ਕੈਨੇਡਾ ‘ਚ ਪੜ੍ਹਾਈ ਉਪਰੰਤ ਓਪਨ ਵਰਕ ਪਰਮਿਟ ਲੈਣ ‘ਚ ਭਾਰਤੀ ਨੌਜਵਾਨ ਮੋਹਰੀ

706
Share

-ਭਾਰਤ ਕੈਨੇਡਾ ਕਾਮੇ ਭੇਜਣ ‘ਚ ਮੋਹਰੀ ਦੇਸ਼ਾਂ ‘ਚ ਸ਼ਾਮਲ
-ਕੈਨੇਡਾ ਦੀ ਆਰਥਿਕਤਾ ‘ਚ ਵਿਦੇਸ਼ੀ ਕਾਮਿਆਂ ਦਾ ਵੱਡਾ ਯੋਗਦਾਨ
ਟੋਰਾਂਟੋ, 28 ਜੂਨ (ਪੰਜਾਬ ਮੇਲ)-ਕੈਨੇਡਾ ਦੀ ਆਰਥਿਕਤਾ ‘ਚ ਵਿਦੇਸ਼ੀ ਕਾਮਿਆਂ ਦਾ ਵੱਡਾ ਯੋਗਦਾਨ ਹੈ। ਕੈਨੇਡੀਅਨ ਇਮੀਗ੍ਰੇਸ਼ਨ ਦੇ ਟੈਂਪਰੇਰੀ ਫਾਰਨ ਵਰਕਰਜ਼ ਪ੍ਰੋਗਰਾਮ ਤਹਿਤ ਇਸ ਸਾਲ ‘ਚ ਹੁਣ ਤੱਕ ਤਕਰੀਬਨ 33000 ਵਰਕਤ ਪਰਮਿਟ ਜਾਰੀ ਕੀਤੇ ਗਏ, ਜਿਨ੍ਹਾਂ ਦਾ 66 ਫ਼ੀਸਦੀ ਹਿੱਸਾ ਫਾਰਮਾਂ ‘ਚ ਕਾਸ਼ਤਕਾਰੀ ਨਾਲ ਸਬੰਧਿਤ ਹੈ। ਉਨ੍ਹਾਂ ‘ਚੋਂ ਬਹੁਤ ਸਾਰੇ ਵਿਦੇਸ਼ੀ ਕਾਮੇ ਕੋਰੋਨਾਵਾਇਰਸ ਦੀ ਸਥਿਤੀ ਕਾਰਨ ਕੈਨੇਡਾ ਜਾ ਨਹੀਂ ਸਕੇ ਅਤੇ ਹਾਲਾਤ ਸੁਧਰਨ ਦੀ ਉਡੀਕ ਕੀਤੀ ਜਾ ਰਹੀ ਹੈ। ਇਕ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ 2020 ਦੌਰਾਨ 2018 ਨਾਲੋਂ 18 ਫ਼ੀਸਦੀ ਘੱਟ ਵਿਦੇਸ਼ੀ ਕਾਮੇ ਕੈਨੇਡਾ ਪੁੱਜ ਸਕੇ ਹਨ। ਕੈਨੇਡਾ ‘ਚ ਸਭ ਤੋਂ ਵੱਧ ਕਾਮੇ ਮੈਕਸੀਕੋ, ਜਮਾਇਕਾ, ਭਾਰਤ, ਗੁਆਟੇਮਾਲਾ ਅਤੇ ਫਿਲਪਾਈਨ ਤੋਂ ਜਾਂਦੇ ਹਨ। ਭਾਰਤ ਦੇ ਬਹੁਤ ਸਾਰੇ ਨਾਗਰਿਕ ਖੇਤੀਬਾੜੀ, ਟਰਕਿੰਗ, ਕੁਕਿੰਗ ਅਤੇ ਇਨਫਰਮੇਸ਼ਨ ਟੈਕਨਾਲੋਜੀ ਦੇ ਖੇਤਰਾਂ ‘ਚ ਕੰਮ ਕਰਨ ਜਾ ਰਹੇ ਹਨ। ਇੰਟਰਨੈਸ਼ਨਲ ਮੋਬੀਲਿਟੀ ਪ੍ਰੋਗਰਾਮ ‘ਚ ਕੈਨੇਡਾ ਜਾ ਕੇ ਪੜ੍ਹਾਈ ਪੂਰੀ ਕਰਨ ਉਪਰੰਤ ਓਪਨ ਵਰਕ ਪਰਮਿਟ ਲੈਣ ‘ਚ ਭਾਰਤ ਦੇ ਨੌਜਵਾਨ ਮੋਹਰੀ ਹੋ ਚੁੱਕੇ ਹਨ। ਇਸ ਸਾਲ ਕੁੱਲ ਜਾਰੀ ਕੀਤੇ ਗਏ ਲਗਪਗ 76000 ਓਪਨ ਵਰਕ ਪਰਮਿਟਾਂ ‘ਚੋਂ 27000 (36 ਫ਼ੀਸਦੀ) ਭਾਰਤ ਦੇ ਨਾਗਰਿਕਾਂ ਨੂੰ ਮਿਲੇ ਹਨ। ਇਸ ਤੋਂ ਇਲਾਵਾ ਫਰਾਂਸ, ਚੀਨ, ਅਮਰੀਕਾ, ਬਰਤਾਨੀਆ, ਦੱਖਣੀ ਕੋਰੀਆ ਅਤੇ ਬ੍ਰਾਜ਼ੀਲ ਦੇ ਨਾਗਰਿਕਾਂ ਗਿਣਤੀ ਵੀ ਜ਼ਿਕਰਯੋਗ ਹੈ। ਕੋਰੋਨਾਵਾਇਰਸ ਦੀਆਂ ਰੁਕਾਵਟਾਂ ਕਾਰਨ ਬੀਤੇ ਸਾਲ ਦੇ ਮੁਕਾਬਲੇ 2020 ਦੌਰਾਨ 16 ਫ਼ੀਸਦੀ ਘੱਟ ਓਪਨ ਵਰਕ ਪਰਮਿਟ ਜਾਰੀ ਕੀਤੇ ਜਾ ਸਕੇ ਹਨ।


Share