‘ਆਪ’ ਵਿਧਾਇਕ ਹਰਪਾਲ ਚੀਮਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ

778
Share

ਮੋਗਾ, 16 ਜੁਲਾਈ (ਪੰਜਾਬ ਮੇਲ)- ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਸਥਾਨਕ ਅਦਾਲਤ ‘ਚ ਵਿਰੋਧੀ ਧਿਰ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ। ਵਿਧਾਇਕ ਡਾ. ਹਰਜੋਤ ਕਮਲ ਸਿੰਘ ਦੇ ਵਕੀਲ ਐਡਵੋਕੇਟ ਹਰਦੀਪ ਸਿੰਘ ਲੋਧੀ ਨੇ ਦੱਸਿਆ ਕਿ ਅਦਾਲਤ ‘ਚ 499/500 ਆਈ.ਪੀ.ਸੀ. ਅਤੇ 66ਏ ਆਈ.ਟੀ. ਐਕਟ ਤਹਿਤ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੂੰ ਪਹਿਲਾਂ 15 ਜੂਨ ਨੂੰ ਕਾਨੂੰਨੀ ਨੋਟਿਸ ਦਿੱਤਾ ਗਿਆ ਸੀ। ਨੋਟਿਸ ‘ਚ ਉਨ੍ਹਾਂ 10 ਜੂਨ ਨੂੰ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕ ਹਰਜੋਤ ਕਮਲ ਸਿੰਘ ‘ਤੇ ਲਾਏ ਦੋਸ਼ਾਂ ਦਾ ਖੰਡਨ ਕਰਨ ਲਈ ਕਿਹਾ ਸੀ ਪਰ ਵਿਧਾਇਕ ਚੀਮਾ ਨੇ ਨਾ ਤਾਂ ਦੋਸ਼ਾਂ ਦਾ ਖੰਡਨ ਕੀਤਾ ਤੇ ਨਾ ਹੀ ਨੋਟਿਸ ਦਾ ਜਵਾਬ ਦਿੱਤਾ।
ਇਸ ਮੌਕੇ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਕਿਹਾ ਕਿ ਐੱਨ.ਐੱਚ-105 ਬੀ, ਬਾਈਪਾਸ ਲਈ ਐਕੁਆਇਰ ਜ਼ਮੀਨ ਨਾ ਤਾਂ ਉਨ੍ਹਾਂ ਖਰੀਦੀ ਹੈ ਤੇ ਨਾ ਹੀ ਕੋਈ ਮੁਆਵਜ਼ਾ ਲਿਆ ਹੈ। ਪ੍ਰਾਜੈਕਟ ਦੀ ਪ੍ਰਕਿਰਿਆ ਚੱਲ ਰਹੀ ਸੀ। ਉਨ੍ਹਾਂ ਗ਼ਲਤ ਭਾਵਨਾ ਅਤੇ ਅਪਮਾਨ ਕਰਨ ਦੇ ਇਰਾਦੇ ਨਾਲ ਉਨ੍ਹਾਂ ‘ਤੇ ਦੋਸ਼ ਲਾਏ ਹਨ, ਜਿਸ ਕਰਕੇ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਝੂਠੇ ਦੋਸ਼ਾਂ ਨਾਲ ਉਨ੍ਹਾਂ ਦੇ ਵੱਕਾਰ ਨੂੰ ਭਾਰੀ ਸੱਟ ਵੱਜੀ ਹੈ।
ਇਸ ਮਾਮਲੇ ‘ਚ ਸਿਆਸਤਦਾਨਾਂ ਦਾ ਕਥਿਤ ਤੌਰ ‘ਤੇ ਨਾਂ ਆਉਣ ਮਗਰੋਂ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨੈਸ਼ਨਲ ਹਾਈਵੇ ਅਥਾਰਟੀ ਨੇ ਨਕਸ਼ਾ ਤਬਦੀਲੀ ਦੇ ਸੰਕੇਤ ਦਿੰਦੇ ਹੋਏ 2 ਜੁਲਾਈ ਨੂੰ ਡਿਪਟੀ ਕਮਿਸ਼ਨਰ ਨੂੰ ਪੱਤਰ ਰਾਹੀਂ ਪ੍ਰਾਜੈਕਟ ਦੀ ਕਾਰਵਾਈ ਰੋਕਦੇ ਹੋਏ ਐਕੁਆਇਰ ਜ਼ਮੀਨ ਦਾ ਮੁਆਵਜ਼ਾ ਦੇਣ ‘ਤੇ ਰੋਕ ਲਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ‘ਆਪ’ ਵਿਧਾਇਕ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ 10 ਜੂਨ ਨੂੰ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਦੌਰਾਨ ਇੱਕ ਕੈਬਨਿਟ ਮੰਤਰੀ ਤੇ ਵਿਧਾਇਕ ਡਾ. ਹਰਜੋਤ ਕਮਲ ਸਿੰਘ ਦਾ ਨਾਂ ਲੈ ਕੇ ਉਨ੍ਹਾਂ ਘਪਲੇ ਦੇ ਦੋਸ਼ ਲਗਾਏ ਸਨ। ਸੂਬੇ ਦੀ ਕਾਂਗਰਸ ਸਰਕਾਰ ਨੇ ਇਸ ਬਹੁ-ਕਰੋੜੀ ਬਾਈਪਾਸ ਹਾਈਵੇ ਲੈਂਡ ਸਕੈਮ ਉਜਾਗਰ ਹੋਣ ‘ਤੇ ਘਪਲੇ ਦਾ ਸਿਆਸੀ ਦਾਗ ਧੋਣ ਲਈ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂ ਦਾ ਰਣਜੀਤ ਸਾਗਰ ਡੈਮ ਅਤੇ ਨਾਇਬ ਤਹਿਸੀਲਦਾਰ ਦਾ ਢੋਲ ਬਾਹਾ ਡੈੱਮ ‘ਚ ਤਬਾਦਲਾ ਕਰ ਦਿੱਤਾ ਸੀ।


Share