ਕਾਬੁਲ ਗੁਰਦੁਆਰੇ ਵਿਚ ਅੱਤਵਾਦੀ ਹਮਲੇ ਵਿਚ ਇਕ ਸਿੱਖ ਦਾ ਅੱਧਾ ਪਰਿਵਾਰ ਹੋਇਆ ਖਤਮ

648
Share

3 ਸਾਲਾ ਬੱਚੀ ਕਹਿੰਦੀ ਰਹੀ-‘ਡੈਡੀ ਬਚਾ ਲਓ’

ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਬੁੱਧਵਾਰ ਨੂੰ ਇਕ ਗੁਰਦੁਆਰੇ ‘ਤੇ ਹੋਏ ਹਮਲੇ ਵਿਚ 27 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਮਗਰੋਂ ਜਿਹੜੇ ਲੋਕ ਬਚੇ ਹਨ ਉਹ ਵੀ ਜ਼ਿੰਦਾ ਲਾਸ਼ਾਂ ਬਣ ਕੇ ਰਹਿ ਗਏ ਹਨ। ਇਸ ਅੱਤਵਾਦੀ ਹਮਲੇ ਵਿਚ ਕਿਸੇ ਮਾਸੂਮ ਨੇ ਆਪਣੀ ਮਾਂ ਗਵਾਈ ਤਾਂ ਕਿਸੇ ਨੇ ਆਪਣੀ ਛੋਟੀ ਬੱਚੀ ਤਾਂ ਕਿਸੇ ਦੇ ਪਰਿਵਾਰ ਦੇ ਅੱਧੇ ਤੋਂ ਜ਼ਿਆਦਾ ਲੋਕ ਇਸ ਕਾਇਰਤਾਪੂਰਨ ਅੱਤਵਾਦੀ ਹਮਲੇ ਵਿਚ ਮਾਰੇ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਖੋਰਾਸਨ ਨੇ ਲਈ ਹੈ ਜਿਸ ਨੇ 2018 ਵਿਚ ਵੀ ਸਿੱਖਾਂ ‘ਤੇ ਹਮਲਾ ਕੀਤਾ ਸੀ। 

ਹੁਣ ਇਹ ਸਿੱਖ ਪਰਿਵਾਰ ਅਫਗਾਨਿਸਤਾਨ ਛੱਡ ਕੇ ਕਿਤੇ ਹੋਰ ਚਲੇ ਜਾਣਾ ਚਾਹੁੰਦੇ ਹਨ ਕਿਉਂਕਿ ਹੁਣ ਉਹਨਾਂ ਨੂੰ ਪਰਿਵਾਰ ਦੇ ਬਚੇ ਹੋਏ ਮੈਂਬਰਾਂ ਦੀ ਚਿੰਤਾ ਹੈ। ਇਹਨਾਂ ਵਿਚੋਂ ਇਕ ਹਰਿੰਦਰ ਸਿੰਘ ਸੋਨੀ (40) ਹਨ ਜੋ ਕਿ ਸ਼ੋਰ ਬਾਜ਼ਾਰ ਵਿਚ ਮੌਜੂਦ ਗੁਰਦੁਆਰਾ ਹਰਰਾਇ ਸਾਹਿਬ ਵਿਚ ਕੀਰਤਨ ਸੇਵਾਦਾਰ ਹਨ। ਇਸ ਘਟਨਾ ਵਿਚ ਉਹਨਾਂ ਦਾ ਅੱਧਾ ਪਰਿਵਾਰ ਖਤਮ ਹੋ ਗਿਆ। ਉਹਨਾਂ ਦੀ 3 ਸਾਲ ਦੀ ਬੇਟੀ, ਪਤਨੀ ਸੁਰਪਲ ਕੌਰ (40), ਪਿਤਾ ਨਿਰਮਲ ਸਿੰਘ ਸੋਨੀ (60), ਸਹੁਰਾ ਭਗਤ ਸਿੰਘ (75) ਅਤੇ ਭਤੀਜੇ ਕੁਲਵਿੰਦਰ ਸਿੰਘ ਖਾਲਸਾ (35) ਨੂੰ ਅੱਤਵਾਦੀਆਂ ਨੇ ਮਾਰ ਦਿੱਤਾ। ਹਮਲੇ ਵਿਚ ਉਹਨਾਂ ਦੀ ਮਾਂ ਰਾਵੈਲ ਕੌਰ ਜ਼ਖਮੀ ਹੋ ਗਈ।

ਉਹਨਾਂ ਦੇ 2 ਬੱਚੇ ਗਗਨਦੀਪ ਸਿੰਘ (13) ਅਤੇ ਗੁਰਪ੍ਰੀਤ ਕੌਰ (11) ਅਤੇ 4 ਭਰਾ ਉਸ ਸਮੇਂ ਗੁਰਦੁਆਰਾ ਸਾਹਿਬ ਵਿਚ ਮੌਜੂਦ ਨਾ ਹੋਣ ਕਾਰਨ ਬਚ ਗਏ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਦੇ ਮੁਤਾਬਕ ਅਫਗਾਨਿਸਤਾਨ ਵਿਚ ਹੀ ਜਨਮੇ ਹਰਿੰਦਰ ਨੇ ਹੁਣ ਪਰਿਵਾਰ ਦੇ ਬਚੇ ਮੈਂਬਰਾਂ ਦੇ ਨਾਲ ਦੇਸ਼ ਛੱਡਣ ਦਾ ਮਨ ਬਣਾ ਲਿਆ ਹੈ। ਤਾਂ ਜੋ ਉਹਨਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ। ਉਹਨਾਂ ਨੇ ਕਿਹਾ,”ਹੁਣ ਸਮਾਂ ਹੈ ਕਿ ਆਪਣੀ ਮਾਂ , ਬੱਚਿਆਂ ਅਤੇ ਭਰਾਵਾਂ ਦੇ ਨਾਲ ਦੇਸ਼ ਛੱਡ ਦੇਵਾਂ, ਇਸ ਤੋਂ ਪਹਿਲਾਂ ਦੀ ਉਹਨਾਂ ਦੀ ਵੀ ਹੱਤਿਆ ਹੋ ਜਾਵੇ।”

ਹਮਲੇ ਵਾਲੇ ਦਿਨ 4 ਅੱਤਵਾਦੀ ਗੁਰਦੁਆਰੇ ਵਿਚ ਦਾਖਲ ਹੋਏ ਸਨ ਅਤੇ ਲੋਕਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਹਮਲੇ ਦੇ ਤੁਰੰਤ ਬਾਅਦ ਅਫਗਾਨ ਫੋਰਸ ਅਤੇ ਵਿਦੇਸ਼ੀ ਫੋਰਸ ਨੇ ਮੋਰਚਾ ਸਾਂਭ ਲਿਆ ਸੀ ਅਤੇ 6 ਘੰਟੇ ਚੱਲੇ ਮੁਕਾਬਲੇ ਦੇ ਬਾਅਦ ਚਾਰੇ ਅੱਤਵਾਦੀਆਂ ਨੰ ਢੇਰ ਕਰ ਦਿੱਤਾ ਸੀ। ਹਮਲੇ ਦੀ ਜ਼ਿੰਮੇਵਾਰੀ ਭਾਵੇਂ ਹੀ ਇਸਲਾਮਿਕ ਸਟੇਟ ਨੇ ਲਈ ਪਰ ਭਾਰਤੀ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਹਮਲਾ ਆਈ.ਐੱਸ.ਆਈ. ਦੇ ਨਾਲ ਮਿਲ ਕੇ ਲਸ਼ਕਰ-ਏ-ਤੋਇਬਾ ਅਤੇ ਹੱਕਾਨੀ ਨੈਟਵਰਕ ਨੇ ਕੀਤਾ ਸੀ।

ਅੱਤਵਾਦੀਆਂ ਨੇ ਉਸ 3 ਸਾਲ ਦੀ ਮਾਸੂਮ ਤਾਨਯਾ ਨੂੰ ਵੀ ਨਹੀਂ ਬਖਸ਼ਿਆ ਜੋ ਆਪਣੇ ਜਨਮਦਿਨ ਦੀ ਬੇਤਾਬੀ ਨਾਲ ਉਡੀਕ ਕਰ ਰਹੀ ਸੀ। ਤਾਨਯਾ ਦਾ ਅਗਲੇ 10 ਦਿਨਾਂ ਵਿਚ ਜਨਮਦਿਨ ਸੀ। ਉਹ ਪ੍ਰੀ-ਪ੍ਰਾਇਮਰੀ ਸਕੂਲ ਵਿਚ ਪੜ੍ਹਦੀ ਸੀ। ਆਪਣੀ ਬੇਟੀ ਨੂੰ ਗਵਾ ਚੁੱਕੇ ਹਰਿੰਦਰ ਉਸ ਦਿਲ ਵਲੂੰਧਰ ਵਾਲੀ ਘਟਨਾ ਨੂੰ ਯਾਦ ਕਰਕੇ ਦੱਸਦੇ ਹਨ,”ਮੇਰੀ ਬੇਟੀ ਦੇ ਸਿਰ ਵਿਚ ਗੋਲੀ ਮਾਰੀ ਗਈ। ਉਹ ਚੀਕਦੀ ਰਹੀ ਕਿ ਡੈਡੀ ਮੈਨੂੰ ਬਚਾ ਲਓ, ਉਹ ਗੋਲੀਆਂ ਚਲਾਉਂਦੇ ਰਹੇ। ਇੱਥੋਂ ਤੱਕ ਕਿ ਲਾਸ਼ਾਂ ‘ਤੇ ਵੀ ਗੋਲੀਆਂ ਚਲਾਉਂਦੇ ਰਹੇ।” ਹਰਿੰਦਰ ਨੇ ਕਿਹਾ,”ਉਸ ਨੇ ਹਾਲੇ ਅਲਫਾਬੈਟ ਹੀ ਸਿੱਖਣਾ ਸ਼ੁਰੂ ਕੀਤਾ ਸੀ।’

