ਕੀ ਚੀਨੀ ਉਤਪਾਦਨ ਬੈਨ ਕਰਕੇ ਅਮਰੀਕਾ ਆਤਮ ਨਿਰਭਰ ਹੋ ਸਕੇਗਾ?

1006
Share

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

ਕੋਰੋਨਾਵਾਇਰਸ ਕਾਰਨ ਸੰਕਟ ਦੇ ਮੂੰਹ ਆਈ ਦੁਨੀਆਂ ਇਸ ਵੇਲੇ ਵੱਡੀ ਆਰਥਿਕ ਮੰਦੀ ਵੱਲ ਵੀ ਤੇਜ਼ੀ ਨਾਲ ਵੱਧ ਰਹੀ ਹੈ। ਆਰਥਿਕ ਮੰਦੀ ਦੇ ਇਹ ਸੰਕੇਤ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਪ੍ਰਗਟ ਵੀ ਹੋਣੇਂ ਸ਼ੁਰੂ ਹੋ ਗਏ ਹਨ। ਅਮਰੀਕਾ ਸਮੇਤ ਬਹੁਤ ਸਾਰੇ ਮੁਲਕ ਕੋਰੋਨਾਵਾਇਰਸ ਦੀ ਮਹਾਂਮਾਰੀ ਲਈ ਚੀਨ ਨੂੰ ਦੋਸ਼ੀ ਠਹਿਰਾ ਰਹੇ ਹਨ। ਅਮਰੀਕਾ ਸਮੇਤ ਕਈ ਵਿਕਸਿਤ ਮੁਲਕਾਂ ਨੂੰ ਚੀਨ ਦੀ ਦੁਨੀਆਂ ਅੰਦਰ ਵੱਧ ਰਹੀ ਆਰਥਿਕ ਸਰਦਾਰੀ ਇੰਨੇ ਸਾਲਾਂ ਤੋਂ ਬੁਰੀ ਤਰ੍ਹਾਂ ਚੁੱਭ ਰਹੀ ਸੀ। ਅਮਰੀਕਾ ਕਈ ਸਾਲਾਂ ਤੋਂ ਚੀਨ ਨਾਲ ਟਰੇਡ ਵਾਰ ਵਿਚ ਹੀ ਉਲਝਿਆ ਹੋਇਆ ਸੀ। ਪਰ ਉਤਪਾਦਕ ਵਸਤਾਂ ਲਈ ਅਮਰੀਕਾ ਲਗਾਤਾਰ ਚੀਨ ਉਪਰ ਨਿਰਭਰ ਹੋਈ ਜਾਂਦਾ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਹਾਲਾਤ ਇਹ ਬਣ ਗਏ ਕਿ ਬਹੁਤ ਸਾਰੀਆਂ ਅਮਰੀਕੀ ਕੰਪਨੀਆਂ ਨੇ ਆਪਣੇ ਉਤਪਾਦਨ ਕੇਂਦਰ ਚੀਨ ਵਿਚ ਬਣਾ ਲਏ। ਚੀਨ ਵਿਚ ਸਸਤੀ ਲੇਬਰ ਅਤੇ ਕੰਪਨੀ ਮਾਲਕ ਹਮਾਇਤੀ ਕਿਰਤ ਕਾਨੂੰਨਾਂ ਕਾਰਨ ਚੀਨ ਵਿਚ ਉਤਪਾਦਨ ਕਰਨਾ ਇਨ੍ਹਾਂ ਕੰਪਨੀਆਂ ਲਈ ਵੀ ਬੇਹੱਦ ਫਾਇਦੇ ਅਤੇ ਮੁਨਾਫੇ ਵਾਲਾ ਬਣ ਗਿਆ ਸੀ।
ਕੁੱਝ ਸਾਲ ਪਹਿਲਾਂ ਜਿਸ ਚੀਨ ਨੂੰ ਦੁਨੀਆਂ ਵਰਕਸ਼ਾਪ ਦਾ ਨਾਂ ਦਿੰਦੀ ਸੀ, ਕੁੱਝ ਸਮੇਂ ਵਿਚ ਹੀ ਉਹ ਗਲੋਬਲ ਮੈਨੂਫੈਕਚਰਿੰਗ ਦੀ ਰਾਜਧਾਨੀ ਬਣ ਗਿਆ। 2009 ਤੋਂ ਬਾਅਦ ਲਗਭਗ ਸਾਰੇ ਹੀ ਦੇਸ਼ਾਂ ਦੀ ਉਤਪਾਦਨ ਲਈ ਚੀਨ ਉਪਰ ਨਿਰਭਰਤਾ ਲੋੜੋਂ ਵੱਧ ਹੋ ਗਈ। ਨਤੀਜਾ ਇਹ ਹੋਇਆ ਕਿ ਚੀਨ ਦੁਨੀਆਂ ਦਾ ਸਭ ਤੋਂ ਵੱਡਾ ਐਕਸਪੋਰਟਰ ਬਣ ਗਿਆ। ਪਰ ਹੁਣ ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਦਾ ਕਾਰੋਬਾਰ ਠੱਪ ਹੋਣ ਨਾਲ ਜਿੱਥੇ ਸਰੀਰਕ ਦੂਰੀ ਦਾ ਜ਼ਮਾਨਾ ਆ ਗਿਆ ਹੈ, ਉਥੇ ਵੱਖ-ਵੱਖ ਦੇਸ਼ਾਂ ਨੇ ਚੀਨ ਤੋਂ ਉਤਪਾਨ ਦੂਰੀ ਬਣਾਉਣ ਬਾਰੇ ਵੀ ਮੁੜ ਵਿਚਾਰਨਾ ਸ਼ੁਰੂ ਕਰ ਦਿੱਤਾ ਹੈ। ਚੀਨ ਤੋਂ ਦੂਰੀ ਰੱਖਣ ਬਾਰੇ ਮੁੜ ਵਿਚਾਰ ਕਰਨ ਵਿਚ ਸਭ ਤੋਂ ਪਹਿਲਾ ਸ਼ੁਰੂਆਤ ਅਮਰੀਕਾ ਅਤੇ ਜਾਪਾਨ ਨੇ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਨੇ ਤਾਂ ਆਪਣੀ ਪਿਛਲੀ ਚੋਣ ਵਿਚ ਹੀ ‘ਅਮਰੀਕਾ ਅਮਰੀਕੀਆਂ ਦਾ’ ਨਾਅਰਾ ਦੇ ਕੇ ਅਮਰੀਕਾ ਦੇ ਵਿਕਾਸ ਅਤੇ ਤਰੱਕੀ ਵਿਚ ਵੱਡਾ ਹਿੱਸਾ ਪਾਉਣ ਵਾਲੇ ਕੁੱਲ ਇੰਮੀਗ੍ਰਾਂਟਸ ਨੂੰ ਹੀ ਸ਼ੱਕੀ ਬਣਾਉਣ ਦਾ ਰਾਹ ਫੜ ਲਿਆ ਸੀ। ਪਿਛਲੇ ਚਾਰ ਸਾਲਾਂ ਦੌਰਾਨ ਉਨ੍ਹਾਂ ਨੇ ਇੰਮੀਗ੍ਰਾਂਟਸ ਨੂੰ ਪ੍ਰੇਸ਼ਾਨ ਕਰਨ ਵਾਲੇ ਬਹੁਤ ਸਾਰੇ ਫੈਸਲੇ ਵੀ ਕੀਤੇ ਹਨ ਅਤੇ ਕਾਨੂੰਨ ਅਤੇ ਨਿਯਮ ਵੀ ਬਣਾਏ ਹਨ। ਪਰ ਹੁਣ ਕੋਰੋਨਾਵਾਇਰਸ ਤੋਂ ਉਤਪੰਨ ਨਵੀਂ ਸਥਿਤੀ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀਆਂ ਨੂੰ ਚੀਨ ਤੋਂ ਦੂਰੀ ਬਣਾਉਣ ਦਾ ਸੱਦਾ ਦਿੱਤਾ ਹੈ। ਭਾਵ ਉਨ੍ਹਾਂ ਚੀਨ ਅੰਦਰ ਉਤਪਾਦਨ ਕਰਨ ਵਾਲੀਆਂ ਅਮਰੀਕੀ ਕੰਪਨੀਆਂ ਨੂੰ ਚੀਨ ਵਿਚੋਂ ਵਾਪਸ ਆਉਣ ਦਾ ਸੱਦਾ ਦੇਣਾ ਸ਼ੁਰੂ ਕਰ ਦਿੱਤਾ ਹੈ। ਚੀਨ ਵਿਚ ਉਤਪਾਦਨ ਕਰਨ ਵਾਲੀਆਂ ਬਹੁਤੀਆਂ ਅਮਰੀਕੀਆਂ ਕੰਪਨੀਆਂ ਦਾ ਕਾਰੋਬਾਰ ਇਸ ਸਮੇਂ ਠੱਪ ਹੀ ਹੈ ਅਤੇ 50 ਦੇ ਕਰੀਬ ਵੱਡੀਆਂ ਅਮਰੀਕੀ ਕੰਪਨੀਆਂ ਨੇ ਟਰੰਪ ਦੀ ਇਸ ਟਰੇਡ ਵਾਰ ਵਿਚ ਸ਼ਾਮਲ ਹੋਣ ਦਾ ਫੈਸਲਾ ਲੈਂਦਿਆਂ ਚੀਨ ਵਿਚੋਂ ਆਪਣੇ ਕਾਰੋਬਾਰ ਸਮੇਟ ਲੈਣ ਦਾ ਫੈਸਲਾ ਕੀਤਾ ਹੈ। ਟਰੰਪ ਪ੍ਰਸ਼ਾਸਨ ਦਾ ਸਾਰਾ ਜ਼ੋਰ ਇਸ ਗੱਲ ਉਪਰ ਲੱਗਾ ਹੋਇਆ ਹੈ ਕਿ ਵੱਖ-ਵੱਖ ਤਰ੍ਹਾਂ ਦੀਆਂ ਆਈਟਮਾਂ ਅਤੇ ਵਸਤਾਂ ਦਾ ਉਤਪਾਦਨ ਦੇਸ਼ ਵਿਚ ਹੀ ਸ਼ੁਰੂ ਕੀਤਾ ਜਾਵੇ।
ਇਸੇ ਤਰ੍ਹਾਂ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਚੀਨ ਉਪਰ ਲੋੜੋਂ ਵੱਧ ਨਿਰਭਰਤਾ ਖਤਮ ਕਰਨ ਅਤੇ ਚੀਨ ਤੋਂ ਦੂਰੀ ਵਧਾਉਣ ਲਈ ਉਤਪਾਦਨ ਕੰਪਨੀਆਂ ਨੂੰ 990 ਬਿਲੀਅਨ ਡਾਲਰ ਦਾ ਬਹੁਤ ਵੱਡਾ ਆਰਥਿਕ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਵੱਲੋਂ ਐਲਾਨ ਕੀਤਾ ਗਿਆ ਇਹ ਆਰਥਿਕ ਪੈਕੇਜ ਜਾਪਾਨ ਦੀ ਜੀ.ਡੀ.