼ੀਲ ਹਨ ਅਤੇ ਦੋ ਦਾ ਕੰਮ ਪ੍ਰਗਤੀ ਅਧੀਨ ਹੈ ਜਦੋਂਕਿ ਬਾਕੀ ਦੋ ਵਿਹਾਰਕ ਤੌਰ ‘ਤੇ ਸੰਭਵ ਨਹੀਂ ਪਾਈਆਂ ਗਈਆਂ।


Share