ਰੋਜ਼ ਦੀ ਤਰ੍ਹਾਂ ਉਸ ਦਿਨ ਵੀ ਸਥਾਨਕ ਸਿੱਖ ਭਾਈਚਾਰਾ ਕਰੀਬ 6:30 ਵਜੇ ਗੁਰਦੁਆਰੇ ਵਿਚ ਜੁਟਿਆ ਸੀ। ਹਰਿੰਦਰ ਨੇ ਉਸ ਖੌਫਨਾਕ ਦ੍ਰਿਸ਼ ਨੂੰ ਯਾਦ ਕਰਦਿਆਂ ਕਿਹਾ,”ਮੈਂ ਸਟੇਜ ‘ਤੇ ਸੀ। ਉੱਥੇ ਕੋਈ 100 ਸ਼ਰਧਾਲੂ ਮੌਜੂਦ ਸਨ। ਇਸ ਦੌਰਾਨ ਇਕ ਸ਼ਰਧਾਲੂ ਚੀਕ ਕੇ ਬੋਲਿਆ- ਚੋਰ ਆ ਗਏ ਹਨ , ਡਾਕੂ ਆ ਗਏ ਹਨ। ਫਿਰ ਉੱਥੇ ਹਫੜਾ-ਦਫੜਾ ਮਚ ਗਈ।” ਹਰਿੰਦਰ ਨੇ ਦੱਸਿਆ ਕਿ 4 ਅੱਤਵਾਦੀ ਗੁਰਦੁਆਰੇ ਵਿਚ ਦਾਖਲ ਹੋਏ ਅਤੇ ਉਹਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਸਟੇਜ ‘ਤੇ ਸੀ ਅਤੇ ਮੇਰਾ ਭਤੀਜਾ ਮੈਨੂੰ ਹੇਠਾਂ ਲਿਆਇਆ। ਮੈਂ ਜਿਵੇਂ ਹੀ ਹੇਠਾਂ ਆਇਆ ਮੇਰੀ ਪਤਨੀ ਅਤੇ ਬੇਟੀ  ਦੀ ਲਾਸ਼ ਮੇਰੇ ‘ਤੇ ਡਿੱਗੀ। 

ਹਰਿੰਦਰ ਦੱਸਦੇ ਹਨ ਕਿ ਉਹ 4 ਘੰਟੇ ਤੱਕ ਗੁਰਦੁਆਰੇ ਦੇ ਅੰਦਰ ਗੋਲੀਆਂ ਚਲਾਉਂਦੇ ਰਹੇ। ਇੱਥੇ ਦੱਸ ਦਈਏ ਕਿ ਮੋਹਰਮ ਅਲੀ ਨਾਮ ਦਾ ਸਿਕਓਰਿਟੀ ਗਾਰਡ ਵੀ ਮਾਰਿਆ ਗਿਆ। ਅੱਤਵਾਦੀਆਂ ਨੇ ਸਭ ਤੋਂ ਪਹਿਲਾਂ ਉਸ ਨੂੰ ਹੀ ਮਾਰਿਆ ਸੀ। ਹਰਿੰਦਰ ਦੇ ਮੁਤਾਬਕ,”ਅਫਗਾਨਿਸਤਾਨ ਵਿਚ ਕਰੀਬ 800 ਸਿੱਖ ਪਰਿਵਾਰ ਹਨ ਜੋ ਮੁੱਖ ਤੌਰ ‘ਤੇ ਕਾਬੁਲ, ਜਲਾਲਾਬਾਦ ਅਤੇ ਗਜ਼ਨੀ ਵਿਚ ਰਹਿੰਦੇ ਹਨ।” ਉਹਨਾਂ ਨੇ ਕਿਹਾ ਕਿ ਸ਼ਾਇਦ ਹੀ ਕੋਈ ਸਿੱਖ ਪਰਿਵਾਰ ਹੋਵੇਗਾ ਜਿਸ ਨੇ ਅੱਤਵਾਦੀ ਹਮਲੇ ਵਿਚ ਆਪਣਾ ਰਿਸ਼ਤੇਦਾਰ ਨਾ ਗੁਆਇਆ ਹੋਵੇ।


Share