ਇਟਲੀ ‘ਚ ਤੇਜ਼ੀ ਨਾਲ ਵਧ ਰਿਹੈ ਕੋਰੋਨਾਵਾਇਰਸ; ਰੋਜ਼ਾਨਾਂ ਵਧ ਰਿਹੈ ਮੌਤਾਂ ਦਾ ਅੰਕੜਾ

772
Share

ਰੋਮ, 18 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਦਾ ਕਹਿਰ ਜਿੱਥੇ ਬਾਕੀ ਮੁਲਕਾਂ ‘ਚ ਘੱਟਦਾ ਜਾ ਰਿਹਾ ਹੈ, ਉਥੇ ਹੀ ਇਟਲੀ ‘ਚ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਰੋਜ਼ਾਨਾ 300 ਦਾ ਅੰਕੜਾ ਪਾਰ ਹੁੰਦਾ ਜਾ ਰਿਹਾ ਹੈ, ਜਦੋਂਕਿ ਚੀਨ ਵਿਚ ਮੌਤਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਇਟਲੀ ‘ਚ ਹੁਣ ਤੱਕ 2503 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਪੂਰੀ ਦੁਨੀਆਂ ਵਿਚ ਹੁਣ ਤੱਕ ਮੌਤਾਂ ਦਾ ਅੰਕੜਾ ਵੱਧ ਕੇ 7927 ਹੋ ਚੁੱਕਾ ਹੈ, ਜਦੋਂਕਿ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 196,724 ਹੋ ਚੁੱਕੀ ਹੈ। ਇਸ ਦੇ ਨਾਲ ਹੀ ਵਾਇਰਸ ਨੂੰ ਮਾਤ ਦੇ ਕੇ ਠੀਕ ਹੋਣ ਵਾਲਿਆਂ ਦੀ ਗਿਣਤੀ 81,683 ਹੋ ਗਈ ਹੈ। ਇਟਲੀ ‘ਚ ਕੁੱਲ 31,506 ਮਾਮਲੇ ਸਾਹਮਣੇ ਆ ਚੁੱਕੇ ਹਨ।
ਇਟਲੀ ਤੋਂ ਬਾਅਦ ਮੌਤਾਂ ਦੀ ਗਿਣਤੀ ਵਿਚ ਦੂਜੇ ਨੰਬਰ ‘ਤੇ ਸਪੇਨ ਆਉਂਦਾ ਹੈ, ਜਿੱਥੇ ਮੰਗਲਵਾਰ ਨੂੰ ਵਾਇਰਸ ਕਾਰਨ 168 ਲੋਕਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 510 ਹੋ ਗਈ ਹੈ। ਦੱਸਣਯੋਗ ਹੈ ਕਿ ਇਟਲੀ ‘ਚ ਵਾਇਰਸ ਤੋਂ ਡਰੇ ਲੋਕ ਹੱਥ ਮਿਲਾਉਣ ਤੋਂ ਬਿਲਕੁਲ ਗੁਰੇਜ ਕਰ ਰਹੇ ਹਨ। ਜੇਕਰ ਹੱਥ ਮਿਲਾਉਣਾ ਵੀ ਪੈਂਦਾ ਹੈ, ਤਾਂ ਉਹ ਆਪਣੇ ਨੌਜਵਾਨ ਵਿਦੇਸ਼ ਮੰਤਰੀ ਲੁਈਜੀ ਦਾ ਮਾਈਉ ਦੇ ਉਕਤ ਨਵੇਂ ਤਰੀਕੇ ਨੂੰ ਅਪਣਾ ਰਹੇ ਹਨ, ਜਿਸ ਤਰ੍ਹਾਂ ਉਨ੍ਹਾਂ ਇਕ ਮੀਟਿੰਗ ਤੋਂ ਬਾਅਦ ਬਾਹਰ ਆਉਂਦੇ ਆਪਣੇ ਇਕ ਸ਼ੁੱਭਚਿੰਤਕ ਨੂੰ ਬੁਲਾਇਆ ਸੀ।
ਦੱਸਣਯੋਗ ਹੈ ਕਿ ਜਦੋ ਉਸ ਵਿਅਕਤੀ ਨੇ ਵਿਦੇਸ਼ ਮੰਤਰੀ ਨੂੰ ਬੁਲਾਉਣ ਲਈ ਹੱਥ ਅੱਗੇ ਵਧਾਇਆ, ਤਾਂ ਉਨ੍ਹਾਂ ਬੜੀ ਚਲਾਕੀ ਨਾਲ ਉਸ ਵਿਅਕਤੀ ਨਾਲ ਆਪਣੀ ਕੂਹਣੀ ਨੂੰ ਜੋੜਕੇ ਮਿਲਣ ਦਾ ਨਵਾਂ ਤਰੀਕਾ ਅਪਣਾ ਲਿਆ। ਵਿਦੇਸ਼ ਮੰਤਰੀ ਦੀ ਇਸ ਗੱਲ ਤੋਂ ਨੌਜਵਾਨ ਵਰਗ ਕਾਫੀ ਪ੍ਰਭਾਵਿਤ ਹੋਏ ਤੇ ਉਹ ਇਸ ਨਵੇਂ ਤਰੀਕੇ ਨੂੰ ਆਪਣੇ ਦੋਸਤਾਂ ਨੂੰ ਮਿਲਣ ਮੌਕੇ ਵਰਤ ਰਹੇ ਹਨ, ਜਿਸ ਦੇ ਸੋਸ਼ਲ ਮੀਡੀਆ ‘ਤੇ ਖੂਬ ਚਰਚੇ ਹੋ ਰਹੇ ਹਨ।


Share