ਪੀ. ਦਾ 20 ਫੀਸਦੀ ਹਿੱਸਾ ਬਣਦਾ ਹੈ। ਜਾਪਾਨ ਨੇ ਚੀਨ ਵਿਚੋਂ ਆਪਣੇ ਕਾਰੋਬਾਰ ਲਪੇਟ ਕੇ ਦੇਸ਼ ਵਾਪਸ ਪਰਤਣ ਵਾਲੀਆਂ ਵੱਡੀਆਂ ਕੰਪਨੀਆਂ ਨੂੰ 2 ਬਿਲੀਅਨ ਡਾਲਰ ਰਾਹਤ ਵਜੋਂ ਦੇਣ ਦਾ ਵੀ ਐਲਾਨ ਕੀਤਾ ਹੈ। ਇਸੇ ਤਰ੍ਹਾਂ ਚੀਨ ਛੱਡ ਕੇ ਕਿਸੇ ਹੋਰ ਦੇਸ਼ ਵਿਚ ਉਤਪਾਦਨ ਕਰਨ ਲਈ ਜਾਣ ਵਾਲੀਆਂ ਜਾਪਾਨੀ ਕੰਪਨੀਆਂ ਨੂੰ ਵੱਖਰਾ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ ਗਿਆ ਹੈ। ਕੁੱਝ ਹੋਰ ਦੇਸ਼ਾਂ ਅੰਦਰ ਵੀ ਇਸ ਤਰ੍ਹਾਂ ਦੀ ਮੁੜ ਵਿਚਾਰਨ ਦੀ ਸੋਚ ਉੱਭਰੀ ਹੈ।
ਅਸਲ ਵਿਚ ਪਿਛਲੇ ਦੋ ਦਹਾਕਿਆਂ ਤੋਂ ਸਾਰੇ ਹੀ ਵਿਕਸਿਤ ਦੇਸ਼ਾਂ ਵਿਚ ਲੇਬਰ, ਜ਼ਮੀਨ ਅਤੇ ਬਿਜਲੀ ਸਮੇਤ ਹੋਰ ਖਰਚਿਆਂ ਦੀ ਦਰ ਬਹੁਤ ਉੱਚੀ ਹੋਣ ਦੇ ਮੁਕਾਬਲੇ ਚੀਨ ਵਿਚ ਇਹੀ ਚੀਜ਼ਾਂ ਬੇਹੱਦ ਸਸਤੀਆਂ ਹੋਣ ਕਾਰਨ ਵਿਕਸਿਤ ਦੇਸ਼ਾਂ ਦਾ ਉਤਪਾਦਨ ਚੀਨ ਵਿਚਲੇ ਉਤਪਾਦਨ ਦੇ ਮੁਕਾਬਲੇ ਵਿਚ ਸੰਸਾਰ ਮੰਡੀ ‘ਚ ਟਿਕ ਨਹੀਂ ਸਕਿਆ। ਕਈ ਵਾਰ ਚੀਨ ਵਿਚ ਬਣਿਆ ਉਤਪਾਦ ਵਿਕਸਿਤ ਮੁਲਕਾਂ ਵਿਚ ਬਣੇ ਉਤਪਾਦ ਦੀ ਕੀਮਤ ਤੋਂ 200-300 ਫੀਸਦੀ ਘੱਟ ਕੀਮਤ ‘ਤੇ ਵੀ ਮਿਲ ਜਾਂਦਾ ਸੀ। ਅਜਿਹੀ ਹਾਲਤ ਵਿਚ ਸੰਸਾਰ ਮੰਡੀ ‘ਚ ਚੀਨ ‘ਚ ਬਣੇ ਉਤਪਾਦਨ ਦੀ ਮੰਗ ਵਧਣ ਲੱਗ ਪਈ। ਇਸੇ ਹੋੜ ਵਿਚ ਅਮਰੀਕਾ ਸਮੇਤ ਵੱਖ-ਵੱਖ ਕੰਪਨੀਆਂ ਨੇ ਆਪੋ-ਆਪਣੇ ਦੇਸ਼ਾਂ ਅੰਦਰਲੇ ਉਤਪਾਦਨ ਕੇਂਦਰ ਬੰਦ ਕਰਕੇ ਆਪਣੀਆਂ ਫੈਕਟਰੀਆਂ ਅਤੇ ਡੰਪ ਚੀਨ ਵਿਚ ਬਣਾ ਲਏ। ਇਸੇ ਹੋੜ ਦਾ ਨਤੀਜਾ ਹੈ ਕਿ ਚੀਨ ਮੈਨੂਫੈਕਚਰਿੰਗ ਰਾਜਧਾਨੀ ਬਣਨ ਤੋਂ ਬਾਅਦ ਦੁਨੀਆਂ ਦਾ ਸਭ ਤੋਂ ਵੱਡਾ ਐਕਸਪੋਰਟਰ ਬਣ ਕੇ ਉੱਭਰਿਆ ਹੈ। ਅੱਜ ਵੀ ਹਾਲਤ ਇਹ ਹੈ ਕਿ ਕੋਰੋਨਾਵਾਇਰਸ ਤੋਂ ਰੋਕਥਾਮ ਲਈ ਵਰਤਿਆ ਜਾਂਦਾ ਪਬਲਿਕ ਪ੍ਰੋਟੈਕਟਿਵ ਇਕੂਪਮੈਂਟ ਬਣਾਉਣ ਵਾਲੀਆਂ ਮੁੱਖ ਕੰਪਨੀਆਂ ਚੀਨ ਵਿਚ ਹੀ ਹਨ। ਦੁਨੀਆਂ ਭਰ ਦੇ ਦੇਸ਼ਾਂ ਸਮੇਤ ਅਮਰੀਕਾ ਵੱਲੋਂ ਇਹ ਕਿੱਟਾਂ ਮੰਗਵਾਉਣ ਲਈ ਚੀਨ ਨੂੰ ਲੱਖਾਂ ਦੀ ਗਿਣਤੀ ਵਿਚ ਆਰਡਰ ਭੇਜੇ ਜਾ ਰਹੇ ਹਨ, ਜੋ ਪੂਰੇ ਨਹੀਂ ਹੋ ਰਹੇ। ਇਸ ਕਰਕੇ ਅਮਰੀਕੀ ਪ੍ਰਸ਼ਾਸਨ ਅਤੇ ਖਾਸਕਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਿਮਾਗ ਵਿਚ ਚੀਨ ਤੋਂ ਨਿਰਭਰਤਾ ਘਟਾ ਕੇ ਅਮਰੀਕਾ ਨੂੰ ਮੁੜ ਉਤਪਾਦਨ ਕੇਂਦਰ ਵਜੋਂ ਸਥਾਪਿਤ ਕਰਨ ਦੀ ਆਈ ਸੋਚ ਕਿੰਨੀ ਕੁ ਸਾਰਥਿਕ ਅਤੇ ਅਮਲਯੋਗ ਹੈ, ਇਹ ਗੱਲ ਡੂੰਘੇ ਵਿਚਾਰ ਦੀ ਮੰਗ ਕਰਦੀ ਹੈ।
ਪਹਿਲੀ ਗੱਲ ਤਾਂ ਇਹ ਸੋਚਣ ਵਾਲੀ ਹੈ ਕਿ ਅਮਰੀਕਾ ਅੰਦਰ ਪਿਛਲੇ ਸਾਲਾਂ ਦੌਰਾਨ ਉਤਪਾਦਨ ਕੇਂਦਰ ਬੰਦ ਹੋਣ ਦੇ ਕਾਰਨ ਵਿਚਾਰਨ ਦੀ ਲੋੜ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਵਿਚ ਸਭ ਤੋਂ ਮਹਿੰਗੀ ਲੇਬਰ ਅਤੇ ਉਤਪਾਦਨ ਖਰਚੇ ਬੇਹੱਦ ਜ਼ਿਆਦਾ ਹੋਣ ਕਾਰਨ ਇੱਥੇ ਬਣੀਆਂ ਵਸਤਾਂ ਸੰਸਾਰ ਮਾਰਕੀਟ ਵਿਚ ਚੀਨ ਵਿਚ ਬਣੇ ਮਾਲ ਦੇ ਬਰਾਬਰ ਨਾ ਖੜ੍ਹੇ ਹੋਣ ਕਾਰਨ ਹੀ ਅਮਰੀਕਾ ਵਿਚੋਂ ਉਤਪਾਦਨ ਕੇਂਦਰ ਹੌਲੀ-ਹੌਲੀ ਚੀਨ ਵੱਲ ਵਧਣਾ ਸ਼ੁਰੂ ਹੋਇਆ ਹੈ। ਸਰਮਾਏ ਦਾ ਇਹ ਨਿਯਮ ਹੈ ਕਿ ਇਹ ਹਮੇਸ਼ਾ ਮੁਨਾਫੇ ਵਾਲੇ ਪਾਸੇ ਨੂੰ ਤਿਲਕਦਾ ਹੈ। ਜਿਵੇਂ ਪਾਣੀ ਹਮੇਸ਼ਾ ਚੜ੍ਹਦੇ ਤੋਂ ਲਹਿੰਦੇ ਵੱਲ ਵੱਗਦਾ ਹੈ, ਉਸੇ ਤਰ੍ਹਾਂ ਉਤਪਾਦਨ ਕੇਂਦਰ ਵੀ ਉਸੇ ਪਾਸੇ ਨੂੰ ਤਬਦੀਲ ਹੁੰਦੇ ਰਹਿੰਦੇ ਹਨ, ਜਿਸ ਪਾਸੇ ਘੱਟ ਖਰਚਾ ਕਰਕੇ ਵੱਧ ਪੈਸੇ ਕਮਾਉਣ ਦਾ ਤਾਣਾ-ਬਾਣਾ ਬੁਣਿਆ ਜਾ ਰਿਹਾ ਹੋਵੇ। ਪਿਛਲੇ ਸਾਲਾਂ ਦੌਰਾਨ ਉਤਪਾਦਨ ਕੇਂਦਰ ਅਮਰੀਕਾ ਅਤੇ ਹੋਰ ਵਿਕਸਿਤ ਮੁਲਕਾਂ ਵੱਲੋਂ ਤਿਲਕ ਕੇ ਚੀਨ ਵੱਲ ਜਾਣ ਦਾ ਸਭ ਤੋਂ ਵੱਡਾ ਤੇ ਅਹਿਮ ਕਾਰਨ ਇਹੀ ਗੱਲ ਬਣੀ ਹੈ। ਹੁਣ ਵੀ ਜਦ ਅਸੀਂ ਦੇਖਦੇ ਹਾਂ, ਤਾਂ ਇਸ ਗੱਲ ਨੂੰ ਕੋਈ ਵਿਅਕਤੀ ਵੀ ਰੱਦ ਨਹੀਂ ਕਰ ਸਕਦਾ ਕਿ ਅਮਰੀਕਾ ਇਸ ਵੇਲੇ ਸਭ ਤੋਂ ਉੱਚੀ ਇਕਾਨਮੀ ਵਾਲਾ ਮੁਲਕ ਹੈ। ਇਸ ਦਾ ਅਰਥ ਹੈ ਕਿ ਅਮਰੀਕਾ ਵਿਚ ਅਜੇ ਵੀ ਦਿਹਾੜੀ ਦੀ ਦਰ ਉੱਚੀ ਹੈ ਅਤੇ ਬੇਰੁਜ਼ਗਾਰੀ ਦੀ ਦਰ ਬਹੁਤ ਘੱਟ ਹੈ। ਜੇਕਰ ਕੋਈ ਵੀ ਅਮਰੀਕੀ ਕੰਪਨੀ ਆਪਣਾ ਉਤਪਾਦਨ ਅਮਰੀਕਾ ਵਿਚ ਕਰਨਾ ਚਾਹੇਗੀ, ਤਾਂ ਉਸ ਦੇ ਤਿਆਰ ਮਾਲ ਭਾਵ ਉਤਪਾਦਨ ਉਪਰ ਖਰਚੇ ਵੱਧ ਹੋਣਗੇ। ਇਸ ਕਰਕੇ ਸਰਮਾਏ ਦੇ ਅਟੱਲ ਨਿਯਮ ਅਨੁਸਾਰ ਵਧੇਰੇ ਲਾਗਤ ਤੇ ਘੱਟ ਮੁਨਾਫੇ ਨਾਲ ਕਦੇ ਵੀ ਉਤਪਾਦਨ ਨੂੰ ਹੁਲਾਰਾ ਨਹੀਂ ਮਿਲਦਾ। ਅਮਰੀਕਾ ਵਿਚ ਸਨਅਤ ਨਾ-ਮਾਤਰ ਦੇ ਬਰਾਬਰ ਹੈ। ਜੇ ਇੱਥੇ ਸਨਅਤ ਹੈ ਵੀ, ਤਾਂ ਉਹ ਅਸਲਾ, ਜਹਾਜ਼, ਰਾਕੇਟ ਆਦਿ ਬਣਾਉਣ ਨੂੰ ਤਰਜੀਹ ਦਿੰਦੇ ਹਨ, ਜੋ ਕਿ ਲਗਭਗ ਪੂਰੇ ਵਿਸ਼ਵ ਵਿਚ ਦਰਾਮਦ ਕੀਤਾ ਜਾਂਦਾ ਹੈ। ਛੋਟੀਆਂ ਸਨਅਤਾਂ ਇੱਥੇ ਨਾ ਦੇ ਬਰਾਬਰ ਹੀ ਹਨ। ਇਸ ਖਿੱਤੇ ਨੂੰ ਇਥੇ ਵਿਕਸਿਤ ਕਰਨਾ ਸੰਭਵ ਨਹੀਂ ਹੈ।
ਇਸ ਕਰਕੇ ਟਰੰਪ ਵੱਲੋਂ ਅਮਰੀਕਾ ਦੀ ਚੀਨ ਤੋਂ ਨਿਰਭਰਤਾ ਘਟਾਉਣ ਲਈ ਕੀਤੇ ਜਾ ਰਹੇ ਯਤਨਾਂ ਵਿਚ ਅਮਰੀਕਾ ਅੰਦਰ ਉਤਪਾਦਨ ਕੇਂਦਰ ਮੁੜ ਉੱਭਰਨ ਦੀਆਂ ਸੰਭਾਵਨਾਵਾਂ ਬੇਹੱਦ ਘੱਟ ਹਨ ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜੇ ਟਰੰਪ ਨੇ ਧੱਕੇ ਨਾਲ ਉਤਪਾਦਨ ਕੰਪਨੀਆਂ ਨੂੰ ਅਮਰੀਕਾ ਵਿਚ ਹੀ ਕੰਮ ਕਰਨ ਲਈ ਮਜਬੂਰ ਕੀਤਾ, ਤਾਂ ਇਹ ਅਮਰੀਕਾ ਦੀ ਆਰਥਿਕ ਮੰਦਹਾਲੀ ਵਿਚ ਹੋਰ ਵੀ ਵੱਡਾ ਕਦਮ ਸਾਬਤ ਹੋ ਸਕਦਾ ਹੈ।
ਇਸ ਕਰਕੇ ਇਸ ਵੇਲੇ ਜਦੋਂ ਚੀਨ ਤੋਂ ਉਤਪਾਦਨ ਨਿਰਭਰਤਾ ਵਧਾਉਣ ਬਾਰੇ ਸਾਰੀ ਦੁਨੀਆਂ ਵਿਚ ਹੀ ਮੁੜ ਵਿਚਾਰਨ ਦਾ ਰੌਂਅ ਪੈਦਾ ਹੋਇਆ ਹੈ, ਤਾਂ ਭਾਰਤ ਅਤੇ ਵੀਅਤਨਾਮ ਅਜਿਹੇ ਦੋ ਮੁਲਕ ਉੱਭਰ ਕੇ ਸਾਹਮਣੇ ਆ ਰਹੇ ਹਨ, ਜੋ ਚੀਨ ਅੰਦਰ ਕੰਮ ਕਰਦੀਆਂ ਕੰਪਨੀਆਂ ਦਾ ਸਥਾਨ ਲੈ ਸਕਦੇ ਹਨ। ਪਰ ਟਰੰਪ ਦੀ ਅਮਰੀਕਾ ਨੂੰ ਉਤਪਾਦਨ ਕੇਂਦਰ ਵਜੋਂ ਉਭਾਰਨ ਦੀ ਨੀਤੀ ਹਾਲ ਦੀ ਘੜੀ ਅਸੰਭਵ ਲੱਗਦੀ ਹੈ।


Share