ਆਜ਼ਾਦੀ ਲਹਿਰ ਅਤੇ ਮਜ਼ਦੂਰ ਲਹਿਰ ਨੇ ਇੱਕ-ਦੂਜੇ ਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ : ਅਮਰਜੀਤ ਕੌਰ ਏਟਕ

794
Share

ਕਾਲਮਨਵੀਸ ਪੱਤਰਕਾਰ ਮੰਚ ਵਲੋਂ ਟਰੇਡ ਯੂਨੀਅਨ ਨੂੰ ਚੁਣੌਤੀਆਂ ਵਿਸ਼ੇ ‘ਤੇ ਕਰਵਾਇਆ ਗਿਆ ਵੈੱਬਨਾਰ
ਲੰਡਨ, 22 ਜੁਲਾਈ (ਪੰਜਾਬ ਮੇਲ)-ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੀ ਕੌਮੀ ਸਕੱਤਰ ਅਮਰਜੀਤ ਕੌਰ ਨੇ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋ ਕਰਵਾਏ ਗਏ ਕਰੋਨਾ ਕਾਲ ‘ਚ ‘ਟਰੇਡ ਯੂਨੀਅਨ ਲਹਿਰ ਨੂੰ ਚੁਣੌਤੀਆਂ’ ਵਿਸ਼ੇ ‘ਤੇ ਕਰਵਾਏ ਵੈੱਬਨਾਰ ਨੂੰ ਸੰਬੋਧਨ ਕਰਦਿਆਂ, ਮਜ਼ਦੂਰ ਲਹਿਰ ਦੇ ਇਤਿਹਾਸ ਦਾ ਲੇਖਾ-ਜੋਖਾ ਕੀਤਾ ਅਤੇ ਕਿਹਾ ਕਿ ਮਜ਼ਦੂਰ ਲਹਿਰ ਤੇ ਆਜ਼ਾਦੀ ਲਹਿਰ ਨੇ ਇੱਕ-ਦੂਜੇ ਨੂੰ ਪ੍ਰਭਾਵਿਤ ਕੀਤਾ। ਜਿਨ੍ਹਾਂ ਮੁੱਲਾਂ ਨੂੰ ਲੈ ਕੇ ਆਜ਼ਾਦੀ ਦੀ ਲੜਾਈ ਲੜੀ ਗਈ, ਭਾਜਪਾ ਸ਼ਾਸਨ ‘ਚ ਉਨ੍ਹਾਂ ਨੂੰ ਖੋਰਿਆ ਜਾ ਰਿਹਾ ਹੈ।
ਕਰੋਨਾ ਦੀ ਆੜ ‘ਚ ਇਹ ਹੋਰ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਕਰੋਨਾ ਮਹਾਂਮਾਰੀ ਨੂੰ ਨਜਿੱਠਣ ਲਈ ਬਿਨਾਂ ਠੋਸ ਵਿਉਂਤਬੰਦੀ ਦੇ ਲਾਗੂ ਕੀਤੀ ਤਾਲਾਬੰਦੀ ਨੇ ਮੁਲਕ ਦੀ ਆਰਥਿਕਤਾ ਤੇ ਰੁਜ਼ਗਾਰ ਨੂੰ ਵੱਡੀ ਢਾਹ ਲੱਗੀ ਹੈ। ਨੋਟਬੰਦੀ ਤੋਂ ਬਾਅਦ ਪਹਿਲੀ ਵਾਰ ਹੈ ਕਿ ਕਰੋੜਾਂ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਿਆ ਗਿਆ ਹੈ।
ਕਿਰਤ ਕਾਨੂੰਨਾਂ ‘ਚ ਮਜ਼ਦੂਰ ਵਿਰੋਧੀ ਤੇ ਕਾਰਪੋਰੇਟ ਪੱਖੀ ਤਰਮੀਮਾਂ ਕਰਕੇ ਕਿਰਤ ਤੇ ਕਿਰਤੀ ਦੀ ਹੋਂਦ ਨੂੰ ਵੱਡੀ ਸੰਨ੍ਹ ਲਾਈ ਹੈ। ਇਸ ਨੂੰ ਬਚਾਉਣ ਲਈ ਵੱਡੇ ਪੱਧਰ ਉੱਤੇ ਅੰਦੋਲਨ ਵਿੱਢਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਪੈਟਰੋਲੀਅਮ, ਏਅਰ ਇੰਡੀਆ, ਰੇਲਵੇ ਸਮੇਤ ਵੱਖ-ਵੱਖ ਪਬਲਿਕ ਅਦਾਰਿਆਂ ਦਾ ਨਿੱਜੀਕਰਨ ਅਤੇ ਰੱਖਿਆ ਖੇਤਰ ਸਮੇਤ ਅਤੀ ਸੰਵੇਦਨਸ਼ੀਲ ਵਿਭਾਗਾਂ ‘ਚ ਸੌ ਫੀਸਦੀ ਵਿਦੇਸ਼ੀ ਨਿਵੇਸ਼ ਦਾ ਰਾਹ ਖੋਲ੍ਹ ਕੇ ਮੁਲਕ ਦੀ ਪ੍ਰਭੂਸੱਤਾ ਤੇ ਸਵੈ ਨਿਰਭਰਤਾ ਨੂੰ ਕੇਂਦਰ ਸਰਕਾਰ ਵਲੋਂ ਗੰਭੀਰ ਖਤਰੇ ‘ਚ ਪਾਉਣ ਖ਼ਿਲਾਫ ਅਤੇ ਪਬਲਿਕ ਸੈਕਟਰ ਨੂੰ ਬਚਾਉਣ ਲਈ ਏਟਕ ਸਮੇਤ ਮੁਲਕ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਵਲੋਂ ਸੰਘਰਸ਼ ਆਰੰਭਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਟਰਨੈਸ਼ਨਲ ਮੀਡੀਆ ਕੋਆਰਡੀਨੇਟਰ ਨਰਪਾਲ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਸ ਵੈੱਬਨਾਰ ‘ਚ ਗੁਰਮੀਤ ਸਿੰਘ ਪਲਾਹੀ, ਸੁਰਿੰਦਰ ਮਚਾਕੀ, ਵਰਿੰਦਰ ਸ਼ਰਮਾ ਐੱਮ.ਪੀ. ਬਰਤਾਨੀਆ, ਕੇਅਰ ਸ਼ਰੀਫ ਜਰਮਨੀ, ਐੱਸ. ਬਲਵੰਤ ਯੂ.ਕੇ., ਡਾ. ਹਰਜਿੰਦਰ ਵਾਲੀਆ ਪਟਿਆਲਾ, ਬੇਅੰਤ ਕੌਰ ਗਿੱਲ, ਗਿਆਨ ਸਿੰਘ ਮੋਗਾ, ਡਾ. ਗਿਆਨ ਸਿੰਘ ਪਟਿਆਲਾ, ਡਾ. ਸ਼ਿਆਮ ਸੁੰਦਰ ਦੀਪਤੀ, ਜੀ.ਐੱਸ. ਗੁਰਦਿੱਤ, ਗੁਰਚਰਨ ਨੂਰਪੁਰ, ਦਰਸ਼ਨ ਸਿੰਘ ਰਿਆੜ, ਰਵਿੰਦਰ ਚੋਟ, ਬਿਕਰਮਜੀਤ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ, ਡਾ. ਮਨਜੀਤ ਸਿੰਘ ਬੱਲ, ਅਡਵੋਕੇਟ ਐੱਸ.ਐੱਲ. ਵਿਰਦੀ, ਬੰਸੋ ਦੇਵੀ, ਪਰਵਿੰਦਰਜੀਤ ਸਿੰਘ, ਪ੍ਰੇਮ ਚਾਵਲਾ, ਰਣਜੀਤ ਸਿੰਘ ਰਣਵਾ, ਸੁਖਦੇਵ ਸਿੰਘ, ਗੁਰਦੀਪ ਸਿੰਘ ਸ਼ਾਮਲ ਹੋਏ। ਮੰਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਵੈੱਬਨਾਰ ਦਾ ਸੰਚਾਲਨ ਕੀਤਾ ਅਤੇ ਪਰਵਿੰਦਰਜੀਤ ਸਿੰਘ ਨੇ ਤਕਨੀਕੀ ਸਹਾਇਤਾ ਕੀਤੀ। ਐੱਮ.ਪੀ. ਬਰਤਾਨੀਆ ਦੇ ਵਰਿੰਦਰ ਸ਼ਰਮਾ ਨੇ ਵੈੱਬਨਾਰ ‘ਚ ਸ਼ਾਮਲ ਸਭਨਾਂ ਦਾ ਧੰਨਵਾਦ ਕੀਤਾ। ਇਸ ਵੈੱਬਨਾਰ ‘ਚ ਖਾਸ ਤੌਰ ‘ਤੇ ਡਾ. ਹਰਜਿੰਦਰ ਸਿੰਘ ਵਾਲੀਆ, ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਵਰਿੰਦਰ ਸ਼ਰਮਾ ਐੱਮ.ਪੀ. ਯੂ.ਕੇ. ਨੇ ਹਿੱਸਾ ਲਿਆ।


Share